ਬਿਜਲੀ ਮੰਤਰੀ ਵੱਲੋਂ ਲੁਧਿਆਣਾ ਵਿਖੇ ਅਚਨਚੇਤ ਦੌਰਾ, ਦੇਰੀ ਨਾਲ ਆਉਣ ਵਾਲੇ ਮੁਲਾਜ਼ਮਾਂ ਨੂੰ ਦਿੱਤੀ ਇਹ ਚਿਤਾਵਨੀ

05/22/2023 9:04:26 PM

ਚੰਡੀਗੜ੍ਹ/ਲੁਧਿਆਣਾ (ਬਿਊਰੋ) : ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਮੁਲਾਜ਼ਮਾਂ ਦੀ ਹਾਜ਼ਰੀ ਦੀ ਚੈਕਿੰਗ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦਫ਼ਤਰ ਲੁਧਿਆਣਾ ਦਾ ਅਚਨਚੇਤ ਦੌਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੇਰੀ ਨਾਲ ਆਉਣ ਵਾਲੇ ਮੁਲਾਜ਼ਮਾਂ ਦੀ ਖਿਚਾਈ ਕਰਦਿਆਂ ਉਨ੍ਹਾਂ ਨੂੰ ਸਖ਼ਤ ਚਿਤਾਵਨੀ ਦਿੱਤੀ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਧਾਲੀਵਾਲ ਨੇ ਆਦਮਪੁਰ ਹਲਕੇ ਲਈ 29 ਕਰੋੜ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਕੀਤਾ ਐਲਾਨ

ਕੈਬਨਿਟ ਮੰਤਰੀ, ਵਿਧਾਇਕ ਮਦਨ ਲਾਲ ਬੱਗਾ ਦੇ ਨਾਲ ਅੱਜ ਸਵੇਰੇ 7.50 ਵਜੇ ਦੇ ਕਰੀਬ ਫਿਰੋਜ਼ਪੁਰ ਰੋਡ ਸਥਿਤ ਪੀਐੱਸਪੀਸੀਐੱਲ ਦਫ਼ਤਰ ਪੁੱਜੇ ਅਤੇ ਮੁਲਾਜ਼ਮਾਂ ਦੇ ਹਾਜ਼ਰੀ ਰਜਿਸਟਰਾਂ ਦੀ ਜਾਂਚ ਕੀਤੀ ਤੇ ਵੱਖ-ਵੱਖ ਸ਼ਾਖਾਵਾਂ 'ਚ ਤਾਇਨਾਤ ਸਾਰੇ ਮੁਲਾਜ਼ਮਾਂ ਨੂੰ ਇਕ-ਇਕ ਕਰਕੇ ਬੁਲਾਇਆ ਅਤੇ ਦਫ਼ਤਰ 'ਚ ਉਨ੍ਹਾਂ ਦੀ ਮੌਜੂਦਗੀ ਚੈੱਕ ਕੀਤੀ। ਚੈਕਿੰਗ ਦੀ ਕਾਰਵਾਈ ਸਮਾਪਤ ਹੋਣ ਉਪਰੰਤ ਉਨ੍ਹਾਂ ਕਿਹਾ ਕਿ ਇਸ ਅਚਨਚੇਤ ਦੌਰੇ ਦਾ ਮੰਤਵ ਵਿਭਾਗ ਦੇ ਸਟਾਫ਼ ਦਾ ਸਮੇਂ ਸਿਰ ਡਿਊਟੀ 'ਤੇ ਹਾਜ਼ਰ ਹੋਣ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਆਪਣੇ ਸ਼ਨਾਖਤੀ ਕਾਰਡ ਪਹਿਨਣ ਲਈ ਵੀ ਕਿਹਾ।

ਇਹ ਵੀ ਪੜ੍ਹੋ : ਤਰੁਣ ਚੁੱਘ ਨੇ '84 ਦੰਗਿਆਂ ਦੇ ਕੇਸ 'ਚ ਟਾਈਟਲਰ ਵਿਰੁੱਧ CBI ਦੀ ਚਾਰਜਸ਼ੀਟ ਦਾ ਕੀਤਾ ਸਵਾਗਤ

ਹਰਭਜਨ ਸਿੰਘ ਈ.ਟੀ.ਓ. ਨੇ ਅਧਿਕਾਰੀਆਂ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਕੰਮਕਾਜ ਵਿੱਚ ਕਿਸੇ ਵੀ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਪ੍ਰੇਸ਼ਾਨੀ ਨਾ ਝੱਲਣੀ ਪਵੇ। ਇਸ ਦੇ ਨਾਲ ਹੀ ਉਨ੍ਹਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਆਪਣੇ ਰੋਜ਼ਾਨਾ ਦੇ ਕੰਮਕਾਰ ਕਰਵਾਉਣ ਲਈ ਲੋਕਾਂ ਨੂੰ ਢੁੱਕਵੀਂ ਸਹੂਲਤ ਪ੍ਰਦਾਨ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਕੋਈ ਦਿੱਕਤ ਦਰਪੇਸ਼ ਨਾ ਆਵੇ।

ਇਹ ਵੀ ਪੜ੍ਹੋ : ਬਾਥਰੂਮ 'ਚੋਂ ਮਿਲੀ ਅਭਿਨੇਤਾ ਆਦਿਤਿਆ ਸਿੰਘ ਰਾਜਪੂਤ ਦੀ ਲਾਸ਼, ਰਾਤ ਦੋਸਤਾਂ ਨਾਲ ਕੀਤੀ ਪਾਰਟੀ, ਫਿਰ ਅਚਾਨਕ...

ਉਨ੍ਹਾਂ ਕਿਹਾ ਕਿ ਸਰਕਾਰ ਆਗਾਮੀ ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਏਗੀ ਅਤੇ ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਪੀਐੱਸਪੀਸੀਐੱਲ ਵੱਲੋਂ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ। ਲੁਧਿਆਣਾ ਸ਼ਹਿਰ ਦੇ ਦੇਸ਼ ਦਾ ਉਦਯੋਗਿਕ ਧੁਰਾ ਹੋਣ ਦੇ ਨਾਤੇ ਪੀਐੱਸਪੀਸੀਐੱਲ ਇੱਥੋਂ ਉਦਯੋਗਾਂ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ ਤਾਂ ਜੋ ਉਹ ਬਿਨਾਂ ਕਿਸੇ ਪਾਵਰ ਕੱਟ ਦੇ ਆਪਣਾ ਕੰਮ ਜਾਰੀ ਰੱਖ ਸਕਣ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਸਬੰਧੀ ਇੰਡਸਟਰੀ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ। ਇਸ ਮੌਕੇ ਪੀਐੱਸਪੀਸੀਐੱਲ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News