ਬੇਰੋਜ਼ਗਾਰ ਨੌਜਵਾਨ ਫਸ ਰਿਹੈ ਨਸ਼ਿਅਾਂ ਦੀ ਦਲਦਲ ’ਚ, ਚਿੱਟੇ ਕਾਰਨ ਜ਼ਿਆਦਾਤਰ ਉੱਜੜ ਰਹੇ ਹਨ ਘਰ
Monday, Jul 02, 2018 - 12:04 AM (IST)
ਬਟਾਲਾ, (ਸੈਂਡੀ)- ਪੰਜਾਬ ਦੀ ਬੇਰੋਜ਼ਗਾਰ ਨੌਜਵਾਨ ਪੀੜ੍ਹੀ ਨਸ਼ਿਅਾਂ ਦੀ ਦਲਦਲ ’ਚ ਬੁਰੀ ਤਰ੍ਹਾਂ ਫਸ ਚੁੱਕੀ ਹੈ। ਵੱਡੀ ਗਿਣਤੀ ’ਚ ਨੌਜਵਾਨ ਇਸ ਦੀ ਲਪੇਟ ’ਚ ਆ ਚੁੱਕੇ ਹਨ। ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ, ਪਠਾਨਕੋਟ ’ਚ ਨਸ਼ੇ ਦੀ ਓਵਰਡੋਜ਼ ਕਰ ਕੇ ਆਪਣੀ ਜਾਨ ਗੁਅਾ ਚੁੱਕੇ ਨੌਜਵਾਨਾਂ ਦੀਅਾਂ ਖਬਰਾਂ ਪੜ੍ਹੀਅਾਂ ਹਨ। ਇੰਝ ਹੀ ਜ਼ਿਲਾ ਗੁਰਦਾਸਪੁਰ ’ਚ ਨਸ਼ੇ ਦੀ ਓਵਰਡੋਜ਼ ਲੈਣ ਨਾਲ ਕਈ ਵਿਅਕਤੀਅਾਂ ਦੀ ਮੌਤ ਹੋ ਚੁੱਕੀ ਹੈ। ਜਿਸ ਕਾਰਨ ਜ਼ਿਆਦਾਤਰ ਘਰ ਉੱਜੜ ਗਏ ਹਨ। ਸ਼ਰਮ ਦੇ ਕਾਰਨ ਉਨ੍ਹਾਂ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਂਦਾ ਅਤੇ ਮਰਨ ਵਾਲੇ ਦਾ ਨਾਂ ਰਿਕਾਰਡ ’ਚ ਨਹੀਂ ਆਉਂਦਾ।
ਗੌਰਤਲਬ ਹੈ ਕਿ ਜੋ ਵਿਅਕਤੀ ਨਸ਼ਾ ਕਰਦਾ ਹੈ, ਉਹ ਇਕ ਤਰ੍ਹਾਂ ਸਰੀਰਕ ਤੇ ਮਾਨਸਿਕ ਰੂਪ ’ਚ ਆਪਣਾ ਸੰਤੁਲਨ ਗੁਅਾ ਬੈਠਦਾ ਹੈ। ਦੂਜੇ ਪਾਸੇ ਸਮਾਜ ’ਚ ਵੀ ਚੰਗੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ। ਉਹ ਆਪਣਾ ਸਮਾਜ ’ਚ ਅਹੁਦਾ, ਇੱਜ਼ਤ ਸਭ ਕੁਝ ਗੁਅਾ ਬੈਠਦਾ ਹੈ। ਨੌਜਵਾਨਾਂ ਦੇ ਨਸ਼ਿਅਾਂ ’ਚ ਫਸਣ ਦੇ ਕਈ ਕਾਰਨ ਹਨ। ਇਨ੍ਹਾਂ ’ਚੋਂ ਇਕ ਕਾਰਨ ਪੱਛਮੀ ਸੰਸਕ੍ਰਿਤੀ ਦੀ ਦੇਖੋ-ਦੇਖੀ ਕਰਨਾ ਵੀ ਹੈ। ਪੱਛਮੀ ਦੇਸ਼ਾਂ ’ਚ ਕੈਮੀਕਲ ਯੁਕਤ ਨਸ਼ੇ ਦੀ ਵਰਤੋਂ ਜ਼ਿਆਦਾ ਹੁੰਦੀ ਹੈ, ਜਿਸ ਕਰ ਕੇ ਸਾਡੇ ਨੌਜਵਾਨ ਵੀ ਨਸ਼ਾ ਕਰਨ ਲੱਗੇ ਹਨ। ਇਨ੍ਹਾਂ ’ਚ ਨਸ਼ੇ ਵਾਲੀਅਾਂ ਗੋਲੀਅਾਂ ਅਤੇ ਟੀਕੇ ਮੁੱਖ ਹਨ। ਨਸ਼ਿਅਾਂ ’ਤੇ ਪੂਰੀ ਤਰ੍ਹਾਂ ਰੋਕ ਲਾਉਣ ਲਈ ਪ੍ਰਸ਼ਾਸਨ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਸਾਨੂੰ ਆਪਣੇ ਦੇਸ਼ ਨੂੰ ਵਿਕਸਿਤ ਦੇਸ਼ਾਂ ਦੀ ਸੂਚੀ ’ਚ ਲਿਅਾਉਣਾ ਹੈ।
