ਅਣਪਛਾਤੇ ਚੋਰਾਂ ਨੇ ਠੇਕੇ ਦਾ ਸ਼ਟਰ ਭੰਨ ਕੇ ਡੇਢ ਲੱਖ ਦੀ ਸ਼ਰਾਬ ਕੀਤੀ ਚੋਰੀ
Sunday, Jul 23, 2017 - 01:54 AM (IST)

ਕੋਟ ਈਸੇ ਖਾਂ, (ਛਾਬੜਾ)- 21 ਤੇ 22 ਦੀ ਬੀਤੀ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਉਂਦਿਆਂ ਡੇਢ ਲੱਖ ਰੁਪਏ ਦੀ ਸ਼ਰਾਬ ਚੋਰੀ ਕਰ ਕੇ ਫਰਾਰ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਰਾਬ ਦੇ ਠੇਕੇਦਾਰਾਂ ਕੁਲਵੰਤ ਸਿੰਘ ਖੋਸਾ ਅਤੇ ਨਿਰਵੈਰ ਸਿੰਘ ਗਿੱਲ ਨੇ ਦੱਸਿਆ ਕਿ ਸਾਨੂੰ ਸਾਡੇ ਧਰਮਕੋਟ ਰੋਡ, ਕੋਟ ਈਸੇ ਖਾਂ ਵਾਲੇ ਠੇਕੇ ਦੇ ਨਾਲ ਰਹਿੰਦੇ ਗੁਆਂਢੀਆਂ ਦਾ ਅੱਜ ਸਵੇਰੇ 3 ਵਜੇ ਦੇ ਕਰੀਬ ਫੋਨ ਆਇਆ ਕਿ ਤੁਹਾਡੇ ਠੇਕੇ 'ਤੇ ਚੋਰੀ ਦੀ ਘਟਨਾ ਵਾਪਰ ਰਹੀ ਹੈ ਤਾਂ ਅਸੀਂ ਠੇਕੇ ਵੱਲ ਨੂੰ ਚੱਲ ਪਏ ਪਰ ਸਾਡੇ ਮੌਕਾ-ਏ-ਵਾਰਦਾਤ 'ਤੇ ਪਹੁੰਚਣ ਤੋਂ ਪਹਿਲਾਂ ਹੀ ਚੋਰ ਆਪਣਾ ਕੰਮ ਕਰ ਕੇ ਰਫੂ-ਚੱਕਰ ਹੋ ਚੁੱਕੇ ਸਨ।
ਠੇਕੇਦਾਰਾਂ ਨੇ ਦੱਸਿਆ ਕਿ ਚੋਰ ਠੇਕੇ ਦਾ ਸ਼ਟਰ ਭੰਨ ਕੇ 20 ਪੇਟੀਆਂ ਸ਼ਰਾਬ ਦੀਆਂ ਚੋਰੀ ਕਰ ਕੇ ਲੈ ਗਏ ਹਨ, ਜਿਸ ਦੀ ਕੀਮਤ ਤਕਰੀਬਨ ਡੇਢ ਲੱਖ ਰੁਪਏ ਬਣਦੀ ਹੈ। ਇਸ ਸਬੰਧੀ ਸੂਚਨਾ ਥਾਣਾ ਕੋਟ ਈਸੇ ਖਾਂ ਦੀ ਪੁਲਸ ਦੇ ਦਿੱਤੀ ਗਈ ਹੈ।