ਹਲਵਾਰਾ ਨੇੜੇ ਰਾਜ ਮਾਰਗ ''ਤੇ ਅਣਪਛਾਤੀ ਲਾਸ਼ ਬਰਾਮਦ, ਇਲਾਕੇ ’ਚ ਫੈਲੀ ਸਨਸਨੀ

Friday, Jan 30, 2026 - 09:20 PM (IST)

ਹਲਵਾਰਾ ਨੇੜੇ ਰਾਜ ਮਾਰਗ ''ਤੇ ਅਣਪਛਾਤੀ ਲਾਸ਼ ਬਰਾਮਦ, ਇਲਾਕੇ ’ਚ ਫੈਲੀ ਸਨਸਨੀ

ਹਲਵਾਰਾ, (ਲਾਡੀ) : ਸੁਧਾਰ ਥਾਣਾ ਅਧੀਨ ਪੁਲਸ ਨੇ ਭਾਰਤੀ ਹਵਾਈ ਸੈਨਾ ਕੇਂਦਰ ਹਲਵਾਰਾ ਦੀ ਹਵਾਈ ਪੱਟੀ ਦੇ ਬਿਲਕੁਲ ਸਾਹਮਣੇ ਲੁਧਿਆਣਾ–ਬਠਿੰਡਾ ਰਾਜ ਮਾਰਗ ਨਾਲ ਲੱਗਦੇ ਸੜਕ ਕਿਨਾਰੇ ਪਾਣੀ ਵਿੱਚੋਂ ਇੱਕ ਅਣਪਛਾਤੀ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਅਤੇ ਚਰਚਾ ਦਾ ਮਾਹੌਲ ਬਣ ਗਿਆ ਹੈ।

ਪੁਲਸ ਅਧਿਕਾਰੀਆਂ ਅਨੁਸਾਰ ਲਾਸ਼ ਦੀ ਹਾਲਤ ਕਾਫ਼ੀ ਖਰਾਬ ਸੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਮੌਤ ਲਗਭਗ ਸੱਤ ਤੋਂ ਦਸ ਦਿਨ ਪਹਿਲਾਂ ਹੋ ਚੁੱਕੀ ਹੋ ਸਕਦੀ ਹੈ। ਲਾਸ਼ ਦੇ ਸਰੀਰ ’ਤੇ ਕਈ ਥਾਵਾਂ ’ਤੇ ਸੱਟਾਂ ਦੇ ਨਿਸ਼ਾਨ ਵੀ ਪਾਏ ਗਏ ਹਨ, ਜਿਸ ਕਾਰਨ ਮੌਤ ਦੇ ਕਾਰਨਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਹਾਲਾਂਕਿ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ।
ਲਾਸ਼ ਕੋਲੋਂ ਕੋਈ ਵੀ ਐਸੀ ਦਸਤਾਵੇਜ਼ੀ ਜਾਂ ਨਿੱਜੀ ਵਸਤੂ ਬਰਾਮਦ ਨਹੀਂ ਹੋਈ, ਜਿਸ ਨਾਲ ਮ੍ਰਿਤਕ ਦੀ ਪਹਿਚਾਣ ਕੀਤੀ ਜਾ ਸਕੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੁਧਾਰ ਪੁਲਸ ਦੀ ਟੀਮ ਮੌਕੇ ’ਤੇ ਪਹੁੰਚੀ ਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਭਾਰਤੀ ਹਵਾਈ ਸੈਨਾ ਕੇਂਦਰ ਹਲਵਾਰਾ ਦੇ ਅਧਿਕਾਰੀ ਵੀ ਮੌਕੇ ’ਤੇ ਹਾਜ਼ਰ ਰਹੇ।

ਥਾਣਾ ਸੁਧਾਰ ਦੇ ਏਐਸਆਈ ਮਨੋਹਰ ਲਾਲ ਅਤੇ ਏਐਸਆਈ ਜਗਦੇਵ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਾਨੂੰਨੀ ਕਾਰਵਾਈ ਪੂਰੀ ਕਰਨ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਲਈ ਪੁਲਸ ਵੱਲੋਂ ਸੋਸ਼ਲ ਮੀਡੀਆ ਅਤੇ ਹੋਰ ਉਪਲਬਧ ਸਾਧਨਾਂ ਦੀ ਮਦਦ ਲਈ ਜਾ ਰਹੀ ਹੈ।  ਪੁਲਸ ਮੁਤਾਬਕ ਲਾਸ਼ ਨੂੰ ਪਛਾਣ ਲਈ 72 ਘੰਟਿਆਂ ਤੱਕ ਸਿਵਲ ਹਸਪਤਾਲ ਵਿੱਚ ਰੱਖਿਆ ਜਾਵੇਗਾ ਅਤੇ ਮਾਮਲੇ ਦੀ ਜਾਂਚ ਹਰ ਪੱਖ ਤੋਂ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News