ਯੂਨਾਈਟਿਡ ਅਕਾਲੀ ਦਲ ਵੱਲੋਂ ਧਰਮ ਯੁੱਧ ਮੋਰਚੇ ਦੀ 35ਵੀਂ ਵਰ੍ਹੇਗੰਢ ''ਤੇ ਮਾਰਚ ਕੱਢਣ ਦਾ ਐਲਾਨ

Friday, Jul 28, 2017 - 06:09 AM (IST)

ਜਲੰਧਰ (ਚਾਵਲਾ) - ਯੂਨਾਈਟਿਡ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ 35 ਸਾਲ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖਾਂ ਨਾਲ ਆਜ਼ਾਦੀ ਵੇਲੇ ਉੱਤਰੀ ਭਾਰਤ ਵਿਚ ਖੁਦਮੁਖਤਿਆਰ ਖਿੱਤਾ ਦੇਣ ਦੇ ਵਾਅਦੇ ਮੁਤਾਬਕ ਆਨੰਦਪੁਰ ਮਤੇ ਦੀ ਪ੍ਰਾਪਤੀ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਧਰਮ ਯੁੱਧ ਮੋਰਚਾ ਆਰੰਭ ਕੀਤਾ ਗਿਆ ਸੀ, ਦੀ 35ਵੀਂ ਵਰ੍ਹੇਗੰਢ ਮਨਾਈ ਜਾਵੇਗੀ। ਇਸ ਸਬੰਧੀ 4 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਕੀਤੀ ਜਾਵੇਗੀ ਅਤੇ ਮਾਰਚ ਕੀਤਾ ਜਾਵੇਗਾ। ਇਸ ਮੌਕੇ ਮੁੱਦਿਆਂ ਨੂੰ ਲਾਗੂ ਕਰਵਾਉਣ ਲਈ ਕੋਟਕਪੂਰਾ ਚੌਕ ਵਿਖੇ ਧਰਨਾ, ਸਤਲੁਜ ਲਿੰਕ ਨਹਿਰ ਦੇ ਸਥਾਨ 'ਤੇ ਅਰਦਾਸ ਅਤੇ ਪਾਰਲੀਮੈਂਟ ਅੱਗੇ ਰੋਸ ਧਰਨੇ ਦੇਣ ਦੀਆਂ ਤਰੀਕਾਂ ਵਿਚਾਰ ਕਰ ਕੇ ਜਨਤਕ ਕੀਤੀਆਂ ਜਾਣਗੀਆਂ।ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਸਕੱਤਰ ਜਨਰਲ ਗੁਰਦੀਪ ਸਿੰਘ ਬਠਿੰਡਾ ਤੇ ਸਤਨਾਮ ਸਿੰਘ ਮਨਾਵਾ ਨੇ ਦੋਸ਼ ਲਾਇਆ ਕਿ ਸ. ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਆਪਣੇ ਨਿੱਜੀ ਹਿੱਤਾਂ ਲਈ ਸੂਬੇ ਦੀ ਜਨਤਾ ਨੂੰ ਗੁੰਮਰਾਹ ਕੀਤਾ  ਅਤੇ ਲਿੰਕ ਨਹਿਰ ਨੂੰ ਬਣਾਉਣ ਲਈ ਇਹ ਵਿਅਕਤੀ ਜ਼ਿੰਮੇਵਾਰ ਹਨ।ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਸੱਤਾ ਦੇ ਹੰਕਾਰ ਦੀ ਬਜਾਏ ਤੁਰੰਤ ਸਿੱਖਾਂ ਨੂੰ ਇਨਸਾਫ ਦੇਣ ਅਤੇ ਕੀਤੇ ਵਾਅਦੇ ਤੁਰੰਤ ਸੰਵਿਧਾਨ ਵਿਚ ਸੋਧਾਂ ਕਰ ਕੇ ਲਾਗੂ ਕਰਨ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਭਾਰੀ ਜ਼ੁਲਮ ਕਰ ਕੇ ਵੀ ਸਰਕਾਰ ਉਥੋਂ ਦੇ ਲੋਕਾਂ ਦੀ ਆਵਾਜ਼ ਦਬਾ ਨਹੀਂ ਸਕੀ। ਉਨ੍ਹਾਂ ਤਾੜਨਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਸਿੱਖਾਂ ਨਾਲ ਹੋ ਰਹੀ ਬੇਇਨਸਾਫੀ ਕਾਰਨ ਪੰਜਾਬ ਵਿਚ ਪੈਦਾ ਹੋਣ ਵਾਲੇ ਹਾਲਾਤ ਕੇਂਦਰ ਲਈ ਸੰਭਾਲਣੇ ਔਖੇ ਹੋ ਜਾਣਗੇ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਜੇਲਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਕਰਨ ਅਤੇ ਭਾਈ ਸੂਰਤ ਸਿੰਘ ਦੀ ਕੀਮਤੀ ਜਾਨ ਨੂੰ ਬਚਾਉਣ, ਬਰਗਾੜੀ ਅਤੇ ਬਹਿਬਲ ਕਾਂਡ ਦੇ ਦੋਸ਼ੀਆਂ ਸਮੇਤ ਸਾਬਕਾ ਮੁੱਖ ਮੰਤਰੀ ਬਾਦਲ, ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨੂੰ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ, ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਰੋਕਣ ਲਈ ਕਰਜ਼ੇ ਮੁਆਫ ਕੀਤੇ ਜਾਣ।
ਇਸ ਦੌਰਾਨ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਪ੍ਰਧਾਨ ਮੋਹਕਮ ਸਿੰਘ ਨੇ ਦੱਸਿਆ ਕਿ ਡਾ. ਭਗਵਾਨ ਸਿੰਘ ਚੇਅਰਮੈਨ ਹੋਣਗੇ। ਇਸੇ ਤਰ੍ਹਾਂ ਭਾਈ ਗੁਰਦੀਪ ਸਿੰਘ ਬਠਿੰਡਾ ਸਕੱਤਰ ਜਨਰਲ ਅਤੇ ਪਾਰਲੀਮੈਂਟਰੀ ਬੋਰਡ ਦੇ ਚੇਅਰਮੈਨ ਹੋਣਗੇ। ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਸਿੱਧੂ, ਰਾਜਦੇਵ ਸਿੰਘ ਸਾਬਕਾ ਐੱਮ. ਪੀ. ਚੇਅਰਮੈਨ ਅਨੁਸ਼ਾਸਨੀ ਕਮੇਟੀ ਹੋਣਗੇ, ਬਹਾਦਰ ਸਿੰਘ ਰਾਹੋਂ, ਮਾਸਟਰ ਜੌਹਰ ਸਿੰਘ ਛੋਟਾ ਘੱਲੂਘਾਰਾ ਗੁਰਦਾਸਪੁਰ, ਵੱਸਣ ਸਿੰਘ ਜਫਰਵਾਲ ਨਾਮਜ਼ਦ ਕੀਤੇ ਗਏ। ਜਨਰਲ ਸਕੱਤਰ ਭਾਈ ਜਤਿੰਦਰ ਸਿੰਘ ਈਸੜੂ ਸਲਾਹਕਾਰ ਹੋਣਗੇ। ਇਨ੍ਹਾਂ ਤੋਂ ਇਲਾਵਾ ਜ਼ਿਲਾ ਪ੍ਰਧਾਨ, ਵਰਕਿੰਗ ਕਮੇਟੀ ਮੈਂਬਰ ਤੇ ਮੀਤ ਪ੍ਰਧਾਨ ਵੀ ਨਿਯੁਕਤ ਹੋਏ।


Related News