ਕੁਦਰਤ ''ਤੇ ਜਿੱਤ ਪ੍ਰਾਪਤ ਕਰਨ ਦੇ ਭਰਮ ਦੌਰਾਨ ''ਕੋਰੋਨਾ'' ਦੇ ਨਾ-ਭੁੱਲਣਯੋਗ ਸਬਕ
Wednesday, Jun 16, 2021 - 04:06 PM (IST)
ਕੋਰੋਨਾ ਵਰਗੀ ਮਹਾਮਾਰੀ ਸਦੀ ਵਿਚ ਇਕ ਵਾਰ ਆਉਂਦੀ ਹੈ ਪਰ ਇਸਨੇ ਸਾਨੂੰ ਇੰਨੇ ਸਬਕ ਸਿਖਾਏ ਹਨ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਰਹਿਣਗੇ। ਪਿਛਲੀਆਂ ਸਦੀਆਂ ਦੀਆਂ ਮਹਾਮਾਰੀਆਂ ਵੇਲੇ ਸਾਇੰਸ ਨੇ ਇੰਨੀ ਤਰੱਕੀ ਨਹੀਂ ਕੀਤੀ ਹੋਈ ਸੀ ਪਰ ਇਸ ਵਾਇਰਸ ਨੇ ਦੁਨੀਆਂ ਦੇ ਸਭ ਤੋਂ ਵੱਧ ਵਿਕਸਤ ਦੇਸ਼ਾਂ ਦੇ ਸਿਹਤ ਮਹਿਕਮਿਆਂ ਨੂੰ ਮਾਤ ਦੇ ਦਿੱਤੀ। ਮਨੁੱਖ ਨੂੰ ਇਹ ਸਮਝ ਆ ਗਈ ਕਿ ਉਹ ਕੁਦਰਤ 'ਤੇ ਜਿੱਤ ਪ੍ਰਾਪਤ ਨਹੀਂ ਕਰ ਸਕਦਾ। ਅਸੀਂ ਸਿਰਫ਼ ਇਨ੍ਹਾਂ ਆਫ਼ਤਾਂ ਤੋਂ ਸਿੱਖ ਸਕਦੇ ਹਾਂ ਤਾਂ ਕਿ ਆਪਣੇ ਵਿੱਚ ਸੁਧਾਰ ਲਿਆ ਸਕੀਏ।ਸਾਨੂੰ ਇਹ ਵੀ ਸਮਝ ਆਈ ਕਿ ਜ਼ਿੰਦਗੀ ਤੇ ਮੌਤ ਸਾਡੇ ਹੱਥ ਵਿਚ ਨਹੀਂ ਹੈ ਅਤੇ ਵਿਸ਼ਵ ਦੇ ਸਾਰੇ ਦੇਸ਼ਾਂ ਨੂੰ ਸਿਹਤ ਸਬੰਧੀ ਮੁਸ਼ਕਿਲ ਨਾਲ ਨਿਪਟਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।
ਵਿਸ਼ਵ ਸਿਹਤ ਸੰਗਠਨ ਦਾ ਰੋਲ
ਵਿਸ਼ਵ ਸਿਹਤ ਸੰਗਠਨ ਦੀ ਸਥਾਪਨਾ ਇਸੇ ਲਈ ਕੀਤੀ ਗਈ ਸੀ ਕਿ ਉਹ ਦੁਨੀਆਂ ਦੀਆਂ ਪੁਰਾਣੀਆਂ ਤੇ ਉਪਜ ਰਹੀਆਂ ਪੁਰਾਣੀਆਂ ਬਿਮਾਰੀਆਂ 'ਤੇ ਨਜ਼ਰ ਰੱਖੇ ਤੇ ਉਨ੍ਹਾਂ ਦੀ ਰੋਕਥਾਮ ਲਈ ਕਦਮ ਚੁੱਕੇ। ਦਸੰਬਰ 2019 ਵਿੱਚ ਚੀਨ ਦੇ ਵੁਹਾਨ ਸ਼ਹਿਰ ਦੇ ਇਕ ਹਸਪਤਾਲ ਨੇ ਦੱਸਿਆ ਸੀ ਕਿ ਇਕ ਅਨਜਾਣ ਬਿਮਾਰੀ ਨਾਲ ਕੁਝ ਮੌਤਾਂ ਹੋਈਆਂ ਸਨ ਜਿਨ੍ਹਾਂ ਵਿਚ ਮੁੱਖ ਤੌਰ 'ਤੇ ਮਰੀਜ਼ਾਂ ਵਿੱਚ ਨਿਮੋਨੀਆ ਦੇਖਿਆ ਗਿਆ ਸੀ।ਦੋ ਹਫ਼ਤੇ ਬਾਅਦ ਦੱਸਿਆ ਗਿਆ ਕਿ ਇਸ ਦਾ ਕਾਰਨ ਸਾਰਸ ਕੋਵ 2 ਨਾਂ ਦਾ ਵਾਇਰਸ ਸੀ ਜੋ ਕੋਰੋਨਾ ਦੀ ਨਵੀਂ ਕਿਸਮ ਸੀ । ਜਨਵਰੀ 2020 ਵਿੱਚ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਇੱਕ ਭਿਆਨਕ ਬੀਮਾਰੀ ਦਾ ਦਰਜਾ ਦਿੱਤਾ ਪਰ ਇਸ ਦੀ ਰੋਕਥਾਮ ਲਈ ਬਹੁਤੇ ਯਤਨ ਨਹੀਂ ਕੀਤੇ। ਮਾਰਚ 2020 ਵਿੱਚ ਇਸ ਨੂੰ ਮਹਾਮਾਰੀ ਘੋਸ਼ਿਤ ਕੀਤਾ ਗਿਆ, ਉਦੋਂ ਤੱਕ ਇਹ ਬਿਮਾਰੀ 113 ਦੇਸ਼ਾਂ ਵਿੱਚ ਫੈਲ ਚੁੱਕੀ ਸੀ। ਉਦੋਂ ਵੀ ਸੰਗਠਨ ਨੇ ਦੂਰੀ ਬਣਾ ਕੇ ਰੱਖਣ ਤੇ ਹੱਥ ਧੋਣ ਵਾਸਤੇ ਹੀ ਕਿਹਾ ।ਮਾਸਕ ਲਾਉਣ ਦੀ ਸਲਾਹ ਤਾਂ ਬਹੁਤ ਦੇਰ ਬਾਅਦ ਆਈ।
ਇਹ ਵੀ ਪੜ੍ਹੋ: ਕਿਸਾਨੀ ਘੋਲ ਦੇ 200 ਦਿਨ ਪੂਰੇ, ਮਨਾਂ 'ਚ ਸ਼ੰਕਾ ਕੀ ਹੋਵੇਗਾ ਅੰਦੋਲਨ ਦਾ ਭਵਿੱਖ? ਜਾਣੋ ਆਪਣੇ ਸਵਾਲਾਂ ਦੇ ਜਵਾਬ
ਭਾਰਤ ਦੀ ਪ੍ਰਤੀਕਿਰਿਆ
ਭਾਰਤ ਵਿਚ ਕੋਵਿਡ 19 ਦਾ ਪਹਿਲਾ ਮਾਮਲਾ 30 ਜਨਵਰੀ ਨੂੰ ਆਇਆ । 2 ਮਾਰਚ ਨੂੰ 2 ਹੋਰ ਮਾਮਲੇ ਆਏ। ਇਹ ਸਾਰੇ ਚੀਨ ਤੋਂ ਆਏ ਹੋਏ ਸਨ। ਇਸ ਤੋਂ ਬਾਅਦ ਕੇਸਾਂ ਦੀ ਗਿਣਤੀ ਵਧਦੀ ਗਈ। ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਨੇ ਵਿਦੇਸ਼ੀ ਯਾਤਰੀਆਂ ਲਈ ਇਕਾਂਤਵਾਸ ਲਾਗੂ ਕਰ ਦਿੱਤਾ ।ਸਾਰੀਆਂ ਰਾਜ ਸਰਕਾਰਾਂ ਨੂੰ ਸਾਵਧਾਨ ਕਰ ਦਿੱਤਾ ਗਿਆ ।ਐਪੀਡੈਮਿਕ ਐਕਟ ਲਾਗੂ ਕਰ ਦਿੱਤਾ ਗਿਆ ।ਮਰੀਜ਼ਾਂ ਦੇ ਟੈਸਟ ,ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੇ ਟੈਸਟ ਹੋਣੇ ਸ਼ੁਰੂ ਹੋ ਗਏ ।ਅਰੋਗਿਆ ਸੇਤੂ ਨਾਂ ਦਾ ਐਪ ਬਣਾਇਆ ਗਿਆ। 24 ਮਾਰਚ ਨੂੰ ਦੇਸ਼ ਭਰ ਵਿਚ ਤਾਲਾਬੰਦੀ ਕਰ ਦਿੱਤੀ ਗਈ । ਇਸ ਨਾਲ ਭਾਰਤ ਦੀ ਅਰਥ ਵਿਵਸਥਾ 'ਤੇ ਬਹੁਤ ਮਾੜਾ ਅਸਰ ਪਿਆ ਪਰ ਭਾਰਤ ਮਾਮਲਿਆਂ ਦੀ ਗਿਣਤੀ ਘਟਾਉਣ ਵਿਚ ਕਾਮਯਾਬ ਹੋ ਗਿਆ। ਇਸ ਦੌਰਾਨ ਹਸਪਤਾਲਾਂ ਵਿਚ ਬਿਸਤਰਿਆਂ ਦੀ ਗਿਣਤੀ ਵਧਾਉਣ, ਸਿਹਤ ਸੰਬੰਧੀ ਸਮਾਨ ਖਰੀਦਣ 'ਤੇ ਜ਼ੋਰ ਦਿੱਤਾ ਗਿਆ।
ਵੈਕਸੀਨ ਦੀ ਮੁਹਿੰਮ
ਭਾਵੇਂ ਅਮਰੀਕਾ ਨੇ ਕੋਰੋਨਾ ਮਹਾਮਾਰੀ ਨੂੰ ਸ਼ੁਰੂ ਵਿੱਚ ਗੰਭੀਰਤਾ ਨਾਲ ਨਹੀਂ ਲਿਆ ਅਤੇ ਇਸ ਕਰਕੇ ਉੱਥੇ ਬਹੁਤ ਸਾਰੀਆਂ ਮੌਤਾਂ ਵੀ ਹੋਈਆਂ ਪਰ ਇਸ ਤੋਂ ਸਬਕ ਸਿੱਖਕੇ ਉਸ ਨੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਓਪਰੇਸ਼ਨ ਵਾਰਪ ਅਧੀਨ ਲੱਖਾਂ ਡਾਲਰ ਦਿੱਤੇ ਤਾਂ ਕਿ ਉਹ ਕੋਰੋਨਾ ਖ਼ਿਲਾਫ਼ ਵੈਕਸੀਨ ਦੀ ਖੋਜ ਕਰ ਸਕਣ ।