ਗ੍ਰੰਥੀ ਵਲੋਂ ਨਾਬਾਲਗਾ ਨਾਲ ਜਬਰ-ਜ਼ਨਾਹ

06/27/2019 8:06:08 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)— ਇਕ ਹੋਰ ਨਾਬਾਲਗਾ ਜਬਰ-ਜ਼ਨਾਹ ਦੀ ਭੇਟ ਚੜ੍ਹ ਗਈ। ਗੁਰਦੁਆਰੇ ਦੇ ਗ੍ਰੰਥੀ ਨੇ ਆਪਣੇ ਰਿਹਾਇਸ਼ੀ ਕਮਰੇ ਵਿਚ ਹੀ ਨਾਬਾਲਗ ਲੜਕੀ ਨੂੰ ਨਸ਼ੇ ਵਾਲੀ ਚੀਜ਼ ਦੇ ਕੇ ਜਬਰ-ਜ਼ਨਾਹ ਕੀਤਾ ਅਤੇ ਲੜਕੀ ਨੂੰ ਧਮਕੀ ਦਿੱਤੀ ਕਿ ਉਹ ਇਸ ਗੱਲ ਦੀ ਜਾਣਕਾਰੀ ਕਿਸੇ ਨੂੰ ਨਾ ਦੇਵੇ। ਘਟਨਾ ਇਕ ਮਹੀਨੇ ਪਹਿਲਾਂ ਦੀ ਹੈ ਪਰ ਨਾਬਾਲਗ ਲੜਕੀ ਨੇ ਇਸ ਸਬੰਧੀ ਆਪਣੇ ਪਿਤਾ ਨੂੰ ਪਿਛਲੇ ਦਿਨੀਂ ਦੱਸਿਆ ਤਾਂ ਗ੍ਰੰਥੀ ਦੀ ਪੁਲਸ ਨੂੰ ਸ਼ਿਕਾਇਤ ਕੀਤੀ ਗਈ। ਪੁਲਸ ਨੇ ਗ੍ਰੰਥੀ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਦੋਸਤ ਦੀ ਹੀ ਸੀ ਪੀੜਤ ਨਾਬਾਲਗ ਧੀ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ 1 ਦੀ ਮਹਿਲਾ ਪੁਲਸ ਅਧਿਕਾਰੀ ਅਮਨਦੀਪ ਕੌਰ ਨੇ ਦੱਸਿਆ ਕਿ ਬਰਨਾਲਾ ਦੇ ਇਕ ਗੁਰਦੁਆਰੇ ਵਿਚ ਜਰਨੈਲ ਸਿੰਘ ਗ੍ਰੰਥੀ ਸੀ। ਕੁਝ ਮਹੀਨੇ ਪਹਿਲਾਂ ਬਰਨਾਲਾ ਜ਼ਿਲੇ ਦੇ ਇਕ ਪਿੰਡ ਵਿਚ ਗੁਰਦੁਆਰੇ ਵਿਚ ਜਰਨੈਲ ਸਿੰਘ ਦੀ ਮੁਲਾਕਾਤ ਆਪਣੇ ਦੋਸਤ ਨਾਲ ਹੋ ਗਈ। ਉਸ ਦੇ ਦੋਸਤ ਦੇ ਨਾਲ ਉਸ ਦੀ ਨਾਬਾਲਗ ਲੜਕੀ ਵੀ ਸੀ। ਜਰਨੈਲ ਸਿੰਘ ਨੇ ਆਪਣੇ ਦੋਸਤ ਨੂੰ ਕਿਹਾ ਕਿ ਤੁਸੀਂ ਲੜਕੀ ਨੂੰ ਮੇਰੇ ਕੋਲ ਛੱਡ ਦਿਓ ਮੈਂ ਇਸ ਨੂੰ ਪਾਠ ਸਿਖਾ ਦੇਵਾਂਗਾ। ਦੋਸਤ ਨੇ ਆਪਣੀ ਲੜਕੀ ਨੂੰ ਗ੍ਰੰਥੀ ਜਰਨੈਲ ਸਿੰਘ ਦੇ ਕੋਲ ਛੱਡ ਦਿੱਤਾ। ਲਗਭਗ ਇਕ ਮਹੀਨਾ ਪਹਿਲਾਂ ਗੁਰਦੁਆਰੇ ਦੇ ਆਪਣੇ ਰਿਹਾਇਸ਼ੀ ਕਮਰੇ ਵਿਚ ਨਾਬਾਲਗ ਲੜਕੀ ਨੂੰ ਗ੍ਰੰਥੀ ਨੇ ਨਸ਼ੇ ਵਾਲੀ ਚੀਜ਼ ਦੇ ਦਿੱਤੀ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਡਰਦੇ ਮਾਰੇ ਲੜਕੀ ਨੇ ਇਸ ਘਟਨਾ ਬਾਰੇ ਕਿਸੇ ਨੂੰ ਨਹੀਂ ਦੱਸਿਆ। ਪਿਛਲੀ ਦਿਨੀਂ ਉਸਦੇ ਪਿਤਾ ਉਸ ਨੂੰ ਮਿਲਣ ਆਏ ਤਾਂ ਉਸ ਨੇ ਘਟਨਾ ਦੀ ਜਾਣਕਾਰੀ ਆਪਣੇ ਪਿਤਾ ਨੂੰ ਦਿੱਤੀ। ਫਿਰ ਪੁਲਸ ਕੋਲ ਸ਼ਿਕਾਇਤ ਕੀਤੀ ਗਈ। ਪੁਲਸ ਨੇ ਗ੍ਰੰਥੀ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਅੱਜ ਗ੍ਰੰਥੀ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।

