ਠੱਗਾਂ ਨੇ ਠੱਗੀ ਦਾ ਲੱਭਿਆ ਨਵਾਂ ਰਾਹ, ਸੋਸ਼ਲ ਮੀਡੀਆ ’ਤੇ ਰੁਜ਼ਗਾਰ ਦੀ ਤਲਾਸ਼ ਕਰ ਰਹੇ ਲੋਕ ਸਾਵਧਾਨ!

Saturday, Jul 23, 2022 - 07:41 PM (IST)

ਠੱਗਾਂ ਨੇ ਠੱਗੀ ਦਾ ਲੱਭਿਆ ਨਵਾਂ ਰਾਹ, ਸੋਸ਼ਲ ਮੀਡੀਆ ’ਤੇ ਰੁਜ਼ਗਾਰ ਦੀ ਤਲਾਸ਼ ਕਰ ਰਹੇ ਲੋਕ ਸਾਵਧਾਨ!

ਮਾਛੀਵਾੜਾ ਸਾਹਿਬ (ਟੱਕਰ) : ਸ਼ਾਤਿਰ ਠੱਗਾਂ ਵੱਲੋਂ ਲੋਕਾਂ ਨੂੰ ਨਿਵੇਕਲੇ ਢੰਗਾਂ ਨਾਲ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਹੁਣ ਸੋਸ਼ਲ ਮੀਡੀਆ ’ਤੇ ਰੁਜ਼ਗਾਰ ਦੀ ਤਲਾਸ਼ ਕਰ ਰਹੇ ਬੇਰੁਜ਼ਗਾਰਾਂ ਦੇ ਨਾਂ ’ਤੇ ਵੱਖਰੀ ਕਿਸਮ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਲੋਕਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ। ਜਾਣਕਾਰੀ ਅਨੁਸਾਰ ਮਾਛੀਵਾੜਾ ਇਲਾਕੇ ਦੇ ਇਕ ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਦੇਖਿਆ ਜਿਸ ਵਿੱਚ ਪੈੱਨ, ਪੈਂਸਿਲਾਂ ਅਤੇ ਹੋਰ ਸਾਮਾਨ ਘਰ ਬੈਠ ਕੇ ਹੀ ਡੱਬੇ ’ਚ ਪੈ ਕਰਕੇ ਪ੍ਰਤੀ ਮਹੀਨਾ 25 ਹਜ਼ਾਰ ਰੁਪਏ ਕਮਾਉਣ ਸਬੰਧੀ ਲਾਲਚ ਦਿੱਤਾ ਗਿਆ। ਇਸ ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਦਿੱਤੇ ਸੰਪਰਕ ਨੰਬਰ ’ਤੇ ਕਾਲ ਕੀਤੀ, ਜਿਸ ’ਤੇ ਦੂਸਰੇ ਪਾਸੇ ਫੋਨ ਸੁਣ ਰਹੇ ਆਪਣੇ-ਆਪ ਨੂੰ ਕੰਪਨੀ ਦਾ ਨੁਮਾਇੰਦਾ ਦੱਸ ਰਹੇ ਵਿਅਕਤੀ ਨੇ ਨੌਜਵਾਨ ਨੂੰ ਆਪਣੇ ਸ਼ਨਾਖਤੀ ਦਸਤਾਵੇਜ਼ ਭੇਜਣ ਲਈ ਕਿਹਾ।

