ਨਿਕੰਮੇ ਪ੍ਰਬੰਧਾਂ ਨੇ ''ਆਪ੍ਰੇਸ਼ਨ ਫ਼ਤਿਹ'' ਨੂੰ ''ਆਪ੍ਰੇਸ਼ਨ ਫੇਲ'' ''ਚ ਬਦਲਿਆ : ਭਗਵੰਤ ਮਾਨ
Friday, May 01, 2020 - 02:41 PM (IST)
ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੋਰੋਨਾ ਵਿਰੁੱਧ ਜੰਗ ਦੌਰਾਨ ਸਰਕਾਰੀ ਕਾਰਜਸ਼ੈਲੀ 'ਤੇ ਗੰਭੀਰ ਸਵਾਲ ਉਠਾਉਂਦਿਆਂ ਕਿਹਾ ਕਿ ਨਿਕੰਮੇ ਪ੍ਰਬੰਧਾਂ ਅਤੇ ਨਖਿੱਧ ਲੀਡਰਸ਼ਿਪ ਕਾਰਨ ਕੋਰੋਨਾ ਵਿਰੁੱਧ 'ਆਪ੍ਰੇਸ਼ਨ ਫ਼ਤਿਹ' ਅਸਲੀਅਤ 'ਚ 'ਆਪ੍ਰੇਸ਼ਨ ਫੇਲ' ਬਣ ਗਿਆ ਹੈ । ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਮਾਨ ਨੇ ਕਿਹਾ ਕਿ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਕਾਂਗਰਸ ਲੀਡਰਸ਼ਿਪ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਕੋਰੋਨਾ ਵਿਰੁੱਧ ਲੜਨ ਦੇ ਦਾਅਵੇ ਕਰ ਰਹੇ ਹਨ, ਉਹ ਜ਼ਮੀਨੀ ਹਕੀਕਤ ਸਾਹਮਣੇ ਲਗਾਤਾਰ ਫੇਲ ਅਤੇ ਫਲਾਪ ਹੋ ਰਹੇ ਹਨ। ਨਤੀਜੇ ਵਜੋਂ ਸਵਾ ਮਹੀਨੇ ਦੇ ਕਰਫ਼ਿਊ ਦੇ ਬਾਵਜੂਦ ਪੰਜਾਬ ਅੰਦਰ ਕੋਰੋਨਾ ਵਾਇਰਸ ਲਗਾਤਾਰ ਫੈਲਦਾ ਹੀ ਜਾ ਰਿਹਾ ਹੈ।
ਇਹ ਵੀ ਪੜ੍ਹੋ ► ਪੈਟਰੋਲ ਪੰਪ ਆਪ੍ਰੇਟਰਾਂ ਲਈ ਕੋਵਿਡ-19 ਦੀ ਰੋਕਥਾਮ ਸਬੰਧੀ ਐਡਵਾਇਜ਼ਰੀ ਜਾਰੀ
ਮਾਨ ਨੇ ਕਿਹਾ ਕਿ ਤਰਨਤਾਰਨ 'ਚ ਖਟਾਰਾ ਐਂਬੂਲੈਂਸ ਅਤੇ ਪੰਜਾਬ ਭਰ ਦੇ ਹਸਪਤਾਲਾਂ ਅਤੇ ਨਿਹੱਥੇ ਲੜਾਈ ਲੜ ਰਹੇ ਡਾਕਟਰਾਂ ਨੇ ਸਰਕਾਰ ਦੀ ਪੂਰੀ ਤਰ੍ਹਾਂ ਪੋਲ ਖੋਲ੍ਹ ਦਿੱਤੀ ਹੈ। ਸਿਹਤ ਮੰਤਰੀ ਸਿੱਧੂ ਘਰੇ ਹੀ ਦੁਬਕ ਕੇ ਬੈਠ ਗਏ ਹਨ। ਕੇਂਦਰ ਦੀ ਮੋਦੀ ਸਰਕਾਰ ਵੀ 'ਪ੍ਰਵਚਨ' ਦੇਣ ਤੋਂ ਅੱਗੇ ਕੁੱਝ ਵੀ ਨਹੀਂ ਕਰ ਰਹੀ । ਉਸ ਨੇ ਵੀ ਇਸ ਔਖੀ ਘੜੀ 'ਚ ਪੰਜਾਬ ਵਰਗੇ ਸੂਬੇ ਦੀ ਵੀ ਅਣਦੇਖੀ ਕਰ ਦਿੱਤੀ ਹੈ, ਜਿਸ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਪੂਰੇ ਦੇਸ਼ ਦਾ ਪੇਟ ਭਰਨ ਲਈ ਸਭ ਤੋਂ ਵੱਧ ਯੋਗਦਾਨ ਦਿੱਤਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਕ ਸਾਂਝੇ ਮਤੇ ਰਾਹੀਂ ਕੇਂਦਰ ਸਰਕਾਰ 'ਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਉਹ ਪੰਜਾਬ ਲਈ ਵਿਸ਼ੇਸ਼ ਵਿੱਤੀ ਪੈਕੇਜ ਅਤੇ ਸੂਬੇ ਦੀ ਇੰਡਸਟਰੀ ਨੂੰ ਪਹਾੜੀ ਸੂਬਿਆਂ ਦੀ ਤਰਜ 'ਤੇ ਟੈਕਸ ਛੋਟਾਂ ਦੇਵੇ ਤਾਂ ਕਿ ਕੋਰੋਨਾ ਵਾਇਰਸ ਕਾਰਨ ਡੂੰਘੇ ਸੰਕਟ 'ਚ ਘਿਰੇ ਸੂਬੇ ਦੇ ਉਦਯੋਗਾਂ ਅਤੇ ਆਰਥਿਕਤਾ ਨੂੰ ਲੋੜੀਂਦਾ ਹੁਲਾਰਾ ਮਿਲ ਸਕੇ । ਮਾਨ ਨੇ ਪੰਜਾਬ 'ਚ ਸਾਬਕਾ ਵਿਧਾਇਕਾਂ ਅਤੇ ਸਾਬਕਾ ਸੰਸਦ ਮੈਂਬਰਾਂ ਨੂੰ ਇਕ ਤੋਂ ਵੱਧ ਮਿਲਦੀਆਂ ਪੈਨਸ਼ਨਾਂ ਤੁਰੰਤ ਬੰਦ ਕਰਨ ਦੀ ਮੰਗ ਵੀ ਕੀਤੀ।
ਮਾਨ ਨੇ ਕਿਹਾ ਕਿ ਕੇਂਦਰ ਪੰਜਾਬ ਦੀ ਜੀ. ਐੱਸ.ਟੀ. ਰਿਫੰਡ ਵੀ ਨਹੀਂ ਦੇ ਰਿਹਾ, ਜਦਕਿ ਹਰਸਿਮਰਤ ਬਾਦਲ ਵਲੋਂ ਕਰੋੜਾਂ ਦੀ ਰਾਸ਼ੀ ਟੀ.ਵੀ. ਡਿਬੇਟਾਂ ਤੋਂ ਬਿਨਾਂ ਹੋਰ ਕਿਤੇ ਨਜ਼ਰ ਨਹੀਂ ਆਈ। ਜੇਕਰ ਸੁਖਬੀਰ ਬਾਦਲ ਨੂੰ ਸਿੱਖ ਸ਼ਰਧਾਲੂਆਂ ਅਤੇ ਪੰਜਾਬੀ ਵਿਦਿਆਰਥੀਆਂ ਦਾ ਥੋੜ੍ਹਾ ਬਹੁਤ ਵੀ ਖ਼ਿਆਲ ਹੁੰਦਾ ਤਾਂ ਉਹ ਆਪਣੀ ਸੈਂਕੜੇ ਵੌਲਵੋ ਬੱਸਾਂ ਦੀ ਫਲੀਟ ਮਹਾਰਾਸ਼ਟਰ, ਰਾਜਸਥਾਨ ਅਤੇ ਦਿੱਲੀ ਭੇਜ ਕੇ ਇਕ ਦਿਨ 'ਚ ਹੀ ਸਾਰੇ ਪੰਜਾਬੀਆਂ ਨੂੰ ਪੰਜਾਬ ਲਿਆ ਸਕਦਾ ਸੀ।
ਇਹ ਵੀ ਪੜ੍ਹੋ ► ਜਲੰਧਰ 'ਚ ਮੁੜ ਕੋਰੋਨਾ ਦਾ ਧਮਾਕਾ, 16 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