ਬੇਰੋਜ਼ਗਾਰ ਅਧਿਆਪਕਾਂ ਨੇ ਵਿੱਤ ਮੰਤਰੀ ਦਫ਼ਤਰ ਮੂਹਰੇ ਕੀਤਾ ਰੋਸ ਪ੍ਰਦਰਸ਼ਨ
Sunday, Dec 15, 2019 - 08:43 PM (IST)

ਬਠਿੰਡਾ, (ਸੁਖਵਿੰਦਰ)- ਟੈੱਟ ਪਾਸ ਬੇਰੋਜ਼ਗਾਰ ਅਧਿਆਪਕਾਂ ਨੇ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਬੇਰੋਜ਼ਗਾਰ ਅਧਿਆਪਕਾਂ ਨੇ ਖ਼ਜ਼ਾਨਾ ਮੰਤਰੀ ਦਫ਼ਤਰ ਅੱਗੇ ਪੁੱਜ ਕੇ ਰੋਸ ਪ੍ਰਦਰਸ਼ਨ ਕੀਤਾ। ਬਾਅਦ 'ਚ ਖਜ਼ਾਨਾ ਮੰਤਰੀ ਦੇ ਨਿੱਜੀ ਸਹਾਇਕ ਨੂੰ ਮੰਗ-ਪੱਤਰ ਸੌਂਪਿਆ। ਇਸ ਮੌਕੇ ਸੂਬਾਈ ਆਗੂ ਯੁੱਧਜੀਤ ਬਠਿੰਡਾ ਅਤੇ ਈ. ਟੀ. ਟੀ. ਬੇਰੋਜ਼ਗਾਰ ਅਧਿਆਪਕ ਆਗੂ ਰਾਜ ਕੁਮਾਰ ਬੁਢਲਾਡਾ ਨੇ ਕਿਹਾ ਕਿ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਅਧਿਆਪਕ ਲੰਮੇ ਸਮੇਂ ਤੋਂ ਆਵਾਜ਼ ਉਠਾ ਰਹੇ ਹਨ ਪਰ ਉਨ੍ਹਾਂ ਨੂੰ ਰੋਜ਼ਗਾਰ ਦੀ ਬਜਾਏ ਲਾਠੀਆਂ ਖਾਣ ਨੂੰ ਮਿਲਦੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਫਿਰ ਤੋਂ ਸਿੱਖਿਆ ਮੰਤਰੀ ਅਤੇ ਉੱਚ ਸਿੱਖਿਆ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ 18 ਦਸੰਬਰ ਦੀ ਕੈਬਨਿਟ ਮੀਟਿੰਗ 'ਚ ਉਨ੍ਹਾਂ ਦੇ ਮਾਮਲਿਆਂ 'ਤੇ ਚਰਚਾ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਮੀਟਿੰਗ 'ਚ ਉਨ੍ਹਾਂ ਦੇ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ 25 ਦਸੰਬਰ ਨੂੰ ਵੱਖ-ਵੱਖ ਸਹਿਯੋਗੀ ਸੰਗਠਨਾਂ ਦੀ ਮਦਦ ਨਾਲ ਸਿੱਖਿਆ ਮੰਤਰੀ ਦੇ ਇਲਾਕੇ 'ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸੁਬਾਈ ਆਗੂ ਬਲਕਾਰ ਸਿੰਘ ਮਘਾਣੀਆ ਨੇ ਮੰਗ ਕੀਤੀ ਕਿ ਬੀ. ਐੱਡ. ਅਧਿਆਪਕਾਂ ਦੀ ਭਰਤੀ ਲਈ ਗ੍ਰੈਜੂਏਸ਼ਨ 'ਚੋਂ 55 ਫੀਸਦੀ ਅਤੇ ਈ. ਟੀ. ਟੀ. ਦੀ ਭਰਤੀ ਲਈ ਗ੍ਰੈਜੂਏਸ਼ਨ ਦੀ ਸ਼ਰਤ ਖਤਮ ਕੀਤੀ ਜਾਵੇ, ਬੀ. ਐੱਡ. ਦੀਆਂ 15 ਹਜ਼ਾਰ ਅਤੇ ਈ. ਟੀ. ਟੀ. ਦੀਆਂ 12 ਹਜ਼ਾਰ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ, ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ।
ਇਸ ਮੌਕੇ ਐੱਸ. ਐੱਸ. ਏ ਰਮਸਾ ਯੂਨੀਅਨ ਦੇ ਹਰਜੀਤ ਜੀਦਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਤਾਰਾ ਚੰਦ ਬਰੇਟਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੋਂ ਸ਼ਿੰਗਾਰਾ ਸਿੰਘ ਮਾਨ, ਦਰਸ਼ਨ ਸਿੰਘ ਮਾਇਸਰਖਾਨਾ, ਪੰਜਾਬ ਕਿਸਾਨ ਯੂਨੀਅਨ ਵੱਲੋਂ ਗੁਰਜੰਟ ਸਿੰਘ ਬਾਲਿਆਂਵਾਲੀ, ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸੰਗੀਤਾ ਰਾਣੀ, ਡੀ. ਟੀ. ਐੱਫ. ਪੰਜਾਬ ਵੱਲੋਂ ਰੇਸ਼ਮ ਸਿੰਘ, ਤਜਿੰਦਰ ਮਾਨਵਾਲਾ, ਹਰਵਿੰਦਰ ਸਿੰਘ, ਹਰਦੀਪ ਕੌਰ, ਗੁਰਪ੍ਰੀਤ ਕੌਰ, ਪਰਵੀਨ ਕੌਰ, ਕਮਲਜੀਤ ਕੌਰ, ਮਨਦੀਪ ਕੌਰ, ਸ਼ੰਕਰ ਬਰੇਟਾ, ਬਲਵਿੰਦਰ ਸ਼ਰਮਾ ਆਦਿ ਨੇ ਸੰਬੋਧਨ ਕੀਤਾ।