ਦਾਜ ਦੀ ਮੰਗ ਪੂਰੀ ਨਾ ਕਰਨ ''ਤੇ ਕਾਂਗਰਸੀ ਵਰਕਰ ਨੇ ਕਰਵਾਇਆ ਦੂਜਾ ਵਿਆਹ
Monday, Dec 10, 2018 - 05:21 PM (IST)

ਵਲਟੋਹਾ (ਗੁਰਮੀਤ ਸਿੰਘ) : ਵਿਧਾਨ ਸਭਾ ਹਲਕਾ ਖੇਮਕਰਨ ਵਿਖੇ ਕਾਂਗਰਸੀ ਵਰਕਰ ਵਲੋਂ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਦੂਸਰਾ ਵਿਆਹ ਰਚਾ ਕੇ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਪਰ ਮੁਲਜ਼ਮ ਅਜੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਪਿੰਡ ਸਭਰਾਂ ਨਿਵਾਸੀ ਅਮਰੀਕ ਸਿੰਘ ਦੀ ਪੁੱਤਰੀ ਕੰਵਲਜੀਤ ਕੌਰ ਦਾ ਵਿਆਹ ਪਿੰਡ ਬਹਾਦਰ ਨਗਰ ਨਿਵਾਸੀ ਗੁਰਸੇਵਕ ਸਿੰਘ ਨਾਲ ਹੋਇਆ ਸੀ। ਵਿਆਹ ਸਮੇਂ ਪੇਕੇ ਪਰਿਵਾਰ ਵਲੋਂ ਆਪਣੀ ਹੈਸੀਅਤ ਮੁਤਾਬਕ ਦਾਜ ਦਿੱਤਾ ਗਿਆ ਪਰ ਸਹੁਰਾ ਪਰਿਵਾਰ ਖੁਸ਼ ਨਹੀਂ ਹੋਇਆ ਤੇ ਉਨ੍ਹਾਂ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਿਸ 'ਤੇ ਲੜਕੀ ਪਰਿਵਾਰ ਵਲੋਂ ਉਕਤ ਗੁਰਸੇਵਕ ਸਿੰਘ ਦੇ ਖਿਲਾਫ ਥਾਣਾ ਸਦਰ ਪੱਟੀ ਵਿਚ ਦਾਜ ਦਾ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ ਪਰ ਪੁਲਸ ਨੇ ਗ੍ਰਿਫਤਾਰ ਨਹੀਂ ਕੀਤਾ । ਜਿਸ ਦਾ ਕਾਰਨ ਇਹ ਕਿ ਗੁਰਸੇਵਕ ਸਿੰਘ ਹਲਕਾ ਖੇਮਕਰਨ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਨਾਲ ਕਾਂਗਰਸ ਪਾਰਟੀ ਲਈ ਵਰਕਰੀ ਕਰਦਾ ਹੈ ਅਤੇ ਜਦੋਂ ਪੁਲਸ ਗ੍ਰਿਫਤਾਰ ਕਰਨ ਦੀ ਕਾਰਵਾਈ ਕਰਨੀ ਸ਼ੁਰੂ ਕਰਦੀ ਤਾਂ ਉਕਤ ਮੁਲਜ਼ਮ ਕਿਸੇ ਨਾ ਕਿਸੇ ਕਾਂਗਰਸੀ ਆਗੂ ਦੀ ਸਿਫਾਰਸ਼ ਨਾਲ ਮਾਮਲਾ ਟਾਲ ਜਾਂਦਾ। ਇਸੇ ਸ਼ਹਿ ਦੇ ਚੱਲਦਿਆਂ ਗੁਰਸੇਵਕ ਸਿੰਘ ਨੇ ਪਰਚਾ ਦਰਜ ਹੋਣ ਦੇ ਬਾਵਜੂਦ ਅਤੇ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਨਿਵਾਸੀ ਹਰਪ੍ਰੀਤ ਕੌਰ ਨਾਮਕ ਔਰਤ ਨਾਲ ਦੂਸਰਾ ਵਿਆਹ ਕਰਵਾ ਲਿਆ।
ਪੀੜਤ ਲੜਕੀ ਕੰਵਲਜੀਤ ਕੌਰ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਹਨ ਜਨ੍ਹਾਂ ਦਾ ਭਵਿੱਖ ਹੁਣ ਦਾਅ 'ਤੇ ਲੱਗ ਗਿਆ ਹੈ। ਪੀੜਤ ਪਰਿਵਾਰ ਨੇ ਪੁਲਸ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ। ਇਸ ਸਬੰਧੀ ਐੱਸ.ਪੀ. (ਆਈ) ਤਿਲਕ ਰਾਜ ਦਾ ਕਹਿਣਾ ਹੈ ਕਿ ਪੁਲਸ ਵਲੋਂ ਉਕਤ ਮੁਲਜ਼ਮ ਖਿਲਾਫ ਦਾਜ ਦੀ ਮੰਗ ਕਰਨ ਅਤੇ ਦੂਸਰਾ ਵਿਆਹ ਕਰਵਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਨੇ ਮਾਮਲੇ 'ਚ ਸਿਆਸੀ ਦਬਾਅ ਹੋਣ ਦੀ ਗੱਲ ਟਾਲਦਿਆਂ ਕਿਹਾ ਕਿ ਉਕਤ ਮੁਲਜ਼ਮ ਨੂੰ ਪੀ.ਓ. ਕਰਾਰ ਦਿੱਤਾ ਜਾ ਰਿਹਾ ਹੈ, ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।