ਤਿੰਨ ਸਾਲਾਂ ਬੱਚਾ ਅਗਵਾ, ਭਾਲ ਲਈ ਪੁਲਸ ਨੇ ਚੱਪਾ ਚੱਪਾ ਛਾਣਿਆ

11/21/2017 4:45:53 PM

ਬੋਹਾ (ਬਾਂਸਲ) - ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਬੋਰੀਆਂ ਬਸਤੀ ਦੇ ਵਸਨੀਕ ਇਕ ਪਰਿਵਾਰ ਦੇ ਖੇਡਦੇ 3 ਸਾਲਾਂ ਲੜਕੇ ਨੂੰ ਅਗਵਾ ਕਰਨ ਦਾ ਮਾਮਲਾ ਪੁਲਸ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਡੀ. ਐੱਸ. ਪੀ ਰਛਪਾਲ ਸਿੰਘ ਨੇ ਦੱਸਿਆ ਕਿ ਬੱਚੇ ਦੇ ਅਗਵਾ ਦੇ ਮਾਮਲੇ 'ਚ ਵੱਖ-ਵੱਖ ਪਹਿਲੂਆਂ ਨੂੰ ਧਿਆਨ 'ਚ ਰੱਖਦਿਆਂ ਜਾਂਚ ਕੀਤੀ ਜਾ ਰਹੀ ਹੈ। ਵਰਣਨਯੋਗ ਹੈ ਕਿ ਤਿੰਨ ਦਿਨ ਪਹਿਲਾਂ ਬੋਹਾ ਦੀ ਬੋਰੀਆ ਬਸਤੀ 'ਚ ਰਹਿਣ ਵਾਲੇ ਗਰੀਬ ਪਰਿਵਾਰ ਦੇ ਦੋ ਬੱਚੇ ਰਾਮਫਲ(5) ਅਤੇ ਉਸਦਾ ਭਰਾ ਰਾਜਵੀਰ(3) ਸਾਲਾਂ ਆਪਸ 'ਚ ਖੇਡ ਰਹੇ ਸਨ ਕਿ ਅਚਾਨਕ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਆਏ ਅਤੇ ਰਾਮਫਲ ਨੂੰ 10 ਰੁਪਏ ਦਾ ਲਾਲਚ ਦੇ ਕੇ ਘਰ ਜਾਣ ਲਈ ਕਹਿ ਦਿੱਤਾ ਅਤੇ ਇਸੇ ਦੌਰਾਨ ਉਸਦੇ ਛੋਟੇ ਤਿੰਨ ਸਾਲਾਂ ਦੇ ਭਰਾ ਰਾਜਵੀਰ ਨੂੰ ਅਗਵਾ ਕਰਕੇ ਰਫੂ ਚੱਕਰ ਹੋ ਗਏ| ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਅਗਵਾ ਦੌਰਾਨ ਬੱਚੇ ਦੀ ਮਾਤਾ ਅੰਗੂਰੀ ਦੇਵੀ ਨਜ਼ਦੀਕ ਆਟਾ ਮੰਗਣ ਗਈ ਸੀ ਅਤੇ ਪਿਤਾ ਦਿਹਾੜੀ ਤੇ ਗਿਆ ਸੀ। ਲਾਪਤਾ ਹੋਏ ਬੱਚੇ ਦੇ ਪਿਤਾ ਗੋਪੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਕੋਲ ਰਹਿੰਦੀ ਉਨ੍ਹਾਂ ਦੀ ਭਤੀਜੀ ਦਾ ਬੱਚਾ ਉਸਦੇ ਸਹੁਰੇ ਪਰਿਵਾਰ ਧੱਕੇ ਨਾਲ ਚੁੱਕ ਕੇ ਲੈ ਗਏ ਸਨ। ਉਨ੍ਹਾਂ ਸ਼ੱਕ ਆਧਾਰ 'ਤੇ ਕਿਹਾ ਕਿ ਉਨ੍ਹਾਂ ਦਾ ਬੱਚਾ ਉਹੀ ਪਰਿਵਾਰ ਚੁੱਕ ਕੇ ਲੈ ਗਿਆ ਹੈ।| ਐੱਸ. ਐੱਚ. ਓ ਬੋਹਾ ਗੁਰਵੀਰ ਸਿੰਘ ਨੇ ਦੱਸਿਆਂ ਕਿ ਇਸ ਮਾਮਲੇ ਨੂੰ ਲੈ ਕੇ ਜਿਥੇ ਪੁਲਸ ਵਲੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੋਈ ਅਤੇ ਉੱਥੇ ਤਾਤਰਿੰਕ ਅਤੇ ਪੁੱਛਾਂ ਦੇਣ ਵਾਲੇ ਬਾਬਿਆਂ ਤੋਂ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁਲਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਧਾਰਾ 365 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ।


Related News