1216.8 ਕਰੋੜ ਵਾਰ ''ਆਧਾਰ ਕਾਰਡ'' ਦੀ ਪ੍ਰਮਾਣਿਕਤਾ ਵਜੋਂ ਕੀਤੀ ਗਈ ਵਰਤੋਂ
Sunday, Nov 05, 2017 - 09:36 AM (IST)
ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਅੰਕੜਿਆਂ ਰਾਹੀਂ ਸੁਪਰੀਮ ਕੋਰਟ ਨੂੰ ਇਹ ਭਰੋਸਾ ਦਿਵਾਉਣ ਦੀ ਕੋਸਿਸ਼ ਕੀਤੀ ਹੈ ਕਿ ਆਧਾਰ ਹੋਣ ਨਾਲ ਲੋਕਾਂ ਦੀਆਂ ਨਿੱਤ ਦੀਆਂ ਸਰਗਰਮੀਆਂ 'ਚ ਆਸਾਨੀ ਹੋ ਰਹੀ ਹੈ। ਕੇਂਦਰ ਨੇ ਕਿਹਾ ਕਿ 118.64 ਕਰੋੜ ਭਾਰਤੀਆਂ ਨੂੰ ਆਧਾਰ ਮਿਲ ਚੁੱਕਾ ਹੈ, ਜੋ ਕੁਲ ਆਬਾਦੀ ਦਾ 88 ਫੀਸਦੀ ਹੈ। ਦਿਲਚਸਪ ਗੱਲ ਇਹ ਹੈ ਕਿ ਆਧਾਰ ਪ੍ਰਾਪਤ ਲੋਕਾਂ ਨੇ 1216.8 ਕਰੋੜ ਵਾਰ ਪ੍ਰਮਾਣ ਵਜੋਂ ਇਸ ਦੀ ਵਰਤੋਂ ਕੀਤੀ ਹੈ।
ਐਡਵੋਕੇਟ ਜੋਹੇਬ ਹੁਸੈਨ ਰਾਹੀਂ ਅਦਾਲਤ ਵਿਚ ਦਾਖਲ ਕੀਤੇ ਗਏ ਆਪਣੇ ਹਲਫਨਾਮੇ 'ਚ ਕੇਂਦਰ ਨੇ ਕਿਹਾ, ''ਅੱਜ ਤਕ ਭਾਰਤੀਆਂ ਨੇ ਆਪਣੀ ਪਛਾਣ ਦੇ ਪ੍ਰਮਾਣ ਤੇ ਆਧਾਰ ਐਕਟ ਅਤੇ ਦੂਸਰੇ ਕਾਨੂੰਨਾਂ ਦੇ ਤਹਿਤ ਸੇਵਾਵਾਂ ਦਾ ਲਾਭ ਲੈਣ ਲਈ 1216 ਕਰੋੜ ਵਾਰ ਆਧਾਰ ਬੇਸਡ ਪ੍ਰਮਾਣਿਕਤਾ ਦੀ ਵਰਤੋਂ ਕੀਤੀ।''
ਵਰਣਨਯੋਗ ਹੈ ਕਿ ਆਧਾਰ ਨੂੰ ਬੈਂਕਿੰਗ ਅਤੇ ਦੂਸਰੀਆਂ ਸੇਵਾਵਾਂ ਨਾਲ ਜੋੜਨ ਵਿਰੁੱਧ ਕਈ ਰਿੱਟਾਂ ਦਾਇਰ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਵਿਚ ਨਿੱਜਤਾ ਦੀ ਉਲੰਘਣਾ ਦਾ ਦਾਅਵਾ ਕੀਤਾ ਗਿਆ ਹੈ। ਅਜਿਹੇ ਵਿਚ ਰਿੱਟਕਰਤਾਵਾਂ ਦੀਆਂ ਸ਼ਿਕਾਇਤਾਂ ਨੂੰ ਚੁਣੌਤੀ ਦਿੰਦੇ ਹੋਏ ਕੇਂਦਰ ਨੇ ਕਿਹਾ ਕਿ ਆਧਾਰ ਬੇਸਡ ਈ.-ਕੇ. ਵਾਈ. ਸੀ. ਦੀ ਵਰਤੋਂ ਕਰਕੇ 12.64 ਕਰੋੜ ਬੈਂਕ ਖਾਤੇ ਖੋਲ੍ਹੇ ਗਏ। ਅੱਗੇ ਕਿਹਾ ਗਿਆ ਕਿ 15 ਅਕਤੂਬਰ ਤਕ 54.25 ਕਰੋੜ ਤੋਂ ਵੱਧ ਬੈਂਕ ਖਾਤਿਆਂ ਨੂੰ ਆਧਾਰ ਨਾਲ ਲਿੰਕ ਕੀਤਾ ਜਾ ਚੁੱਕਾ ਹੈ।