ਇਹ ਵੀ ਪੜ੍ਹੋ : ਕੌਣ ਹੈ ਹਰਦੀਪ ਸਿੰਘ ਨਿੱਝਰ, ਜਿਸ 'ਤੇ NIA ਨੇ ਰੱਖਿਆ 10 ਲੱਖ ਦਾ ਇਨਾਮ

ਉਸ ਤੋਂ ਕਰੀਬ 10 ਦਿਨਾਂ ਬਾਅਦ ਕੰਪਨੀ ਅਧਿਕਾਰੀ ਦਾ ਫੋਨ ਆਇਆ ਕਿ ਉਕਤ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਪਰ ਉਹ ਆਪਣਾ ਬੈਂਕ ਦਾ ਜ਼ੀਰੋ ਬੈਲੇਂਸ ਵਾਲਾ ਏ.ਟੀ.ਐੱਮ. ਕਾਰਡ ਭੇਜ ਦੇਣ ਤਾਂ ਜੋ ਉਸ ਵਿੱਚ ਮਾਸਿਕ ਤਨਖਾਹ ਐਡਵਾਂਸ ਪਾਈ ਜਾ ਸਕੀ। ਕੰਪਨੀ ਦੇ ਨੁਮਾਇੰਦੇ ਨੇ ਇਹ ਵੀ ਦਾਅਵਾ ਕੀਤਾ ਕਿ ਏ.ਟੀ.ਐੱਮ. ਪਹੁੰਚਦੇ ਹੀ ਉਨ੍ਹਾਂ ਨੂੰ ਡੱਬਾ ਪੈਕਿੰਗ ਵਾਲਾ ਸਾਮਾਨ ਵੀ ਭੇਜ ਦਿੱਤਾ ਜਾਵੇਗਾ। ਨੌਜਵਾਨ ਨੇ ਡਾਕ ਰਾਹੀਂ ਆਪਣਾ ਏ.ਟੀ.ਐੱਮ. ਕਾਰਡ ਕੰਪਨੀ ਵੱਲੋਂ ਦੱਸੇ ਉੱਤਰ ਪ੍ਰਦੇਸ਼ ਦੇ ਇਕ ਪਤੇ ’ਤੇ ਭੇਜ ਦਿੱਤਾ। ਉਸ ਤੋਂ ਬਾਅਦ ਉਕਤ ਵਿਅਕਤੀ ਨੇ ਨੌਜਵਾਨ ਨੂੰ ਫੋਨ ਕਰਕੇ ਓ.ਟੀ.ਪੀ. ਨੰਬਰ ਵੀ ਲੈ ਲਿਆ। ਸ਼ਾਤਿਰ ਠੱਗਾਂ ਨੇ ਇਸ ਬੇਰੁਜ਼ਗਾਰ ਨੌਜਵਾਨ ਦੇ ਏ.ਟੀ.ਐੱਮ. ਖਾਤੇ 'ਚ ਹੋਰਨਾਂ ਵੱਖ-ਵੱਖ ਲੋਕਾਂ ਨਾਲ ਕੀਤੀ ਠੱਗੀ ਦੇ ਲੱਖਾਂ ਰੁਪਏ ਪਵਾ ਕੇ ਕਢਵਾ ਲਏ ਪਰ ਖੁਲਾਸਾ ਉਸ ਸਮੇਂ ਹੋਇਆ ਜਦੋਂ ਇਸ ਨੌਜਵਾਨ ਨੂੰ ਬਾਹਰਲੇ ਜ਼ਿਲ੍ਹੇ ਦੀ ਪੁਲਸ ਨੇ ਪੁੱਛਗਿੱਛ ਲਈ ਬੁਲਾਇਆ।

ਇਹ ਵੀ ਪੜ੍ਹੋ : ਭਾਰੀ ਬਰਸਾਤ ਨੇ ਇਸ ਪਰਿਵਾਰ ਨੂੰ ਦਿੱਤਾ ਵੱਡਾ ਦਰਦ, ਢਹਿ ਗਿਆ ਘਰ, ਦੇਖੋ ਕੀ ਹੋਇਆ ਹਾਲ?

ਇਕ ਹੋਰ ਠੱਗੀ ਦੇ ਸ਼ਿਕਾਰ ਵਿਅਕਤੀ ਨੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਮਾਛੀਵਾੜਾ ਦੇ ਰਹਿਣ ਵਾਲੇ ਨੌਜਵਾਨ ਦੇ ਖਾਤੇ ਵਿੱਚ ਪੈਸੇ ਜਮ੍ਹਾ ਕਰਵਾਏ, ਜਦਕਿ ਏ.ਟੀ.ਐੱਮ. ਕਾਰਡ ਠੱਗਾਂ ਕੋਲ ਹੋਣ ਕਾਰਨ ਇਸ ਬੇਰੁਜ਼ਗਾਰ ਨੌਜਵਾਨ ਦੇ ਖਾਤੇ 'ਚੋਂ ਕੁਝ ਹੀ ਦਿਨਾਂ ’ਚ ਉਨ੍ਹਾਂ ਲੱਖਾਂ ਰੁਪਏ ਦੀ ਹੋਰ ਕਈ ਵਿਅਕਤੀਆਂ ਤੋਂ ਠੱਗੀ ਦੀ ਰਾਸ਼ੀ ਕਢਵਾ ਲਈ ਸੀ। ਬੇਰੁਜ਼ਗਾਰ ਨੌਜਵਾਨ ਕੋਲ ਪਹਿਲਾਂ ਹੀ ਰੁਜ਼ਗਾਰ ਹੀ ਨਹੀਂ ਅਤੇ ਉੱਪਰੋਂ ਠੱਗਾਂ ਨੂੰ ਏ.ਟੀ.ਐੱਮ. ਕਾਰਡ ਦੇ ਕੇ ਉਹ ਬਹੁਤ ਵੱਡੀ ਗਲਤ ਕਰ ਬੈਠਾ ਅਤੇ ਹੁਣ ਆਪਣੇ ਬਚਾਅ ਲਈ ਖੱਜਲ-ਖੁਆਰ ਹੁੰਦਾ ਨਜ਼ਰ ਆ ਰਿਹਾ ਹੈ। ਨੌਜਵਾਨ ਨੇ ਆਪਣੇ ਨਾਂ ’ਤੇ ਹੋ ਰਹੀ ਠੱਗੀ ਸਬੰਧੀ ਸਾਈਬਰ ਕ੍ਰਾਈਮ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਹੈ ਪਰ ਨਾਲ ਹੀ ਠੱਗਾਂ ਵੱਲੋਂ ਇਹ ਨਿਵੇਕਲੇ ਢੰਗ ਨਾਲ ਬੇਰੁਜ਼ਗਾਰਾਂ ਦੇ ਨਾਂ ’ਤੇ ਠੱਗੀ ਕੀਤੀ ਜਾ ਰਹੀ ਹੈ, ਜਿਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ।

ਇਹ ਵੀ ਪੜ੍ਹੋ : ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਦੇ ਨੇੜੇ, ਭਾਰਤੀ ਜ਼ਿਆਦਾ ‘ਉਤਸ਼ਾਹਿਤ’ ਨਾ ਹੋਣ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News