ਵੈਲੇਨਟਾਈਨ ਡੇਅ 'ਤੇ IAS ਅਧਿਕਾਰੀ ਨੇ IPS ਨਾਲ ਦਫ਼ਤਰ 'ਚ ਕਰਵਾਇਆ ਵਿਆਹ
Saturday, Feb 15, 2020 - 06:04 PM (IST)
ਹਾਵੜਾ— ਪੱਛਮੀ ਬੰਗਾਲ ਦੇ ਹਾਵੜਾ ਜ਼ਿਲੇ 'ਚ ਇਕ ਆਈ.ਏ.ਐੱਸ. ਅਧਿਕਾਰੀ ਨੇ ਵੈਲੇਨਟਾਈਨ ਡੇਅ ਮੌਕੇ ਆਪਣੀ ਆਈ.ਪੀ.ਐੱਸ. ਪ੍ਰੇਮਿਕਾ ਨਾਲ ਵਿਆਹ ਕਰਵਾਇਆ। ਆਈ.ਏ.ਐੱਸ. ਤੂਸ਼ਾਰ ਸਿੰਗਲਾ 2015 ਬੈਚ ਦੇ ਬੰਗਾਲ ਕੈਡਰ ਦੇ ਅਧਿਕਾਰੀ ਹਨ ਅਤੇ ਹਾਵੜਾ 'ਚ ਐੱਸ.ਡੀ.ਐੱਮ. ਹਨ। ਉਨ੍ਹਾਂ ਨੇ ਬਿਹਾਰ ਕੈਡਰ ਦੀ ਆਈ.ਪੀ.ਐੱਸ. ਅਧਿਕਾਰੀ ਨਵਜੋਤ ਸਿੰਮੀ ਨਾਲ ਆਪਣੇ ਦਫ਼ਤਰ 'ਚ ਵਿਆਹ ਕਰਵਾਇਆ। ਇਕ ਪਾਸੇ ਨਵੇਂ ਜੋੜੇ ਨੂੰ ਵਧਾਈ ਮਿਲ ਰਹੀ ਹੈ ਤਾਂ ਦੂਜੇ ਪਾਸੇ ਆਪਣੇ ਦਫ਼ਤਰ 'ਚ ਹੀ ਵਿਆਹ ਕਰਨ ਕਾਰਨ ਤੂਸ਼ਾਰ 'ਤੇ ਸਵਾਲ ਵੀ ਉੱਠ ਰਹੇ ਹਨ। ਦਰਅਸਲ ਸ਼ੁੱਕਰਵਾਰ ਨੂੰ ਤੂਸ਼ਾਰ ਨੇ ਆਪਣੇ ਦਫ਼ਤਰ 'ਚ ਹੀ ਵਿਆਹ ਨੂੰ ਲੈ ਕੇ ਰਜਿਸਟਰੇਸ਼ਨ ਸੰਬੰਧੀ ਰਸਮਾਂ ਨੂੰ ਪੂਰਾ ਕੀਤਾ। ਰਜਿਸਟਰੇਸ਼ਨ ਤੋਂ ਬਾਅਦ ਇਹ ਜੋੜਾ ਪੂਜਾ-ਪਾਠ ਲਈ ਮੰਦਰ ਵੀ ਗਿਆ।
ਇਸ ਮਾਮਲੇ 'ਚ ਰਾਜ ਮੰਤਰੀ ਅਤੇ ਹਾਵੜਾ ਜ਼ਿਲੇ ਦੇ ਪ੍ਰਧਾਨ ਅਰੁਣ ਰਾਏ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ,''ਇਸ 'ਚ ਕੁਝ ਵੀ ਗਲਤ ਨਹੀਂ ਹੈ। ਮੈਰਿਜ਼ ਰਜਿਸਟਰੀ ਕਾਨੂੰਨੀ ਪ੍ਰਕਿਰਿਆ ਹੈ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਸਰਕਾਰੀ ਦਫ਼ਤਰ 'ਚ 2 ਲੋਕਾਂ ਦੇ ਵਿਆਹ ਨਾਲ ਕੋਈ ਸਮੱਸਿਆ ਹੈ।'' ਨਵਜੋਤ ਸਿੰਮੀ 2018 ਬੈਚ ਦੀ ਆਈ.ਪੀ.ਐੱਸ. ਅਧਿਕਾਰੀ ਹੈ। ਦੋਵੇਂ ਹੀ ਪੰਜਾਬ ਦੇ ਰਹਿਣ ਵਾਲੇ ਹਨ। ਵਿਆਹ ਦੌਰਾਨ ਤੂਸ਼ਾਰ ਸਿੰਗਲਾ ਸੂਟ-ਬੂਟ 'ਚ ਨਜ਼ਰ ਆਏ ਤਾਂ ਉੱਥੇ ਹੀ ਨਵਜੋਤ ਸਿੰਮੀ ਲਾਲ ਸਾੜੀ 'ਚ ਤਿਆਰ ਹੋਈ ਸੀ। ਵਿਆਹ ਤੋਂ ਬਾਅਦ ਦੋਹਾਂ ਨੇ ਵੈਡਿੰਗ ਸ਼ੂਟ ਵੀ ਕਰਵਾਇਆ।