ਕੇਂਦਰੀ ਮੰਤਰੀ ਹਰਸ਼ਵਰਧਨ ਨੂੰ ਮਿਲੇ ਕੈਪਟਨ

07/16/2019 9:09:10 PM

ਜਲੰਧਰ/ਦਿੱਲੀ,(ਧਵਨ) : ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਪੰਜਾਬ 'ਚ ਸਥਾਪਤ ਹੋਣ ਵਾਲੇ ਦੂਜੇ ਏਮਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼  ਪੁਰਬ ਨੂੰ ਸਮਰਪਿਤ ਕਰਨ ਲਈ ਰਸਮੀ ਪ੍ਰਸਤਾਵ ਮੰਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ਵਿਚ ਡਾ. ਹਰਸ਼ਵਰਧਨ ਨਾਲ ਮੁਲਾਕਾਤ ਦੌਰਾਨ ਇਹ ਮਾਮਲਾ ਉਠਾਇਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਕੇਂਦਰੀ ਸਿਹਤ ਤੇ ਵਿੱਤ ਮੰਤਰੀ ਨੂੰ ਇਸ ਸੰਬੰਧ ਵਿਚ ਵੱਖ-ਵੱਖ ਚਿੱਠੀਆਂ ਲਿਖੀਆਂ ਹਨ। ਕੇਂਦਰੀ ਵਿੱਤ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਕੇਂਦਰੀ ਬਜਟ ਦੌਰਾਨ ਇਸ 'ਤੇ ਵਿਚਾਰ ਹੋਵੇਗਾ।
ਪੰਜਾਬ ਵਿਚ ਪਹਿਲਾ ਏਮਸ ਬਠਿੰਡਾ 'ਚ ਸਥਾਪਤ ਹੋਣ ਜਾ ਰਿਹਾ ਹੈ ਤੇ ਸੂਬੇ ਵਿਚ ਏਮਸ ਲੁਧਿਆਣਾ ਜਾਂ ਜਲੰਧਰ ਵਿਚ ਸਥਾਪਤ ਕਰਨ ਦੀ ਮੰਗ ਕੇਂਦਰ ਕੋਲ ਕੀਤੀ ਗਈ ਹੈ। ਕੈਪਟਨ ਨੇ ਕਿਹਾ ਕਿ ਜਲੰਧਰ ਵਿਚ 250 ਕਰੋੜ ਦੀ ਲਾਗਤ ਨਾਲ ਬਣੀ ਇਮਾਰਤ ਦੀ ਵਰਤੋਂ ਏਮਸ ਸਥਾਪਤ ਕਰਨ ਵਿਚ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਏਮਸ ਪ੍ਰਾਜੈਕਟ ਸੰਬੰਧੀ ਸੂਬਾ ਸਰਕਾਰ ਨੇ ਸਾਰੀਆਂ ਕਲੀਅਰੈਂਸ ਦੇ ਦਿੱਤੀਆਂ ਹਨ ਅਤੇ ਹੁਣ ਕੋਈ ਵੀ ਕਲੀਅਰੈਂਸ ਪੈਂਡਿੰਗ ਨਹੀਂ ਹੈ। ਮੁਖ ਮੰਤਰੀ ਨੇ ਕਿਹਾ ਕਿ ਡਾ. ਹਰਸ਼ਵਰਧਨ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਰਸਮੀ ਪ੍ਰਸਤਾਵ ਮਿਲਣ ਤੋਂ ਬਾਅਦ ਉਹ ਇਸ 'ਤੇ ਗੌਰ ਕਰਨਗੇ। ਮੁਖ ਮੰਤਰੀ ਨੇ ਆਪਣੇ ਚੀਫ ਪ੍ਰਿੰਸੀਪਲ ਸੈਕਰੇਟਰੀ ਸੁਰੇਸ਼ ਕੁਮਾਰ ਨਾਲ ਇਸ ਸੰਬੰਧ ਵਿਚ ਕੇਂਦਰੀ ਸਿਹਤ ਸਕੱਤਰ ਨਾਲ ਚਰਚਾ ਕਰਨ ਲਈ ਕਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੇਂਦਰੀ ਮੰਤਰੀ ਕੋਲ ਫਿਰੋਜ਼ਪੁਰ ਵਿਚ ਪੀ. ਜੀ. ਆਈ. ਸੈਟੇਲਾਈਟ ਸੈਂਟਰ ਖੋਲ੍ਹਣ ਦੀ ਮੰਗ ਕੀਤੀ ਹੈ। ਸੂਬਾ ਸਰਕਾਰ ਨੇ ਪੀ. ਜੀ. ਆਈ. ਨੂੰ ਜ਼ਮੀਨ ਐਕਵਾਇਰ ਕਰ ਦਿੱਤੀ ਹੈ ਪਰ ਫਾਈਲ ਕੇਂਦਰੀ ਸਿਹਤ ਮੰਤਰਾਲਾ ਦੀ ਮਨਜ਼ੂਰੀ ਲਈ ਪੈਂਡਿੰਗ ਪਈ ਹੈ। ਫਿਰੋਜ਼ਪੁਰ ਸਰਹੱਦੀ ਜ਼ਿਲਾ ਹੈ ਅਤੇ ਉਸ ਨੂੰ ਨੀਤੀ ਆਯੋਗ ਵਿਚ ਵੀ 120 ਪੱਛੜੇ ਜ਼ਿਲਿਆਂ ਵਿਚ ਸ਼ਾਮਲ ਕੀਤਾ ਗਿਆ ਹੈ।


Related News