ਅੱਧੀ ਰਾਤ ਨੂੰ ਪੈਟਰੋਲ ਪੰਪ ਦੇ ਬਾਥਰੂਮ ''ਚ ਵੜਿਆ ਮੁੰਡਾ, ਸਵੇਰ ਤਕ ਨਾ ਨਿਕਲਿਆ ਬਾਹਰ ਤਾਂ...

Monday, Oct 26, 2026 - 02:23 PM (IST)

ਅੱਧੀ ਰਾਤ ਨੂੰ ਪੈਟਰੋਲ ਪੰਪ ਦੇ ਬਾਥਰੂਮ ''ਚ ਵੜਿਆ ਮੁੰਡਾ, ਸਵੇਰ ਤਕ ਨਾ ਨਿਕਲਿਆ ਬਾਹਰ ਤਾਂ...

ਲੁਧਿਆਣਾ (ਰਾਜ)- ਤਾਜਪੁਰ ਰੋਡ ਸਥਿਤ ਇਕ ਪੈਟਰੋਲ ਪੰਪ ਦੇ ਬਾਥਰੂਮ ਵਿਚੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਨੌਜਵਾਨ ਬਾਥਰੂਮ ਗਿਆ ਸੀ ਅਤੇ ਦਰਵਾਜ਼ਾ ਅੰਦਰੋਂ ਬੰਦ ਸੀ। ਸਵੇਰੇ ਕਾਫ਼ੀ ਦੇਰ ਤੱਕ ਦਰਵਾਜ਼ਾ ਨਾ ਖੁੱਲ੍ਹਣ ’ਤੇ ਜਦੋਂ ਕਰਮਚਾਰੀਆਂ ਨੇ ਉਸ ਨੂੰ ਤੋੜਿਆ ਤਾਂ ਅੰਦਰ ਨੌਜਵਾਨ ਮ੍ਰਿਤਕ ਹਾਲਤ ਵਿਚ ਪਿਆ ਮਿਲਿਆ। ਘਟਨਾ ਸਥਾਨ ਤੋਂ ਨਸ਼ੇ ਨਾਲ ਸਬੰਧਤ ਸ਼ੱਕੀ ਸਮੱਗਰੀ ਮਿਲਣ ਤੋਂ ਬਾਅਦ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਜਾਨ ਨਸ਼ੇ ਦੀ ਓਵਰਡੋਜ਼ ਕਾਰਨ ਗਈ ਹੈ।

ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਸ਼ਨਾਖ਼ਤ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਹੈ। ਪੈਟਰੋਲ ਪੰਪ ਦੇ ਮਾਲਕ ਜਸਵੀਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਅਣਪਛਾਤਾ ਨੌਜਵਾਨ ਸ਼ੁੱਕਰਵਾਰ ਦੇਰ ਰਾਤ ਪੈਟਰੋਲ ਪੰਪ ਵਿਚ ਬਣੇ ਬਾਥਰੂਮ ਦੀ ਵਰਤੋਂ ਕਰਨ ਲਈ ਅੰਦਰ ਗਿਆ ਸੀ। ਸ਼ਨੀਵਾਰ ਸਵੇਰੇ ਜਦੋਂ ਪੰਪ ਦੇ ਮੁਲਾਜ਼ਮਾਂ ਨੇ ਬਾਥਰੂਮ ਦੀ ਵਰਤੋਂ ਕਰਨ ਲਈ ਕੁੰਡੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ਾ ਅੰਦਰੋਂ ਬੰਦ ਪਾਇਆ ਗਿਆ।

ਕਾਫ਼ੀ ਦੇਰ ਤੱਕ ਦਰਵਾਜ਼ਾ ਖੜਕਾਉਣ ਅਤੇ ਆਵਾਜ਼ਾਂ ਦੇਣ ਦੇ ਬਾਵਜੂਦ ਜਦੋਂ ਅੰਦਰੋਂ ਕੋਈ ਪ੍ਰਤੀਕਿਰਿਆ ਜਾਂ ਹਲਚਲ ਨਾ ਹੋਈ ਤਾਂ ਕਰਮਚਾਰੀਆਂ ਨੂੰ ਅਣਹੋਣੀ ਦਾ ਖ਼ਦਸ਼ਾ ਹੋਇਆ। ਇਸ ਤੋਂ ਬਾਅਦ ਕਰਮਚਾਰੀਆਂ ਨੇ ਮਿਲ ਕੇ ਦਰਵਾਜ਼ਾ ਤੋੜ ਦਿੱਤਾ। ਅੰਦਰ ਕਦਮ ਰੱਖਦਿਆਂ ਹੀ ਦੇਖਿਆ ਕਿ ਨੌਜਵਾਨ ਫ਼ਰਸ਼ ’ਤੇ ਬੇਹੋਸ਼ ਪਿਆ ਸੀ ਅਤੇ ਉਸ ਦੇ ਸਾਹ ਰੁਕ ਚੁੱਕੇ ਸਨ।

ਪੰਪ ਮਾਲਕ ਮੁਤਾਬਕ ਜਿਸ ਬਾਥਰੂਮ ਵਿਚ ਨੌਜਵਾਨ ਮ੍ਰਿਤਕ ਪਿਆ ਸੀ, ਉਥੋਂ ਨਸ਼ੇ ਦੇ ਸੇਵਨ ਨਾਲ ਸਬੰਧਤ ਕੁਝ ਸ਼ੱਕੀ ਸਮੱਗਰੀ ਵੀ ਮਿਲੀ ਹੈ, ਜਿਸ ਨੂੰ ਦੇਖ ਕੇ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਨੌਜਵਾਨ ਨੇ ਬਾਥਰੂਮ ਦੇ ਅੰਦਰ ਨਸ਼ੀਲੇ ਪਦਾਰਥ ਦਾ ਸੇਵਨ ਕੀਤਾ ਹੋਵੇਗਾ ਅਤੇ ਓਵਰਡੋਜ਼ ਹੋਣ ਕਾਰਨ ਉਸ ਦੀ ਉਥੇ ਹੀ ਮੌਤ ਹੋ ਗਈ।ਹਾਲਾਂਕਿ ਪੁਲਸ ਪ੍ਰਸ਼ਾਸਨ ਨੇ ਅਜੇ ਮੌਤ ਦੇ ਕਾਰਨਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਅਤੇ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਛਾਣਬੀਣ ਕੀਤੀ ਜਾ ਰਹੀ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਪਾਰਟੀ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਕੋਲੋਂ ਕੋਈ ਪਛਾਣ ਪੱਤਰ ਜਾਂ ਦਸਤਾਵੇਜ਼ ਬਰਾਮਦ ਨਹੀਂ ਹੋਇਆ ਹੈ, ਜਿਸ ਕਰ ਕੇ ਉਸ ਦੀ ਸ਼ਨਾਖ਼ਤ ਅਜੇ ਤੱਕ ਨਹੀਂ ਹੋ ਸਕੀ ਹੈ। ਨੌਜਵਾਨ ਦੀ ਪਛਾਣ ਲਈ ਆਸ-ਪਾਸ ਦੇ ਇਲਾਕਿਆਂ ਅਤੇ ਥਾਣਿਆਂ ਜ਼ਰੀਏ ਜਾਣਕਾਰੀ ਜੁਟਾਈ ਜਾ ਰਹੀ ਹੈ। ਪੁਲਸ ਨੇ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਸੁਰੱਖਿਅਤ ਰੱਖਵਾ ਦਿੱਤਾ ਹੈ।
 


author

Anmol Tagra

Content Editor

Related News