ਗੈਰ-ਕਾਨੂੰਨੀ ਕਬਜ਼ਿਆਂ ਨੇ ਘਟਾਈ ਸੜਕਾਂ ਦੀ ਚੌੜਾਈ

Wednesday, Jan 10, 2018 - 06:39 AM (IST)

ਅੰਮ੍ਰਿਤਸਰ,   (ਵੜੈਚ)- ਲੋਕ ਸਭਾ, ਵਿਧਾਨ ਸਭਾ ਅਤੇ ਨਿਗਮ ਚੋਣਾਂ ਦੌਰਾਨ ਭੋਲੀ-ਭਾਲੀ ਜਨਤਾ ਨੂੰ ਸੁੱਖ-ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ। ਸਰਕਾਰਾਂ ਸਮੇਤ ਹਾਊਸ ਦੇ ਕੌਂਸਲਰ ਬਦਲੇ ਜਾਂਦੇ ਹਨ ਪਰ ਮੁਸ਼ਕਲਾਂ ਜਨਤਾ ਦਾ ਪਿੱਛਾ ਛੱਡਣ ਦਾ ਨਾਂ ਨਹੀਂ ਲੈਂਦੀਆਂ, ਇਹੀ ਹਾਲਾਤ ਸ਼ਹਿਰ ਦੀਆਂ ਸੜਕਾਂ 'ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਦਾ ਹੈ ਜਿਸ 'ਤੇ ਕਾਬੂ ਪਾਉਣ ਲਈ ਕਾਂਗਰਸ ਸਰਕਾਰ ਦੇ ਨੇਤਾ ਅਤੇ ਨਿਗਮ ਅਧਿਕਾਰੀ ਕਾਮਯਾਬ ਨਹੀਂ ਹੋ ਸਕੇ ਹਨ।
ਨਾਜਾਇਜ਼ ਕਬਜ਼ਿਆਂ ਕਰ ਕੇ ਰਾਹਗੀਰਾਂ ਦਾ ਸੜਕਾਂ ਤੋਂ ਲੰਘਣਾ ਮੁਸ਼ਕਲ ਹੋ ਰਿਹਾ ਹੈ। ਨਗਰ ਨਿਗਮ ਦੀ ਕਮਿਸ਼ਨਰ ਸੋਨਾਲੀ ਗਿਰੀ ਦੀ ਦੇਖ-ਰੇਖ ਵਿਚ ਕੰਮ ਕਰ ਰਿਹਾ ਲੈਂਡ ਵਿਭਾਗ ਮਿਲੀਭੁਗਤ ਕਾਰਨ ਸੜਕਾਂ ਦੇ ਕਿਨਾਰਿਆਂ ਤੇ ਫੁਟਪਾਥਾਂ ਤੋਂ ਕਬਜ਼ੇ ਹਟਾਉਣ ਵਿਚ ਬੁਰੀ ਤਰ੍ਹਾਂ ਨਾਲ ਫੇਲ ਹੋ ਗਿਆ ਹੈ। ਕਬਜ਼ਾਧਾਰਕਾਂ ਉੱਪਰ ਨਿਗਮ ਅਧਿਕਾਰੀਆਂ ਦੀ ਕੋਈ ਕਾਰਵਾਈ ਦਾ ਖੌਫ ਨਹੀਂ ਹੈ।
ਰੇਲਵੇ ਸਟੇਸ਼ਨ ਦੇ ਸਾਹਮਣੇ ਲਿੰਕ ਰੋਡ, ਫੋਰ ਐੱਸ. ਚੌਕ ਤੋਂ ਪਹਿਲਾਂ ਮਜੀਠਾ ਰੋਡ 'ਤੇ ਫਲਾਂ ਦੀਆਂ ਰੇਹੜੀਆਂ, ਗੁਰੂ ਨਾਨਕ ਦੇਵ ਹਸਪਤਾਲ ਅੱਗੇ, ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤਿਆਂ, ਗੁਰਦੁਆਰਾ ਸ੍ਰੀ ਸ਼ਹੀਦਾਂ ਸਾਹਿਬ ਜਾਂਦੇ ਰਸਤੇ, ਲੋਹਗੜ੍ਹ ਗੇਟ, ਪੁਤਲੀਘਰ, ਗੁਰਦੁਆਰਾ ਪਿਪਲੀ ਸਾਹਿਬ ਰੋਡ, ਬੱਸ ਸਟੈਂਡ ਦੇ ਆਲੇ-ਦੁਆਲੇ ਮਜੀਠਾ ਰੋਡ ਪਾਵਰ ਕਾਲੋਨੀ ਅੱਗੇ ਸਮੇਤ ਸ਼ਹਿਰ ਦੇ ਹੋਰ ਕਈ ਸਥਾਨਾਂ 'ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ।
ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜੇ ਕੋਟ ਬਾਬਾ ਦੀਪ ਸਿੰਘ ਇਲਾਕੇ 'ਚ ਸੜਕ ਦੇ ਕਿਨਾਰੇ ਅਤੇ ਫੁੱਟਪਾਥਾਂ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਕੀਤੇ ਕਬਜ਼ਿਆਂ ਕਰ ਕੇ ਸੰਗਤਾਂ ਦਾ ਆਉਣਾ-ਜਾਣਾ ਮੁਸ਼ਕਲ ਹੈ। ਲਿੰਕ ਰੋਡ ਤੇ ਰੇਲਵੇ ਸਟੇਸ਼ਨ ਰੋਡ 'ਤੇ ਪੁਰਾਣੇ ਕੱਪੜਿਆਂ ਨੂੰ ਵੇਚਣ ਲਈ ਫੜ੍ਹੀਆਂ ਸੜਕ ਦੇ ਕਿਨਾਰੇ ਲੱਗਣ ਅਤੇ ਨਾਜਾਇਜ਼ ਪਾਰਕਿੰਗ ਕਰ ਕੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂ ਤੰਗ ਪ੍ਰੇਸ਼ਾਨ ਹੁੰਦੇ ਹਨ।
