ਬੇਰੋਜ਼ਗਾਰ ਵੈਟਰਨਰੀ ਇੰਸਪੈਕਟਰਾਂ ਨੇ ਚੰਡੀਗੜ੍ਹ ''ਚ ਕੀਤੇ ਬੂਟ ਪਾਲਸ਼

Friday, Sep 06, 2019 - 12:06 PM (IST)

ਬੇਰੋਜ਼ਗਾਰ ਵੈਟਰਨਰੀ ਇੰਸਪੈਕਟਰਾਂ ਨੇ ਚੰਡੀਗੜ੍ਹ ''ਚ ਕੀਤੇ ਬੂਟ ਪਾਲਸ਼

ਚੰਡੀਗੜ੍ਹ (ਭੁੱਲਰ) : ਆਪਣੇ ਰੋਜ਼ਗਾਰ ਲਈ ਅੰਦਲੋਨ ਕਰ ਰਹੇ ਪੰਜਾਬ ਦੇ ਬੇਰੋਜ਼ਗਾਰ ਵੈਟਰਨਰੀ ਇੰਸਪੈਕਟਰਾਂ ਦੀ ਐਸੋਸੀਏਸ਼ਨ ਦੇ ਆਗੂਆਂ ਵਲੋਂ ਚੰਡੀਗੜ੍ਹ ਪਹੁੰਚ ਕੇ ਬੂਟ ਪਾਲਸ਼ ਕੀਤੇ ਗਏ। ਇਸ ਦਾ ਮਕਸਦ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੀ ਬੇਰੁਖੀ ਖਿਲਾਫ ਲੋਕਾਂ ਦਾ ਧਿਆਨ ਆਕਰਸ਼ਿਤ ਕਰਨਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਬੇਰੋਜ਼ਗਾਰ ਵੈਟਰਨਰੀ ਇੰਸਪੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟੋਰੇਟ ਅੱਗੇ ਅਣਮਿੱਥੇ ਸਮੇਂ ਲਈ ਭੁੱਖ-ਹੜਤਾਲ 'ਤੇ ਵੀ ਬੈਠੇ ਹਨ।

ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਤੇ ਮੀਤ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ ਸਰਕਾਰ ਡਿਪਲੋਮਾ ਹੋਲ਼ਡਰ ਬੇਰੋਜ਼ਗਾਰ ਵੈਟਰਨਰੀ ਇੰਸਪੈਕਟਰਾਂ ਨੂੰ ਰੋਜ਼ਗਾਰ ਦੇਣ ਲਈ ਬਿਲਕੁਲ ਵੀ ਗੰਭੀਰ ਨਹੀਂ, ਜਦੋਂ ਕਿ ਸੂਬੇ ਦੇ ਪਸ਼ੂ ਹਸਪਤਾਲਾਂ 'ਚ ਵੱਡੀ ਗਿਣਤੀ 'ਚ ਅਹੁਦੇ ਖਾਲੀ ਪਏ ਹਨ। ਉਨ੍ਹਾਂ ਘੱਟੋ-ਘੱਟ 600 ਪੋਸਟਾਂ ਉੱਪਰ ਭਰਤੀ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਬੇਰੋਜ਼ਗਾਰ ਵੈਟਰਨਰੀ ਇੰਸਪੈਕਟਰਾਂ ਦੇ ਅੰਦੋਲਨ ਦਾ ਸਮਰਥਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਗੱਲਬਾਤ ਰਾਹੀਂ ਰੋਜ਼ਗਾਰ ਦਾ ਮਾਮਲਾ ਤੁਰੰਤ ਸੁਲਝਾਇਆ ਜਾਵੇ।


author

Babita

Content Editor

Related News