ਡੀ. ਏ. ਸੀ. ''ਚ ਨਾਜਾਇਜ਼ ਕਬਜ਼ੇ ਨਹੀਂ ਹੋਣਗੇ ਬਰਦਾਸ਼ਤ, ਡੀ. ਸੀ. ਨੇ ਜਾਰੀ ਕੀਤਾ ਆਦੇਸ਼
Tuesday, Oct 24, 2017 - 07:25 AM (IST)

ਜਲੰਧਰ, (ਅਮਿਤ)- ਡੀ. ਏ. ਸੀ. (ਡਿਸਟ੍ਰਿਕਟ ਐਡਮਨਿਸਟ੍ਰੇਸ਼ਨ ਕੰਪਲੈਕਸ) ਜਿੱਥੇ ਡੀ. ਸੀ. ਦੇ ਨਾਲ-ਨਾਲ ਜ਼ਿਲੇ ਦੇ ਲਗਭਗ ਸਾਰੇ ਆਲ੍ਹਾ ਅਧਿਕਾਰੀਆਂ ਦੇ ਦਫਤਰ ਹਨ ਅਤੇ ਜਿਥੇ ਹਰ ਰੋਜ਼ ਹਜ਼ਾਰਾਂ ਲੋਕ ਆਪਣੇ-ਆਪਣੇ ਕੰਮ ਦੇ ਸਿਲਸਿਲੇ 'ਚ ਇਥੇ ਆਉਂਦੇ ਹਨ, ਉਥੇ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ।
ਬਹੁਤ ਵੱਡੀ ਗਿਣਤੀ 'ਚ ਲੋਕ ਬਿਨਾਂ ਪ੍ਰਸ਼ਾਸਨ ਦੀ ਇਜਾਜ਼ਤ ਦੇ ਨਾਜਾਇਜ਼ ਟੇਬਲ-ਕੁਰਸੀ ਲਾ ਕੇ ਇਥੇ ਆਪਣਾ ਕਾਰੋਬਾਰ ਕਰ ਰਹੇ ਹਨ। ਇਨ੍ਹਾਂ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਉਦੇਸ਼ ਨਾਲ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਸਹਾਇਕ ਕਮਿਸ਼ਨਰ (ਜਨਰਲ) ਡਾ. ਬੀ. ਐੱਸ. ਢਿੱਲੋਂ ਨੂੰ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਤਹਿਤ ਡੀ. ਏ. ਸੀ. ਵਿਚ ਨਾਜਾਇਜ਼ ਰੂਪ ਵਿਚ ਬੈਠੇ ਲੋਕਾਂ ਨੂੰ ਤੁਰੰਤ ਉਥੋਂ ਉਠਾਇਆ ਜਾਵੇਗਾ, ਜੇਕਰ ਦੁਬਾਰਾ ਇਹ ਨਾਜਾਇਜ਼ ਕਬਜ਼ੇ ਕਰਦੇ ਹਨ ਤਾਂ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਪੁਲਸ ਵਿਭਾਗ ਵੱਲੋਂ ਕੀਤੀ ਜਾਵੇਗੀ।
ਡੀ. ਸੀ. ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਸਹਾਇਕ ਕਮਿਸ਼ਨਰ ਡਾ. ਬੀ. ਐੱਸ. ਢਿੱਲੋਂ ਅਤੇ ਨਾਇਬ ਤਹਿਸੀਲਦਾਰ-2 ਮਨੋਹਰ ਲਾਲ ਨੇ ਸੋਮਵਾਰ ਦੁਪਹਿਰ ਨੂੰ ਡੀ. ਏ. ਸੀ. ਦੇ ਗੇਟ ਨੰ.-4 ਦੇ ਕੋਲ ਨਾਜਾਇਜ਼ ਰੂਪ ਵਿਚ ਟੇਬਲ-ਕੁਰਸੀ ਲਗਵਾ ਕੇ ਬੈਠੇ ਕਾਰੋਬਾਰੀਆਂ ਦੀ ਚੈਕਿੰਗ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਹ ਦੁਬਾਰਾ ਇੱਥੇ ਬੈਠੇ ਨਜ਼ਰ ਆਏ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਚੈਕਿੰਗ ਦੌਰਾਨ ਨਾਇਬ ਤਹਿਸੀਲਦਾਰ ਨੇ ਕੁਝ ਲੋਕਾਂ ਨੂੰ ਸਹਾਇਕ ਕਮਿਸ਼ਨਰ ਦੇ ਸਾਹਮਣੇ ਪੇਸ਼ ਕੀਤਾ, ਜਿੱਥੇ ਉਨ੍ਹਾਂ ਇਕ ਹਫਤੇ ਦੇ ਅੰਦਰ-ਅੰਦਰ ਪ੍ਰਸ਼ਾਸਨ ਵੱਲੋਂ ਕੀਤੀ ਗਈ ਪਰਮਿਸ਼ਨ ਦੇ ਦਸਤਾਵੇਜ਼ ਦਿਖਾਉਣ ਲਈ ਕਿਹਾ ਗਿਆ ਹੈ ਅਤੇ ਜੇਕਰ ਕਿਸੇ ਕੋਲ ਵੀ ਪਰਮਿਸ਼ਨ ਨਹੀਂ ਹੈ ਤਾਂ ਉਸ ਨੂੰ ਫੌਰਨ ਜਗ੍ਹਾ ਖਾਲੀ ਕਰਨ ਲਈ ਕਿਹਾ ਗਿਆ ਹੈ।