ਪੰਜਾਬ ਸਰਕਾਰ ਨੇ ਲਾਈ ਨੌਕਰੀਆਂ ਦੀ ਝੜੀ

Saturday, Oct 05, 2024 - 02:19 PM (IST)

ਜਲੰਧਰ: ਲੋਕਾਂ ਨੂੰ ਮੁਫ਼ਤ ਦੀਆਂ ਚੀਜ਼ਾਂ ਦੇਣ ਦੀ ਬਜਾਏ ਉਨ੍ਹਾਂ ਨੂੰ ਰੋਜ਼ਗਾਰ ਦੇਣਾ ਕਿਤੇ ਬਿਹਤਰ ਹੈ, ਤਾਂ ਜੋ ਉਹ ਆਪਣੀਆਂ ਤੇ ਪਰਿਵਾਰ ਦੀਆਂ ਲੋੜਾਂ ਆਪ ਪੂਰੀਆਂ ਕਰ ਸਕਣ। ਰੋਜ਼ਗਾਰ ਮਿਲਣ ਨਾਲ ਉਮੀਦਵਾਰ ਤੇ ਉਸ ਦੇ ਪਰਿਵਾਰ ਦਾ ਵਰਤਮਾਨ ਤੇ ਭਵਿੱਖ ਤਾਂ ਬਦਲਦਾ ਹੀ ਹੈ, ਸਗੋਂ ਸੂਬੇ ਅਤੇ ਦੇਸ਼ ਦੀ ਤਰੱਕੀ ਲਈ ਆਰਥਿਕਤਾ ਨੂੰ ਵੀ ਵੱਡਾ ਹੁਲਾਰਾ ਮਿਲਦਾ ਹੈ। ਇਸੇ ਸੋਚ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਹੀ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕੋਸ਼ਿਸ਼ਾਂ ਸਦਕਾ ਹੀ ਪੰਜਾਬ ਸਰਕਾਰ ਨੇ ਆਪਣੇ ਢਾਈ ਸਾਲ ਦੇ ਕਾਰਜਕਾਲ ਵਿਚ ਹੀ 45,708 ਦੇ ਕਰੀਬ ਨੌਜਵਾਨਾਂ ਨੂੰ ਨੌਕਰੀ ਦੇ ਦਿੱਤੀ ਹੈ। 

ਪੰਜਾਬ ਦੇ ਨੌਜਵਾਨਾਂ ਦਾ ਬੇਰੋਜ਼ਗਾਰੀ ਤੇ ਗੁਰਬਤ ਤੋਂ ਤੰਗ ਆ ਕੇ ਵਿਦੇਸ਼ ਵੱਲ ਜਾਣ ਦਾ ਰੁਝਾਨ ਪਿਛਲੇ ਲੰਮੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਪ੍ਰਚਾਰ ਦੌਰਾਨ ਵੀ ਵਾਅਦਾ ਕੀਤਾ ਸੀ ਕਿ ਉਹ ਨੌਜਵਾਨਾਂ ਨੂੰ ਇੱਥੇ ਹੀ ਰੋਜ਼ਗਾਰ ਅਤੇ ਚੰਗਾ ਮਾਹੌਲ ਪ੍ਰਦਾਨ ਕਰਨਗੇ, ਤਾਂ ਜੋ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਦੂਰ ਨਾ ਜਾਣਾ ਪਵੇ। ਇਹ ਵਾਅਦਾ ਪੂਰਾ ਕਰਦਿਆਂ ਹੀ ਸੱਤਾ ਵਿਚ ਆਉਣ ਮਗਰੋਂ ਪਹਿਲੇ ਦਿਨ ਤੋਂ ਹੀ ਆਮ ਆਦਮੀ ਪਾਰਟੀ ਵੱਲੋਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਹੋਰ ਤਾਂ ਹੋਰ, ਨੌਜਵਾਨਾਂ ਨੂੰ ਨੌਕਰੀ ਲੈਣ ਲਈ ਕਿਸੇ ਕਿਸਮ ਦੀ ਸਿਫ਼ਾਰਿਸ਼ ਜਾਂ ਰਿਸ਼ਵਤ ਦੀ ਵੀ ਲੋੜ ਨਹੀਂ ਪੈਂਦੀ, ਸਗੋਂ ਚੋਣ ਪ੍ਰਕੀਰਿਆ ਬਿਲਕੁੱਲ ਪਾਰਦਰਸ਼ੀ ਢੰਗ ਨਾਲ ਤੇ ਮੈਰਿਟ ਦੇ ਅਧਾਰ 'ਤੇ ਹੁੰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੀ 100 ਫ਼ੀਸਦੀ ਗਾਰੰਟੀ ਦਿੱਤੀ ਹੋਈ ਹੈ। ਉਨ੍ਹਾਂ ਨੇ ਨੌਜਵਾਨ ਨੂੰ ਸੁਨੇਹਾ ਦਿੱਤਾ ਕਿ ਮਿਹਨਤ ਤੋਂ ਵੱਡੀ ਕੋਈ ਪੌੜੀ ਨਹੀਂ ਹੈ। ਤੁਸੀਂ ਮਿਹਨਤ ਵਾਲੀਆਂ ਪੌੜੀਆਂ ਚੜ੍ਹੋ, ਅਗਲੀਆਂ ਮੰਜ਼ਿਲਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ। 

