ਬੇਰੋਜ਼ਗਾਰ ਅਧਿਆਪਕਾਂ 'ਤੇ ਮਹਿਲਾ ਦਿਵਸ ਮੌਕੇ ਹੋਏ ਲਾਠੀਚਾਰਜ ਵਿਰੁੱਧ ਆਵਾਜ਼ ਬੁਲੰਦ
Wednesday, Mar 11, 2020 - 04:49 PM (IST)
ਮਾਨਸਾ/ਬੁਢਲਾਡਾ (ਮਿੱਤਲ, ਮਨਜੀਤ) : ਰੋਜ਼ਗਾਰ ਮੰਗਦੇ ਬੇਰੋਜ਼ਗਾਰ ਅਧਿਆਪਕਾਂ 'ਤੇ ਪਟਿਆਲਾ ਵਿਖੇ ਹੋਏ ਪੁਲਸ ਲਾਠੀਚਾਰਜ ਦੀ ਚਾਰੇ ਪਾਸਿਓਂ ਸਖਤ ਸ਼ਬਦਾਂ 'ਚ ਨਿੰਦਿਆਂ ਹੋ ਰਹੀ ਹੈ। ਕੈਪਟਨ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੇ ਨਾਲ-ਨਾਲ ਅਤੇ ਸਤਿਕਾਰ ਦੇਣ ਦਾ ਵੀ ਵਾਅਦਾ ਕੀਤਾ ਸੀ ਪਰ ਸੱਤਾ ਦੀ ਕੁਰਸੀ 'ਤੇ ਬੈਠਦਿਆਂ ਹੀ ਇਹ ਸਭ ਕੁਝ ਭੁਲਾ ਦਿੱਤਾ ਗਿਆ ਹੈ। ਮਹਿਲਾ ਦਿਵਸ ਮੌਕੇ ਬੇਰੋਜ਼ਗਾਰ ਮਹਿਲਾ ਅਧਿਆਪਕਾਂ 'ਤੇ ਅੰਨ੍ਹੇਵਾਹ ਤਸ਼ਦੱਦ ਕਰਕੇ ਸਰਕਾਰ ਨੇ ਇਹ ਸਬੂਤ ਦਿੱਤਾ ਹੈ ਕਿ ਉਸ ਨੂੰ ਬੇਰੋਜ਼ਗਾਰਾਂ ਅਤੇ ਮਨੁੱਖੀ ਭਾਵਨਾਵਾਂ ਨਾਲ ਕੋਈ ਲੈਣਾ ਦੇਣਾ ਨਹੀਂ। ਇਸ ਸੰਬਧੀ ਅਕਾਲੀ ਨੇਤਾਵਾਂ ਨੇ ਆਪਣੇ-ਆਪਣੇ ਪ੍ਰਤਿਕਰਮ ਦੇ ਕੇ ਸਰਕਾਰ ਨੂੰ ਕੋਸਿਆ ਹੈ।
► ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਸਰਕਾਰ ਸੱਤਾ ਦੇ ਨਸ਼ੇ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਗਈ ਹੈ ਅਤੇ ਜਦੋਂ ਹੁਣ ਸਰਕਾਰ ਦਾ ਕਾਰਜਕਾਲ ਥੋੜ੍ਹੇ ਸਮੇਂ ਦਾ ਰਹਿ ਗਿਆ ਹੈ ਤਾਂ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੰਗਣਾ ਲਾਜ਼ਮੀ ਹੈ। ਅਜਿਹੀ ਸਥਿਤੀ ਵਿੱਚ ਲਾਠੀਚਾਰਜ ਕਰਨਾ ਆਪਣੇ ਵਾਅਦਿਆਂ ਤੋਂ ਭੱਜਣਾ ਹੈ।
► ਜਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਦਾ ਕਹਿਣਾ ਹੈ ਕਿ ਪਟਿਆਲਾ ਵਿਖੇ ਬੇਰੁਜਗਾਰ ਅਧਿਆਪਕਾਂ 'ਤੇ ਕੀਤੇ ਪੁਲਸ ਲਾਠੀਚਾਰਜ ਨੂੰ ਦੇਖ ਕੇ ਮਨ ਦੁਖੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਬੇਰੋਜ਼ਗਾਰ ਅਧਿਆਪਕ ਪੜ੍ਹਾਈ ਤੋਂ ਬਾਅਦ ਕੋਰਸ ਕਰਕੇ ਰੋਜ਼ਗਾਰ ਦੀ ਉਮੀਦ 'ਚ ਬੈਠੇ ਹਨ ਪਰ ਉਨ੍ਹਾਂ ਨੂੰ ਰੋਜ਼ਗਾਰ ਦੀ ਥਾਂ 'ਤੇ ਡਾਂਗਾ ਮਿਲੀਆਂ।