ਸ਼ਰਤ ਸਿਰਫ਼ ਇਹ ਸੀ ਕਿ ਵੈਕਸੀਨ ਬਣਨ ਤੋਂ ਬਾਅਦ ਪਹਿਲਾਂ ਉਨ੍ਹਾਂ ਨੂੰ ਅਮਰੀਕਾ ਦੀ ਲੋੜ ਪੂਰੀ ਕਰਨੀ ਪਏਗੀ। ਇਸ ਵਿਚ ਖ਼ਤਰਾ ਵੀ ਸੀ ਕਿ ਮਤੇ ਇਹ ਕੰਪਨੀਆਂ ਆਪਣੇ ਤਜਰਬੇ ਵਿੱਚ ਨਾਕਾਮਯਾਬ ਹੋ ਜਾਣ ਤੇ ਸਰਕਾਰ ਦਾ ਨੁਕਸਾਨ ਹੋ ਜਾਵੇ ਪਰ ਇਸ ਨਾਲ ਅਮਰੀਕਾ ਨੂੰ ਬਹੁਤ ਫ਼ਾਇਦਾ ਹੋਇਆ। ਅਮਰੀਕਾ ਹੁਣ ਤੱਕ 45% ਆਬਾਦੀ ਤੱਕ ਵੈਕਸੀਨ ਪਹੁੰਚਾਉਣ ਵਿਚ ਕਾਮਯਾਬ ਹੋ ਗਿਆ ਹੈ ਤੇ ਇਸੇ ਕਰ ਕੇ ਉਹ ਇਸ ਬੀਮਾਰੀ ਨੂੰ ਠੱਲ੍ਹ ਪਾਉਣ ਵਿੱਚ ਵੀ ਕਾਮਯਾਬ ਹੋਇਆ ਹੈ। ਇਸੇ ਤਰ੍ਹਾਂ ਇੰਗਲੈਂਡ ਤੇ ਜਰਮਨੀ ਨੇ ਵੀ ਵੈਕਸੀਨ ਨਿਰਮਾਤਾਵਾਂ ਨਾਲ ਕਰਾਰ ਕੀਤੇ ਜਿਸ ਕਰਕੇ ਉਨ੍ਹਾਂ ਦੇ ਬਾਸ਼ਿੰਦਿਆਂ ਨੂੰ ਸਭ ਤੋਂ ਪਹਿਲਾਂ ਵੈਕਸੀਨ ਮਿਲੀ । ਇਹ ਦੇਸ਼ ਹੁਣ ਤਾਲਾਬੰਦੀ ਤੋਂ ਹੌਲੀ ਹੌਲੀ ਬਾਹਰ ਆ ਰਹੇ ਹਨ ।ਭਾਰਤ ਵਿੱਚ ਅਸੀਂ ਦੇਸੀ ਵੈਕਸੀਨ ਬਣਾਉਣ 'ਤੇ ਜ਼ੋਰ ਦਿੱਤਾ ਤਾਂ ਕਿ ਅਸੀਂ ਆਤਮ ਨਿਰਭਰ ਹੋ ਸਕੀਏ। ਜਦੋਂ ਜਨਵਰੀ 2021 ਵਿੱਚ ਭਾਰਤ ਵਿਚ ਵੈਕਸੀਨੇਸ਼ਨ ਸ਼ੁਰੂ ਕੀਤੀ ਗਈ ਤਾਂ ਲੋਕਾਂ ਵਿਚ ਕਈ ਤਰ੍ਹਾਂ ਦੇ ਵਹਿਮ-ਭਰਮ ਸਨ। ਪਹਿਲਾ ਹੱਲਾ ਠੰਡਾ ਪੈ ਚੁੱਕਿਆ ਸੀ। ਲੋਕਾਂ ਨੂੰ ਲੱਗਦਾ ਸੀ ਕਿ ਟੀਕੇ ਦੀ ਤਾਂ ਲੋੜ ਹੀ ਨਹੀਂ। ਫਿਰ ਜਦੋਂ ਕੋਰੋਨਾ ਦਾ ਦੂਜਾ ਹਮਲਾ ਆਇਆ ਤਾਂ ਹਰ ਵਿਅਕਤੀ ਨੇ ਵੈਕਸੀਨ
ਇਹ ਵੀ ਪੜ੍ਹੋ: ਪੰਜਾਬ ਦੇ ਝੂਠੇ ਹੁਕਮਰਾਨ ਨੂੰ ਹਰਾਉਣ ਲਈ ਤਤਕਾਲੀ ਲੋੜ ਬਣਿਆ ਅਕਾਲੀਆਂ ਨਾਲ ਸਮਝੌਤਾ: ਜਸਵੀਰ ਗੜ੍ਹੀ