ਮਾਨ ਸਰਕਾਰ ਦੇ ਕਾਰਜਕਾਲ ਵਿਚ ਨੌਕਰੀ ਹਾਸਲ ਕਰਨ ਵਾਲੇ ਸਟੈਨੋਗ੍ਰਾਫਰ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਪਟਿਆਲਾ ਦਾ ਰਹਿਣ ਵਾਲਾ ਹੈ। ਪੰਜਾਬ ਸਰਕਾਰ ਵੱਲੋਂ ਉਸ ਨੂੰ ਸਟੈਨੋ ਟਾਈਪਿਸਟ ਦੀ ਨੌਕਰੀ ਦਿੱਤੀ ਗਈ ਹੈ। ਉਹ ਇਸ ਵੇਲੇ ਜਲ ਸਪਲਾਈ ਅਤੇ ਸੈਨੀਟੇਸ਼ਨ ਹੁਸ਼ਿਆਰਪੁਰ ਮੰਡਲ-1 ਵਿਚ ਸੇਵਾ ਕਰ ਰਿਹਾ ਹੈ। ਉਸ ਨੇ 2022 ਵਿਚ ਨੌਕਰੀ ਲਈ ਫ਼ਾਰਮ ਭਰਿਆ ਸੀ। 2023 ਵਿਚ ਉਸ ਦੀ ਪ੍ਰੀਖਿਆ ਹੋਈ ਤੇ ਇਕ ਸਾਲ ਦੇ ਅੰਦਰ-ਅੰਦਰ ਸਾਰੀ ਪ੍ਰਕੀਰਿਆ ਪੂਰੀ ਕਰ ਕੇ ਜੁਆਈਨਿੰਗ ਵੀ ਕਰਵਾ ਦਿੱਤੀ ਗਈ। ਉਸ ਨੇ ਨੌਕਰੀ ਦੀ ਪ੍ਰਕੀਰਿਆ ਇੰਨੀ ਜਲਦੀ ਪੂਰੀ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਟਰੱਕ ਡਰਾਈਵਰ ਹਨ ਤੇ ਮਾਤਾ ਹਾਊਸ ਵਾਈਫ਼ ਹਨ। ਪ੍ਰੀਖਿਆ ਬੜੇ ਸੁਚੱਜੇ ਢੰਗ ਨਾਲ ਹੋਈ ਸੀ ਤੇ ਨੌਕਰੀ ਵਿਚ ਕਿਸੇ ਕਿਸਮ ਦੀ ਸਿਫ਼ਾਰਿਸ਼ ਆਦਿ ਦੀ ਲੋੜ ਨਹੀਂ ਪਈ ਤੇ ਆਮ ਘਰਾਂ ਦੇ ਬੱਚਿਆਂ ਨੂੰ ਹੀ ਨੌਕਰੀ ਦਿੱਤੀ ਗਈ। ਨੌਕਰੀ ਦੇ ਲਈ ਮੈਰਿਟ ਦੇ ਅਧਾਰ 'ਤੇ ਹੀ ਚੋਣ ਕੀਤੀ ਗਈ।

ਉਸ ਨੇ ਮਹਿੰਦਰਾ ਕਾਲਜ ਪਟਿਆਲਾ ਤੋਂ ਬੀ.ਕਾਮ ਕੀਤੀ। ਇਸ ਮਗਰੋਂ ਇੰਸਟੀਚਿਊਟ 'ਚ ਸਟੈਨੋ ਦੀ ਤਿਆਰੀ ਕੀਤੀ ਤੇ ਫ਼ਿਰ ਪ੍ਰਤੀਯੋਗੀ ਪ੍ਰੀਖਿਆ ਪਾਸ ਕਰ ਕੇ ਨੌਕਰੀ ਲਈ ਹੈ। ਉਸ ਨੇ ਪੰਜਾਬ ਦੇ ਹੋਰ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਦੇਸ਼ ਵਿਚ ਹੀ ਰਹਿ ਕੇ ਤਿਆਰੀ ਕਰਨ, ਇੱਥੇ ਵੀ ਚੰਗੀ ਨੌਕਰੀ ਮਿਲ ਜਾਂਦੀ ਹੈ। ਉਸ ਨੇ ਕਿਹਾ ਕਿ ਬਾਹਰ ਜਾਣ ਦਾ ਕੋਈ ਫ਼ਾਇਦਾ ਨਹੀਂ ਹੈ। ਸੰਦੀਪ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਆਏ ਸਾਲ ਨੌਕਰੀਆਂ ਨਿਕਲ ਰਹੀਆਂ ਹਨ। 1-2 ਸਾਲ ਵਿਚ ਤਿਆਰੀ ਕਰ ਕੇ ਹੀ ਵਧੀਆ ਨੌਕਰੀ ਮਿਲ ਜਾਂਦੀ ਹੈ। 


Anmol Tagra

Content Editor

Related News