ਫਾਸਟ ਟਰੈਕ ਕੋਰਟ 'ਚ ਕੇਸ ਚਲਾ ਕੇ ਦੋਸ਼ੀ ਨੂੰ ਦਿੱਤੀ ਜਾਵੇ ਫਾਂਸੀ
ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਨੇ ਕਿਹਾ ਕਿ ਪੰਜਾਬ 'ਚ ਨਾਬਾਲਗ ਲੜਕੀਆਂ ਦੇ ਨਾਲ ਅੱਤਿਆਚਾਰ ਵਧ ਗਿਆ ਹੈ। ਜੇਕਰ ਕੋਈ ਧਾਰਮਕ ਵਿਅਕਤੀ ਇਸ ਤਰ੍ਹਾਂ ਦਾ ਅਪਰਾਧ ਕਰੇ ਤਾਂ ਇਹ ਅਪਰਾਧ ਹੋਰ ਵੀ ਕਈ ਗੁਣਾ ਵਧ ਜਾਂਦੇ ਹਨ। ਦੋਸ਼ੀ ਗ੍ਰੰਥੀ ਦੇ ਖਿਲਾਫ ਫਾਸਟ ਟਰੈਕ ਕੋਰਟ ਵਿਚ ਕੇਸ ਚਲਾ ਕੇ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦਾ ਅਪਰਾਧ ਨਾ ਹੋਵੇ।

ਕਿਸੇ ਵੀ ਵਕੀਲ ਨੂੰ ਨਹੀਂ ਲੜਨਾ ਚਾਹੀਦਾ ਅਜਿਹੇ ਅਪਰਾਧੀ ਦਾ ਕੇਸ
ਸਮਾਜ ਸੇਵੀ ਐਡਵੋਕੇਟ ਸੋਮਨਾਥ ਗਰਗ ਨੇ ਕਿਹਾ ਕਿ ਗ੍ਰੰਥੀ ਵਲੋਂ ਜੋ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕੀਤਾ ਗਿਆ ਹੈ, ਉਹ ਬਹੁਤ ਹੀ ਘਿਣੌਨੀ ਘਟਨਾ ਹੈ। ਅਜਿਹੇ ਲੋਕਾਂ ਦਾ ਸਮਾਜ ਵਿਚ ਬਾਈਕਾਟ ਕਰਨਾ ਚਾਹੀਦਾ ਹੈ। ਮੇਰਾ ਤਾਂ ਮੰਨਣਾ ਹੈ ਕਿ ਕਿਸੇ ਵੀ ਐਡਵੋਕੇਟ ਨੂੰ ਅਜਿਹੇ ਅਪਰਾਧੀ ਦਾ ਕੇਸ ਨਹੀਂ ਲੜਨਾ ਚਾਹੀਦਾ।
 


KamalJeet Singh

Content Editor

Related News