ਇੰਨਾ ਹੀ ਨਹੀਂ, ਨਵੇਂ ਖੋਲ੍ਹੇ ਗਏ 30.54 ਕਰੋੜ ਜਨ-ਧਨ ਖਾਤਿਆਂ 'ਚ ਵੀ 8.97 ਕਰੋੜ ਖਾਤਿਆਂ 'ਚ ਆਧਾਰ ਦੀ ਵਰਤੋਂ ਕੀਤੀ ਗਈ। ਹੋਰਨਾਂ ਦੇ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ 2014-17 ਦਰਮਿਆਨ ਆਧਾਰ ਦੀ ਮਦਦ ਨਾਲ ਸਿਰਫ ਇਕ ਸਕੀਮ ਡਾਇਰੈਕਟ ਬੈਨੇਫਿਟ ਟਰਾਂਸਫਰ ਤੋਂ ਸਰਕਾਰ ਨੂੰ 57, 029 ਕਰੋੜ ਰੁਪਏ ਦੀ ਬੱਚਤ ਹੋਈ ਹੈ। ਅਜਿਹੇ 'ਚ ਸਮਝਿਆ ਜਾ ਸਕਦਾ ਹੈ ਕਿ ਆਧਾਰ ਲੋਕਾਂ ਲਈ ਕਿੰਨਾ ਜ਼ਰੂਰੀ ਹੈ। ਇਸ ਨਾਲ ਸਰਕਾਰੀ ਸੇਵਾਵਾਂ ਦਾ ਲਾਭ ਯੋਗ ਲੋਕਾਂ ਨੂੰ ਮਿਲਣਾ ਯਕੀਨੀ ਹੁੰਦਾ ਹੈ ਅਤੇ ਲੋਕਾਂ ਦਾ ਪੈਸਾ ਵੀ ਬਚਦਾ ਹੈ। ਸਰਕਾਰ ਨੇ ਅੱਗੇ ਦੱਸਿਆ ਕਿ ਪੈਨ ਨਾਲ ਆਧਾਰ ਨੂੰ ਲਿੰਕ ਕਰਨ ਨਾਲ ਇਹ ਯਕੀਨੀ ਬਣਾਇਆ ਜਾ ਸਕਿਆ ਹੈ ਕਿ ਇਕ ਵਿਅਕਤੀ ਨੂੰ ਕੇਵਲ ਇਕ ਪੈਨ ਨੰਬਰ ਹੀ ਮਿਲੇ। ਹੁਣ ਤਕ 11.35 ਲੱਖ ਕੇਸ ਡੁਪਲੀਕੇਟ ਅਤੇ ਫਰਜ਼ੀ ਪੈਨ ਨੰਬਰ ਦੇ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਡੀ-ਐਕਟੀਵੇਟ ਕੀਤਾ ਜਾ ਰਿਹਾ ਹੈ।
- 118.64 ਕਰੋੜ ਭਾਰਤੀਆਂ ਨੂੰ ਮਿਲ ਚੁੱਕੈ ਆਧਾਰ, ਜੋ ਕੁਲ ਆਬਾਦੀ ਦਾ 88 ਫੀਸਦੀ
- 15 ਅਕਤੂਬਰ ਤਕ 54.25 ਕਰੋੜ ਤੋਂ ਵੱਧ ਬੈਂਕ ਖਾਤਿਆਂ ਨੂੰ ਕੀਤਾ ਆਧਾਰ ਨਾਲ ਲਿੰਕ
- ਡਾਇਰੈਕਟ ਬੈਨੇਫਿਟ ਟਰਾਂਸਫਰ ਰਾਹੀਂ ਸਰਕਾਰ ਨੇ ਕੀਤੀ 57,029 ਕਰੋੜ ਦੀ ਬੱਚਤ