ਦੁਕਾਨਦਾਰ ਲੈ ਰਹੇ ਨੇ ਇਕ ਪਲੱਸ ਇਕ ਦਾ ਫਾਇਦੇ
ਮਹਾਨਗਰ ਵਿਚ ਅਨੇਕਾਂ ਦੁਕਾਨਦਾਰ ਕੰਪਨੀਆਂ ਦੀਆਂ ਸਕੀਮਾਂ ਦੀ ਤਰ੍ਹਾਂ ਇਕ ਪਲੱਸ ਇਕ ਦੇ ਫਾਇਦੇ ਲੈ ਰਹੇ ਹਨ। ਕਈਆਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੀ ਪੈਮਾਇਸ਼ ਤੋਂ ਵੱਧ ਕਬਜ਼ੇ ਦੁਕਾਨਾਂ ਅੱਗੇ ਕੀਤੇ ਹੋਏ ਹਨ। ਜ਼ਿਆਦਾ ਵਿਕਰੀ ਦੇ ਲਾਲਚ ਨਾਲ ਦੁਕਾਨਾਂ ਦਾ ਸਾਮਾਨ ਦੁਕਾਨਾਂ ਦੀ ਹੱਦ ਤੋਂ ਪੰਜ-ਪੰਜ ਫੁੱਟ ਵੱਧ ਸੜਕ 'ਚ ਲਾਇਆ ਜਾ ਰਿਹਾ ਹੈ ਪਰ ਨਿਗਮ ਅਧਿਕਾਰੀ ਤੇ ਰਾਜਨੇਤਾ ਸਭ ਦੇਖਦੇ ਹੋਏ ਵੀ ਅੱਖਾਂ ਬੰਦ ਕਰੀ ਬੈਠੇ ਹਨ।
ਰੰਜਿਸ਼ ਤਹਿਤ ਹੋਈ ਸੀ ਖੋਖਿਆਂ 'ਤੇ ਕਾਰਵਾਈ
ਵਿਧਾਨ ਸਭਾ ਚੋਣਾਂ ਤੋਂ ਬਾਅਦ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਰੰਜਿਸ਼ ਤਹਿਤ ਕੁਝ ਨਾਜਾਇਜ਼ ਖੋਖਿਆਂ ਨੂੰ ਹਟਾਉਣ ਦੀ ਕਾਰਵਾਈ ਦੇਖਣ ਨੂੰ ਮਿਲੀ, ਬਾਕੀ ਸ਼ਹਿਰ ਵਿਚ ਕਿਸੇ ਹੋਰ ਜਗ੍ਹਾ 'ਤੇ ਨਾਜਾਇਜ਼ ਖੋਖਿਆਂ 'ਤੇ ਕੋਈ ਕਾਰਵਾਈ ਦੇਖਣ ਨੂੰ ਨਹੀਂ ਮਿਲੀ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਜੀਠਾ ਰੋਡ 'ਤੇ ਭਾਜਪਾ ਨੇਤਾ ਅਨਿਲ ਜੋਸ਼ੀ ਦੇ ਚਹੇਤਿਆਂ ਨੂੰ ਖੋਖੇ ਦੇਣ ਦੇ ਰੌਲੇ-ਰੱਪੇ ਦੌਰਾਨ ਕਾਂਗਰਸ ਸਰਕਾਰ ਆਉਂਦੇ ਹੀ ਕੁਝ ਖੋਖਿਆਂ 'ਤੇ ਕਾਰਵਾਈ ਕੀਤੀ ਗਈ ਜਦਕਿ ਬਾਕੀ ਦੂਸਰੇ ਨਾਜਾਇਜ਼ ਖੋਖੇ ਧੜੱਲੇ ਨਾਲ ਲਗਾਏ ਗਏ ਹਨ।
ਆਪਸੀ ਮਿਲੀਭੁਗਤ ਨਾਲ ਹੁੰਦੇ ਨੇ ਕਬਜ਼ੇ
ਆਰ.ਟੀ.ਆਈ. ਐਕਟੀਵਿਸਟ ਰਜਿੰਦਰ ਸ਼ਰਮਾ ਨੇ ਕਿਹਾ ਕਿ ਨਿਗਮ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਆਪਸੀ ਮਿਲੀਭੁਗਤ ਨਾਲ ਹੀ ਸੜਕਾਂ 'ਤੇ ਨਾਜਾਇਜ਼ ਕਬਜ਼ੇ ਕੀਤੇ ਜਾਂਦੇ ਹਨ। ਸੜਕਾਂ ਦੇ ਕਿਨਾਰਿਆਂ 'ਤੇ ਰੋਜ਼ਾਨਾ ਲੱਗਣ ਵਾਲੀਆਂ ਰੇਹੜੀਆਂ ਤੇ ਹੋਰ ਕਬਜ਼ਾਧਾਰਕਾਂ ਵੱਲੋਂ ਮਹੀਨਾ ਉਗਰਾਹਿਆ ਜਾਂਦਾ ਹੈ ਜੇਕਰ ਇਸ ਤਰ੍ਹਾਂ ਨਹੀਂ ਹੈ ਤਾਂ ਫਿਰ ਕਬਜ਼ਾਧਾਰਕਾਂ 'ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ। 


Related News