ਕਰਤਾਰਪੁਰ ਲਾਂਘੇ ਦੀ ਰੂਪ-ਰੇਖਾ ਤਿਆਰ, ਜਲਦ ਹੋਵੇਗਾ ਨਿਰਮਾਣ ਸ਼ੁਰੂ

Friday, Dec 14, 2018 - 01:32 PM (IST)

ਕਰਤਾਰਪੁਰ ਲਾਂਘੇ ਦੀ ਰੂਪ-ਰੇਖਾ ਤਿਆਰ, ਜਲਦ ਹੋਵੇਗਾ ਨਿਰਮਾਣ ਸ਼ੁਰੂ

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਹੁਣ ਉਹ ਦਿਨ ਦੂਰ ਨਹੀਂ ਜਦੋਂ ਚੜ੍ਹਦੇ ਪੰਜਾਬ ਦੀਆਂ ਸੰਗਤਾਂ ਉਸ ਰਸਤਿਓਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਇਆ ਕਰਨਗੀਆਂ, ਜਿਨ੍ਹਾਂ ਰਾਹਾਂ ਤੋਂ ਕਦੇ ਗੁਰੂ ਨਾਨਕ ਦੇਵ ਦੀ ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਸਾਹਿਬ ਆਇਆ-ਜਾਇਆ ਕਰਦੇ ਸਨ। ਦੋਵਾਂ ਮੁਲਕਾਂ ਦੀ ਸਹਿਮਤੀ ਤੋਂ ਬਾਅਦ ਹੁਣ ਕਰਤਾਰਪੁਰ ਲਾਂਘੇ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਜਾ ਰਿਹਾ ਹੈ। ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਣੇ ਪੰਜਾਬ ਗ੍ਰਹਿ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਨਿਰਮਲ ਸਿੰਘ ਕਲਸੀ ਤੇ ਬੀ. ਐੱਸ. ਐਫ ਅਧਿਕਾਰੀਆਂ ਨੇ ਲਾਂਘੇ ਵਾਲੀ ਜਗ੍ਹਾ ਦਾ ਨਿਰੀਖਣ ਕੀਤਾ ਤੇ ਲਾਂਘਾ ਬਣਾਉਣ ਦੀ ਰੂਪ ਰੇਖਾ ਤਿਆਰ ਕੀਤੀ। ਇੰਨਾਂ ਹੀ ਨਹੀਂ ਲਾਂਘੇ ਦੇ ਕੋਲ ਬਣਨ ਵਾਲੇ ਦਫਤਰਾਂ ਲਈ ਜਗ੍ਹਾ ਦੀ ਪੈਮਾਇਸ਼ ਵੀ ਕਰਵਾਈ ਗਈ ਤੇ ਟੀਮ ਵਲੋਂ ਜਲਦ ਹੀ ਇਕ ਰਿਪੋਰਟ ਬਣਾ ਕੇਂਦਰ ਸਰਕਾਰ ਨੂੰ ਸੌਂਪ ਦਿੱਤੀ ਜਾਵੇਗੀ, ਜਿਸਤੋਂ ਬਾਅਦ ਜ਼ਮੀਨ ਐਕਵਾਇਰ ਕਰ ਲਾਂਘੇ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਦੌਰਾਨ ਐਡੀਸ਼ਨਲ ਚੀਫ ਸੈਕਟਰੀ ਨਿਰਮਲ ਸਿੰਘ ਕਲਸੀ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਹਾਲਾਂਕਿ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ ਬਾਬਾ ਸੁਖਦੀਪ ਸਿੰਘ ਬੇਦੀ ਨੇ ਸਰਕਾਰ ਦੇ ਇਸ ਉਪਰਾਲੇ ਦਾ ਸ਼ਲਾਘਾ ਕੀਤੀ ਹੈ।  

PunjabKesari

ਦੱਸ ਦੇਈਏ ਕਿ ਪਾਕਿਸਤਾਨ 'ਚ ਰਹਿ ਗਏ ਸਿੱਖ ਗੁਰੂਧਾਮ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਤ੍ਰਿਹਾਈ ਸੰਗਤ ਦੂਰਬੀਨ ਨਾਲ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਮਨ ਠਾਰਦੀ ਸੀ ਪਰ ਹੁਣ ਦੋਵਾਂ ਮੁਲਕਾਂ ਨੇ ਕਰਤਾਰਪੁਰ ਲਾਂਘੇ 'ਤੇ ਸਹਿਮਤੀ ਦੇ ਦਿੱਤੀ ਹੈ। ਕਰਤਾਰਪੁਰ ਲਾਂਘਾ ਬਣਨ ਮਗਰੋਂ 550 ਸਾਲਾ ਪ੍ਰਕਾਸ਼ ਪੁਰਬ ਤੋਂ ਸੰਗਤ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰਿਆ ਕਰੇਗੀ।


author

Baljeet Kaur

Content Editor

Related News