SKM ਦੀ ਮੀਟਿੰਗ ’ਚ ਲਏ ਅਹਿਮ ਫ਼ੈਸਲੇ, 5 ਸਤੰਬਰ ਤੋਂ ਕੈਬਨਿਟ ਮੰਤਰੀਆਂ ਦੀ ਰਿਹਾਇਸ਼ ਅੱਗੇ ਦੇਣਗੇ ਧਰਨਾ
Thursday, Aug 25, 2022 - 09:18 PM (IST)
ਫਗਵਾੜਾ (ਜਲੋਟਾ) : ਗੰਨਾ ਕਿਸਾਨਾਂ ਦੀ ਬਕਾਇਆ ਰਾਸ਼ੀ ਅਤੇ ਹੋਰ ਕਿਸਾਨੀ ਭਖ਼ਦੇ ਮੁੱਦਿਆਂ ਨੂੰ ਲੈ ਕੇ ਅੱਜ ਫਗਵਾੜਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੀਆਂ 31 ਜਥੇਬੰਦੀਆਂ ਦੀ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਵਿਖੇ ਇਕੱਤਰਤਾ ਹੋਈ। ਮੀਟਿੰਗ ਦੀ ਪ੍ਰਧਾਨਗੀ ਬੂਟਾ ਸਿੰਘ ਬੁਰਜਗਿੱਲ ਨੇ ਕੀਤੀ। ਲੰਬੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਬੂਟਾ ਸਿੰਘ ਬੁਰਜਗਿੱਲ, ਨਿਰਭੈ ਸਿੰਘ ਢੁੱਡੀਕੇ, ਅਵਤਾਰ ਸਿੰਘ ਮੇਹਲੋ, ਬਖਤਾਵਰ ਸਿੰਘ, ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਗੰਨਾ ਕਿਸਾਨਾਂ ਦੀ ਬਕਾਇਆ ਰਾਸ਼ੀ ਅਤੇ ਹੋਰ ਭਖ਼ਦੇ ਕਿਸਾਨੀ ਮਸਲਿਆਂ ’ਤੇ ਟਾਲ-ਮਟੋਲ ਦੀ ਨੀਤੀ ਅਪਣਾ ਕੇ ਸਮਾਂ ਬਤੀਤ ਕਰ ਰਹੀ ਹੈ, ਜਿਸ ਨੂੰ ਪੰਜਾਬ ਦੀ ਕਿਸਾਨੀ ਸਹਿਣ ਨਹੀਂ ਕਰੇਗੀ। ਕਿਸਾਨ ਆਗੂਆਂ ਨੇ ਐਲਾਨ ਕਰਦਿਆਂ ਕਿਹਾ ਪੰਜਾਬ ਦੇ ਭਖਦੇ ਮਸਲਿਆਂ, ਜਿਵੇਂ ਕਿ ਪੰਜਾਬ ਦੇ ਗੰਨਾ ਕਿਸਾਨਾਂ ਦੀ ਬਕਾਇਆ ਰਾਸ਼ੀ ਅਤੇ ਲੰਪੀ ਸਕਿਨ ਬੀਮਾਰੀ ਨਾਲ ਮਰ ਰਹੇ ਹਜ਼ਾਰਾਂ ਪਸ਼ੂਆਂ ਲਈ ਮੁਆਵਜ਼ਾ, ਬੀਮਾਰ ਪਸ਼ੂਆਂ ਦਾ ਇਲਾਜ, ਅਾਵਾਰਾ ਪਸ਼ੂਆਂ ਦੀ ਵੈਕਸੀਨ ਅਤੇ ਉਨ੍ਹਾਂ ਦੀ ਸੰਭਾਲ ਦੀ ਸਮੱਸਿਆ, ਦੁੱਧ ਦੇ ਰੇਟਾਂ ’ਚ ਵਾਧਾ ਅਤੇ ਹੜ੍ਹ ਕਾਰਨ ਖ਼ਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਣ ਦੀ ਮੰਗ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਦੇ ਦਫ਼ਤਰ ਅਤੇ ਰਿਹਾਇਸ਼ ਅੱਗੇ ਸੂਬਾ ਪੱਧਰੀ ਧਰਨੇ 5 ਸਤੰਬਰ ਨੂੰ ਲਗਾਏ ਜਾਣਗੇ ਅਤੇ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਵਾਸਤੇ ਪਰਿਵਾਰ ਵੱਲੋਂ ਕੱਢਿਆ ਜਾ ਰਿਹਾ ਕੈਂਡਲ ਮਾਰਚ (ਦੇਖੋ ਤਸਵੀਰਾਂ)
ਕਿਸਾਨ ਆਗੂਆਂ ਨੇ ਕਿਹਾ ਕਿ ਗੰਨਾ ਅਦਾਇਗੀ ਦੇ ਸੰਬੰਧ ’ਚ ਫਗਵਾੜਾ ਵਿਖੇ ਲੱਗੇ ਕਿਸਾਨ ਮੋਰਚੇ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ, ਜੇਕਰ ਇਸ ਮਸਲੇ ਵਿਚ ਸਰਕਾਰ ਦੇਰੀ ਕਰਦੀ ਹੈ ਤਾਂ 5 ਸਤੰਬਰ ਤੋਂ ਬਾਅਦ ਸੰਘਰਸ਼ ਨੂੰ ਪੰਜਾਬ ਪੱਧਰ ’ਤੇ ਹੋਰ ਤਿੱਖਾ ਅਤੇ ਵਿਸ਼ਾਲ ਕੀਤਾ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਹਰਮੀਤ ਸਿੰਘ ਕਾਦੀਆਂ, ਰਮਿੰਦਰ ਸਿੰਘ ਪਟਿਆਲਾ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਜਗਸੀਰ ਸਿੰਘ ਸਾਦਕ ਫਰੀਦਕੋਟ, ਹਰਜੀਤ ਸਿੰਘ ਰਵੀ, ਅਵਤਾਰ ਸਿੰਘ ਮਹਿਮਾ, ਕਿਰਨਜੀਤ ਸਿੰਘ ਸੇਖੋਂ, ਜੰਗਵੀਰ ਸਿੰਘ ਟਾਂਡਾ ਸਮੇਤ 31 ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨ ਹਾਜ਼ਰ ਸਨ।