ਕੇਂਦਰ ਵੱਲ ਦੌੜ ਲਗਾਈ। ਵੈਕਸੀਨ ਦਿਨਾਂ ਵਿੱਚ ਖ਼ਤਮ ਹੋ ਗਈ। ਕੰਪਨੀਆਂ ਰਾਤੋ-ਰਾਤ ਤਾਂ ਵੈਕਸੀਨ ਦਾ ਉਤਪਾਦਨ ਨਹੀਂ ਵਧਾ ਸਕਦੀਆਂ ਸਨ। ਸਰਕਾਰ ਨੇ ਇਹ ਸੋਚਿਆ ਹੀ ਨਹੀਂ ਸੀ ਕਿ100 ਕਰੋੜ ਬਾਲਗ਼ ਵਿਅਕਤੀਆਂ ਲਈ 200 ਕਰੋੜ ਡੋਜ਼ ਦਾ ਇੰਤਜ਼ਾਮ ਕਿਵੇਂ ਕੀਤਾ ਜਾਏਗਾ।ਕਿਸ ਕੰਪਨੀ ਦੀ ਉਤਪਾਦਨ ਸਮਰੱਥਾ ਕਿੰਨੀ ਹੈ ?ਭਾਰਤ ਇਸ ਵੇਲੇ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ,ਜਿੱਥੋਂ ਦੇ ਸ਼ਹਿਰੀਆਂ ਨੂੰ ਸਭ ਤੋਂ ਘੱਟ ਵੈਕਸੀਨ ਲੱਗੀ ਹੈ।ਹੁਣ ਕੇਂਦਰ ਸਰਕਾਰ ਰਾਜ ਸਰਕਾਰਾਂ ਤੇ ਪ੍ਰਾਈਵੇਟ ਅਦਾਰਿਆਂ 'ਤੇ ਇਸ ਦੀ ਜ਼ੁੰਮੇਵਾਰੀ ਸੁੱਟ ਕੇ ਭੱਜ ਜਾਣਾ ਚਾਹੁੰਦੀ ਹੈ। ਸਾਨੂੰ ਇਹ ਸਬਕ ਮਿਲਦਾ ਹੈ ਕਿ ਅਜਿਹੀ ਮਹਾਮਾਰੀ ਦਾ ਮੁਕਾਬਲਾ ਸਭ ਨੂੰ ਮਿਲਕੇ ਕਰਨਾ ਚਾਹੀਦਾ ਹੈ। ਕੇਂਦਰ ਸਰਕਾਰ ਨੂੰ ਰਾਸ਼ਟਰੀ ਕਾਰਜ ਯੋਜਨਾ ਬਣਾ ਕੇ ਕੰਮ ਕਰਨਾ ਚਾਹੀਦਾ ਹੈ।
ਕੋਰੋਨਾ ਦਾ ਦੂਜਾ ਹਮਲਾ
ਸਾਡੇ ਦੇਸ਼ ਦੀ ਸਰਕਾਰ ਅਤੇ ਲੋਕ ਇਹ ਐਲਾਨ ਕਰ ਰਹੇ ਸਨ ਕਿ ਉਨ੍ਹਾਂ ਨੇ ਕੋਰੋਨਾ ਨੂੰ ਹਰਾ ਦਿੱਤਾ ਹੈ।ਸਭ ਕੁਝ ਪਹਿਲਾਂ ਵਾਂਗ ਚੱਲਣ ਲੱਗ ਪਿਆ ਸੀ ਕਿ ਕੋਰੋਨਾ ਨੇ ਹੱਲਾ ਬੋਲ ਦਿੱਤਾ । ਇਹ ਹੱਲਾ ਪਹਿਲੇ ਹੱਲੇ ਨਾਲੋਂ ਵਧ ਖ਼ਤਰਨਾਕ ਸੀ।