ਇਹ ਵੀ ਪੜ੍ਹੋ ► ਲੱਚਰ ਗਾਇਕੀ ਗਾਉਣ ਵਾਲੇ ਗਾਇਕਾਂ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ : ਆਰ. ਨੇਤ
► ਜ਼ਿਲਾ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਧੱਕੇ ਨਾਲ ਬੇਰੋਜ਼ਗਾਰਾਂ ਦਾ ਮੂੰਹ ਬੰਦ ਕਰਨ 'ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਨੂੰ ਧੱਕੇ ਨਾਲ ਬੰਦ ਨਹੀਂ ਕਰਵਾ ਸਕਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਾਂ ਤਾਂ ਉਹ ਸੱਤਾ ਦੇ ਲਾਲਚ ਲਈ ਵਾਅਦੇ ਨਾ ਕਰਦੀ ਜਾਂ ਇਸ ਨੂੰ ਪੂਰਾ ਕਰਕੇ ਦਿਖਾਵੇ।
► ਸ਼੍ਰੌਮਣੀ ਅਕਾਲੀ ਦਲ ਹਲਕਾ ਬੁਢਲਾਡਾ ਦੇ ਇੰਚਾਰਜ ਡਾ. ਨਿਸ਼ਾਨ ਸਿੰਘ ਦਾ ਕਹਿਣਾ ਹੈ ਕਿ ਰੋਜ਼ਗਾਰ ਮੰਗਣਾ ਬੇਰੋਜ਼ਗਾਰਾਂ ਦਾ ਹੱਕ ਹੈ। ਜਿਹੜੀ ਸਰਕਾਰ ਹੱਕਾਂ ਨੂੰ ਧੱਕੇ ਨਾਲ ਦਿਵਾ ਰਹੀ ਹੈ। ਉਸ ਤੋਂ ਸੂਬੇ ਦੀ ਤਰੱਕੀ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਦਿਆਂ ਹੀ ਇਨ੍ਹਾਂ ਅਧਿਆਪਕਾਂ ਨੂੰ ਸਤਿਕਾਰ, ਮਾਣ ਅਤੇ ਰੋਜ਼ਗਾਰ ਪਹਿਲ ਦੇ ਆਧਾਰ 'ਤੇ ਦਿਵਾਉਣ ਲਈ ਵਕਾਲਤ ਕਰਾਂਗੇ।
► ਸੀਨੀਅਰ ਅਕਾਲੀ ਆਗੂ ਸ਼ਾਮ ਲਾਲ ਧਲੇਵਾਂ ਦਾ ਕਹਿਣਾ ਹੈ ਕਿ ਲਾਠੀਚਾਰਜ ਕਿਸੇ ਮਸਲੇ ਦਾ ਹੱਲ ਨਹੀਂ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰ 'ਤੇ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਹ ਸਪੱਸ਼ਟ ਕੀਤਾ ਜਾਵੇ ਕਿ ਇਹ ਲਾਠੀਚਾਰਜ ਕਿਉਂ ਕੀਤਾ ਗਿਆ।
ਇਹ ਵੀ ਪੜ੍ਹੋ ► ਇੰਝ ਸਿਆਸਤ 'ਚ ਆਏ ਸੀ ਕੈਪਟਨ ਅਮਰਿੰਦਰ ਸਿੰਘ, ਛੱਡੀ ਸੀ ਫੌਜ ਦੀ ਨੌਕਰੀ ► ਫਿਲੌਰ : ਖੇਤਾਂ 'ਚੋਂ ਨਾਬਾਲਗ ਕੁੜੀ ਦੀ ਲਾਸ਼ ਮਿਲਣ ਦਾ ਮਾਮਲਾ ਹੱਲ, ਪੁਲਸ ਨੇ ਕੀਤਾ ਖੁਲਾਸਾ