ਫਿਰੋਜ਼ਪੁਰ ''ਚ ਰੂਹ ਕੰਬਾਊ ਹਾਦਸੇ ਦੌਰਾਨ 2 ਲੋਕਾਂ ਦੀ ਮੌਤ, ਗੱਡੀਆਂ ਦੇ ਉੱਡੇ ਪਰਖੱਚੇ
Thursday, Jul 31, 2025 - 03:34 PM (IST)

ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ ਦੇ ਪਿੰਡ ਲੇਲੀ ਵਾਲਾ ਵਿਖੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਅਤੇ 4 ਦੇ ਕਰੀਬ ਲੋਕ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਗੁਰਮੀਤ ਸਿੰਘ ਅਤੇ ਮਨੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਖਲਚੀਆਂ ਦਾ ਰਹਿਣ ਵਾਲਾ ਇੱਕ ਪਰਿਵਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਆਪਣੇ ਪਿੰਡ ਖਲਚੀਆਂ ਕਦੀਮ ਆ ਰਿਹਾ ਸੀ। ਦੂਜੇ ਪਾਸਿਓਂ ਗੱਡੀ 'ਚ ਸਵਾਰ ਲੋਕ ਅੰਮ੍ਰਿਤਸਰ ਸਾਈਡ ਤੋਂ ਆਪਣੇ ਪਿੰਡ ਵੱਲ ਜਾ ਰਹੇ ਸੀ।
ਇਸ ਦੌਰਾਨ ਲੇਲੀ ਵਾਲਾ ਦੇ ਨੇੜੇ ਦੋਵੇਂ ਗੱਡੀਆਂ ਆਪਸ 'ਚ ਟਕਰਾ ਗਈਆਂ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਹਾਂ ਗੱਡੀਆਂ ਦੇ ਪਰਖੱਚੇ ਹੀ ਉੱਡ ਗਏ। ਦੋਹਾਂ ਗੱਡੀਆਂ 'ਚ ਸਵਾਰ ਇਕ-ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਕੁੱਲ 4 ਤੋਂ 5 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਫ਼ਰੀਦਕੋਟ ਮੈਡੀਕਲ ਵਿਖੇ ਰੈਫ਼ਰ ਕੀਤਾ ਗਿਆ ਹੈ। ਉੱਥੇ ਹੀ ਮੌਕੇ 'ਤੇ ਪੁੱਜੀ ਪੁਲਸ ਵੱਲੋਂ ਬੜੀ ਮੁਸ਼ੱਕਤ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ 'ਚ ਇਲਾਜ ਲਈ ਦਾਖ਼ਲ ਕਰਾਇਆ ਗਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।