ਸਰਕਾਰੀ ਹਸਪਤਾਲ ਤਰਸਿੱਕਾ ਦੀ ਅਚਨਚੇਤ ਚੈਕਿੰਗ

Wednesday, Dec 27, 2017 - 07:28 AM (IST)

ਸਰਕਾਰੀ ਹਸਪਤਾਲ ਤਰਸਿੱਕਾ ਦੀ ਅਚਨਚੇਤ ਚੈਕਿੰਗ

ਅੰਮ੍ਰਿਤਸਰ, (ਛੀਨਾ)- ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਕਮਿਊਨਿਟੀ ਸਿਹਤ ਕੇਂਦਰ ਤਰਸਿੱਕਾ ਦੀ ਬੀਤੀ ਸ਼ਾਮ ਅਚਨਚੇਤ ਚੈਕਿੰਗ ਕੀਤੇ ਜਾਣ ਨਾਲ ਸਾਰੇ ਸਟਾਫ 'ਚ ਹੜਕੰਪ ਮਚ ਗਿਆ ਕਿਉਂਕਿ ਕਈ ਡਾਕਟਰ ਗੈਰ-ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਕਮਿਊਨਿਟੀ ਸਿਹਤ ਕੇਂਦਰ ਤਰਸਿੱਕਾ ਵਿਖੇ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਪ੍ਰਤੀ ਵਰਤੀ ਜਾ ਰਹੀ ਲਾਪ੍ਰਵਾਹੀ ਦੀਆਂ ਲਗਾਤਾਰ ਵਿਧਾਇਕ ਡੈਨੀ ਬੰਡਾਲਾ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ। ਬੀਤੀ ਸ਼ਾਮ ਇਕ ਸੜਕ ਹਾਦਸੇ ਦਾ ਸ਼ਿਕਾਰ ਹੋਏ 2 ਮੋਟਰਸਾਈਕਲ ਸਵਾਰ ਵਿਅਕਤੀ ਜਿਨ੍ਹਾਂ 'ਚੋਂ ਇਕ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਸੀ ਤੇ ਦੂਜੇ ਗੰਭੀਰ ਜ਼ਖਮੀ ਨੂੰ ਇਲਾਜ ਵਾਸਤੇ ਤੁਰੰਤ ਤਰਸਿੱਕਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਪਰ ਉਥੇ ਨਿੱਤ ਦੇ ਵਰਤਾਰੇ ਵਾਂਗ ਡਾਕਟਰ ਸਾਹਿਬ ਡਿਊਟੀ 'ਤੇ ਮੌਜੂਦ ਨਹੀਂ ਸਨ, ਜਿਸ ਕਾਰਨ ਗੰਭੀਰ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਅੰਮ੍ਰਿਤਸਰ ਵਿਖੇ ਲਿਆਂਦਾ ਗਿਆ ਪਰ ਇਸ ਸਾਰੇ ਘਟਨਾਚੱਕਰ ਦੀ ਸੂਚਨਾ ਮਿਲਦਿਆਂ ਹੀ ਵਿਧਾਇਕ ਡੈਨੀ ਬੰਡਾਲਾ ਬਿਨਾਂ ਦੇਰੀ ਕੀਤਿਆਂ ਤਰਸਿੱਕਾ ਦੇ ਸਰਕਾਰੀ ਹਸਪਤਾਲ ਪੁੱਜ ਗਏ ਤੇ ਡਾਕਟਰਾਂ ਸਮੇਤ ਸਾਰੇ ਸਟਾਫ ਦਾ ਰਿਕਾਰਡ ਚੈੱਕ ਕੀਤਾ।
ਜਾਣਕਾਰੀ ਮੁਤਾਬਕ ਸਰਕਾਰੀ ਹਸਪਤਾਲ ਤਰਸਿੱਕਾ 'ਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ 6 ਡਾਕਟਰ ਤਾਇਨਾਤ ਹਨ, ਜਿਨ੍ਹਾਂ 'ਚੋਂ 3 ਡਾਕਟਰ ਡੈਪੂਟੇਸ਼ਨ 'ਤੇ ਅੰਮ੍ਰਿਤਸਰ ਵਿਖੇ ਡਿਊਟੀ ਕਰ ਰਹੇ ਹਨ ਪਰ ਤਨਖਾਹ ਸਿਹਤ ਕੇਂਦਰ ਤਰਸਿੱਕਾ ਤੋਂ ਹੀ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਨੇ ਸਰਕਾਰੀ ਹਸਪਤਾਲ ਦਾ ਰਿਕਾਰਡ ਚੈੱਕ ਕਰਨ ਤੋਂ ਬਾਅਦ ਮੌਜੂਦ ਸਾਰੇ ਸਟਾਫ ਨੂੰ ਤਾੜਨਾ ਕੀਤੀ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਲਾਪ੍ਰਵਾਹ ਡਾਕਟਰਾਂ ਅਤੇ ਸਟਾਫ ਖਿਲਾਫ ਬਣਦੀ ਉਚਿਤ ਕਾਰਵਾਈ ਜ਼ਰੂਰ ਅਮਲ 'ਚ ਲਿਆਂਦੀ ਜਾਵੇਗੀ। ਸ. ਡੈਨੀ ਵੱਲੋਂ ਇਸ ਮਾਮਲੇ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਸਿਵਲ ਸਰਜਨ ਦੇ ਧਿਆਨ 'ਚ ਲਿਆਉਣ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਲਈ ਇਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ।


Related News