ਇਸ ਵਿਚ ਜ਼ਿਆਦਾ ਲੋਕਾਂ ਨੂੰ ਬਿਮਾਰੀ ਹੋ ਰਹੀ ਸੀ, ਇਸ ਦੀ ਪਹੁੰਚ ਹਰ ਘਰ ਤੱਕ ਹੋ ਗਈ, ਨੌਜਵਾਨ ਵੀ ਇਸ ਦੇ ਘੇਰੇ ਵਿੱਚ ਆ ਗਏ। ਇਹ ਘਾਤਕ ਵੀ ਸੀ, ਇਸ ਲਈ ਮੌਤ ਦਰ ਵਧ ਗਈ। ਪਹਿਲੇ ਹੱਲੇ ਵੇਲੇ ਜਿਹੜੇ ਵੀ ਆਰਜ਼ੀ ਹਸਪਤਾਲ ਬਣਾਏ ਗਏ ਸਨ ,ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਜੋ ਵੈਂਟੀਲੇਟਰ ਕੇਂਦਰ ਵੱਲੋਂ ਖਰੀਦ ਕੇ ਰਾਜਾਂ ਨੂੰ ਭੇਜੇ ਗਏ ਸਨ, ਉਹਨਾਂ ਨੂੰ ਚਾਲੂ ਨਹੀਂ ਕੀਤਾ ਗਿਆ ਸੀ । ਜਦੋਂ ਮਰੀਜ਼ਾਂ ਦਾ ਹੜ੍ਹ ਆਇਆ ਤਾਂ ਕਿਸੇ ਨੂੰ ਬੈੱਡ ਨਹੀਂ ਮਿਲਿਆ,ਕਿਸੇ ਨੂੰ ਆਕਸੀਜਨ, ਕਿਸੇ ਨੂੰ ਵੈਂਟੀਲੇਟਰ। ਲੋਕਾਂ ਦੇ ਸਾਹਮਣੇ ਉਹਨਾਂ ਦੇ ਪਿਆਰੇ ਇਲਾਜ ਖੁਣੋਂ ਦਮ ਤੋੜ ਗਏ। ਸਰਕਾਰ ਦੇ ਇੰਤਜ਼ਾਮਾਂ ਦੀ ਪੋਲ ਖੁੱਲ੍ਹ ਗਈ।
ਮਾਨਵ ਸੰਸਾਧਨ
ਇਕ ਸਬਕ ਅਸੀਂ ਇਹ ਸਿੱਖਿਆ ਕਿ ਅਸੀਂ ਇਮਾਰਤਾਂ ਤਾਂ ਖੜੀਆਂ ਕਰ ਸਕਦੇ ਹਾਂ,ਉਸ ਵਿਚ ਔਜ਼ਾਰ ਵੀ ਲਗਾ ਸਕਦੇ ਹਾਂ ,ਪਰ ਜੇ ਸਾਡੇ ਕੋਲ ਸਹੀ ਗਿਣਤੀ ਵਿਚ ਡਾਕਟਰ, ਨਰਸਾਂ ਤੇ ਹੋਰ ਸਿਹਤ ਕਰਮਚਾਰੀ ਨਹੀਂ ਹਨ ਤਾਂ ਅਜਿਹੇ ਹਸਪਤਾਲ ਕਿਸੇ ਕੰਮ ਦੇ ਨਹੀਂ। ਵੈਂਟੀਲੇਟਰ ਹਨ ਤਾਂ ਉਨ੍ਹਾਂ ਨੂੰ ਚਲਾਉਣ ਲਈ ਸਿੱਖਿਅਤ ਕਰਮਚਾਰੀ ਨਹੀਂ ਹਨ। ਸਿਹਤ ਕਾਮਿਆਂ ਦੀ ਭਰਤੀ ਕਈ ਦਹਾਕਿਆਂ ਤੋਂ ਨਹੀਂ ਕੀਤੀ ਗਈ ਹੈ ।ਜੇ ਕੀਤੀ ਵੀ ਤਾਂ ਠੇਕੇ 'ਤੇ। ਡਾਕਟਰ ਤੇ ਨਰਸਾਂ ਪਿਛਲੇ ਇਕ ਸਾਲ ਤੋਂ ਲਗਾਤਾਰ ਡਿਊਟੀ ਕਰ ਰਹੇ ਹਨ ਅਤੇ ਕਈ ਕਰੋਨਾ ਦੀ ਜੰਗ ਵਿਚ ਸ਼ਹੀਦ ਵੀ ਹੋਏ ਹਨ।ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਦੁਬਾਰਾ ਅਜਿਹੇ ਹਾਲਾਤ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਸਾਨੂੰ ਮੈਡੀਕਲ ਕਾਲਜ, ਨਰਸਿੰਗ ਕਾਲਜਾਂ ਅਤੇ ਹੋਰ ਸਿਹਤ ਸਬੰਧੀ ਕਿੱਤਿਆਂ ਦੀ ਪੜ੍ਹਾਈ ਤੇ ਜ਼ੋਰ ਦੇਣਾ ਪਵੇਗਾ ।ਇਸ ਕਿੱਤੇ ਨੂੰ ਇੰਨਾ ਆਕਰਸ਼ਕ ਬਣਾਉਣਾ ਪਵੇਗਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਦੂਰ ਨਾ ਭੱਜਣ।
ਸਭ ਤੋਂ ਵੱਡਾ ਸਬਕ ਜੋ ਅਸੀਂ ਸਿੱਖਿਆ ਹੈ ਉਹ ਇਹ ਹੈ ਕਿ ਸਾਨੂੰ ਪਹਿਲਾਂ ਤੋਂ ਹੀ ਤਿਆਰ ਰਹਿਣਾ ਚਾਹੀਦਾ ਹੈ। ਚਾਹੇ ਅਜਿਹੀ ਮਹਾਮਾਰੀ ਸਦੀ ਵਿੱਚ ਇੱਕ ਵਾਰ ਹੀ ਆਉਂਦੀ ਹੋਵੇ ਸਾਨੂੰ ਆਪਣੇ ਸਿਹਤ ਢਾਂਚੇ ਨੂੰ ਮਜ਼ਬੂਤ ਬਣਾਉਣਾ ਪਵੇਗਾ ਅਜਿਹੇ ਡਾਕਟਰਾਂ ਤੇ ਸੰਸਥਾਵਾਂ ਨੂੰ ਉਤਸ਼ਾਹਿਤ ਕਰਨਾ ਪਵੇਗਾ ਜੋ ਅਜਿਹੀ ਮਹਾਮਾਰੀ ਦੀ ਸਮੇਂ ਸਿਰ ਚਿਤਾਵਨੀ ਦੇ ਸਕਣ ਤੇ ਉਸ ਤੋਂ ਨਿਪਟਣ ਦੀ ਯੋਜਨਾ ਬਣਾ ਸਕਣ ।ਜ਼ਿਲ੍ਹਾ ਪੱਧਰ 'ਤੇ ਸਾਰੀਆਂ ਸੁਵਿਧਾਵਾਂ ਨਾਲ ਲੈੱਸ ਸਰਕਾਰੀ ਹਸਪਤਾਲ ਬਣਾਉਣ ਦੀ ਵੀ ਲੋੜ ਹੈ ।ਸਾਡੇ ਦੇਸ਼ ਨੂੰ ਕਾਰਜਕਾਰੀ ਯੋਜਨਾ ਦੀ ਲੋੜ ਹੈ ਨਾ ਕਿ ਜੁਗਾੜੂ ਤਰੀਕਿਆਂ ਦੀ।
ਡਾਕਟਰ ਅਰਵਿੰਦਰ ਸਿੰਘ ਨਾਗਪਾਲ
ਐੱਮ ਬੀ ਬੀ ਐੱਸ, ਐੱਮ ਡੀ,
9815177324
ਨੋਟ: ਕੋਰੋਨਾ ਕਾਲ ਦੇ ਗੰਭੀਰ ਨਤੀਜੇ ਮਨੁੱਖ ਨੂੰ ਕੀ-ਕੀ ਸੰਦੇਸ਼ ਦੇ ਰਹੇ ਹਨ? ਕੁਮੈਂਟ ਕਰਕੇ ਦਿਓ ਆਪਣੀ ਰਾਏ