2 ਨੌਜਵਾਨਾਂ ਨੂੰ ਡੰਡੇ ਨਾਲ ਕੁੱਟਣ ਵਾਲੇ ਥਾਣੇਦਾਰ ''ਤੇ ਡਿੱਗੀ ਗਾਜ

Sunday, Dec 31, 2017 - 08:34 AM (IST)

ਜਲੰਧਰ, (ਮਹੇਸ਼)- ਸ਼ੁੱਕਰਵਾਰ ਦੀ ਸ਼ਾਮ 4 ਵਜੇ ਦੇ ਕਰੀਬ ਲੱਧੇਵਾਲੀ ਰੋਡ 'ਤੇ ਪ੍ਰਤਾਪ ਪੈਲੇਸ ਚੌਕ ਦੇ ਨੇੜੇ ਮੁਹੱਲਾ ਕੋਟ ਰਾਮਦਾਸ (ਆਬਾਦੀ) ਵਾਰਡ ਨੰ. 7 ਵਾਸੀ ਰਿਸ਼ਤੇ 'ਚ ਭਰਾ ਲੱਗਦੇ 2 ਨੌਜਵਾਨਾਂ ਨੂੰ ਸ਼ਰੇਆਮ ਡੰਡੇ ਨਾਲ ਬੁਰੀ ਤਰ੍ਹਾਂ ਕੁੱਟਦੇ ਹੋਏ ਗੰਦੀਆਂ ਗਾਲ੍ਹਾਂ ਕੱਢਣ ਵਾਲੇ ਪੰਜਾਬ ਪੁਲਸ ਦੇ ਇਕ ਥਾਣੇਦਾਰ ਨੂੰ ਅੱਜ ਡਿਪਟੀ ਕਮਿਸ਼ਨਰ ਪੁਲਸ (ਡੀ. ਸੀ. ਪੀ.) ਰਜਿੰਦਰ ਸਿੰਘ ਨੇ ਸਸਪੈਂਡ ਕਰ ਦਿੱਤਾ ਹੈ। ਪੂਰਣ ਸਿੰਘ ਥਾਣੇਦਾਰ ਕਮਿਸ਼ਨਰੇਟ ਦੇ ਥਾਣਾ ਰਾਮਾ ਮੰਡੀ ਵਿਚ ਤਾਇਨਾਤ ਸੀ ਅਤੇ ਸ਼ੁੱਕਰਵਾਰ ਨੂੰ ਉਸ ਨੇ ਪ੍ਰਤਾਪ ਪੈਲੇਸ ਚੌਕ ਦੇ ਨੇੜੇ ਆਪਣੀ ਡਿਊਟੀ ਦੇ ਦੌਰਾਨ ਆਕਾਸ਼ਦੀਪ ਪੁੱਤਰ ਰਾਮ ਕਿਸ਼ਨ ਨੌਜਵਾਨ  ਅਤੇ ਉਸ ਨੇ ਨਾਲ ਮੌਜੂਦ ਅਸ਼ਵਨੀ ਪੁੱਤਰ ਮੋਹਿੰਦਰ ਪਾਲ ਨੂੰ ਬੇਰਹਿਮੀ ਨਾਲ ਥਾਣੇਦਾਰ ਵਲੋਂ ਕੁੱਟਿਆ ਗਿਆ ਸੀ, ਜਿਸ 'ਤੇ ਆਕਾਸ਼ਦੀਪ ਦੀ ਮਾਂ ਸੁਰਿੰਦਰ ਕੌਰ ਮੌਕੇ 'ਤੇ ਪਹੁੰਚੀ ਅਤੇ ਉਸ ਨੇ ਕਿਹਾ ਕਿ ਉਹ ਹਰ ਹਾਲ 'ਚ ਥਾਣੇਦਾਰ ਦੇ ਖਿਲਾਫ ਕਾਰਵਾਈ ਕਰਵਾਏਗੀ। ਜੇਕਰ ਕਾਰਵਾਈ ਨਾ ਹੋਈ ਤਾਂ ਸੜਕ ਦੇ ਵਿਚ ਬੈਠ ਕੇ ਧਰਨਾ ਹੋਵੇਗਾ। 
ਥਾਣੇਦਾਰ ਪੂਰਣ ਸਿੰਘ ਵਲੋਂ ਬਿਨਾਂ ਗੱਲ ਤੋਂ ਨੌਜਵਾਨ ਨਾਲ ਕੁੱਟਮਾਰ ਕੀਤੇ ਜਾਣ ਦੀ ਸੱਚਾਈ ਸਾਹਮਣੇ ਆਉਣ 'ਤੇ ਡੀ. ਸੀ. ਪੀ. ਰਜਿੰਦਰ ਸਿੰਘ ਨੇ ਉਸ ਨੂੰ ਸਸਪੈਂਡ ਕੀਤਾ ਹੈ। ਇਸ ਦੀ ਪੁਸ਼ਟੀ ਏ. ਸੀ. ਪੀ. ਸੈਂਟਰਲ ਸਤਿੰਦਰ ਕੁਮਾਰ ਚੱਢਾ ਨੇ ਕੀਤੀ ਹੈ। ਚੱਢਾ ਅਤੇ ਐੱਸ. ਐੱਚ. ਓ. ਰਾਮਾ ਮੰਡੀ ਰਾਜੇਸ਼ ਠਾਕੁਰ ਵਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਸੀ, ਜਿਸ ਵਿਚ ਏ. ਐੱਸ. ਆਈ. ਨੂੰ ਬੇਕਸੂਰ ਪਾਇਆ ਗਿਆ ਹੈ। ਵਿਧਾਇਕ ਰਾਜਿੰਦਰ ਬੇਰੀ ਨੇ ਪੀੜਤ ਪਰਿਵਾਰ ਦਾ ਪੱਖ ਲੈਂਦੇ ਹੋਏ ਪੁਲਸ ਕਮਿਸ਼ਨਰ ਨੂੰ ਏ. ਐੱਸ. ਆਈ. ਦੇ ਖਿਲਾਫ ਕਾਰਵਾਈ ਕਰਨ ਲਈ ਕਿਹਾ ਗਿਆ ਸੀ।
ਪਹਿਲਾਂ ਰਾਜਿੰਦਰ ਬੇਰੀ ਤੇ ਫਿਰ ਸੀ. ਪੀ. ਕੋਲ ਪਹੁੰਚਿਆ ਮਾਮਲਾ
ਪੁਲਸ ਮੁਲਾਜ਼ਮ ਵਲੋਂ ਨੌਜਵਾਨਾਂ ਨੂੰ ਡੰਡੇ ਨਾਲ ਕੁੱਟਣ ਦੇ ਮਾਮਲੇ ਨੂੰ ਗੰਭੀਰ ਲੈਂਦੇ ਹੋਏ ਜ਼ਿਲਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਜਤਿੰਦਰ ਕੁਮਾਰ ਜੌਨੀ ਨੇ ਇਸ ਸਬੰਧ ਵਿਚ ਥਾਣਾ ਰਾਮਾ ਮੰਡੀ ਦੇ ਮੁਖੀ ਇੰਸ. ਰਾਜਿੰਦਰ ਠਾਕੁਰ ਨਾਲ ਗੱਲ ਕੀਤੀ ਅਤੇ ਉਸ ਤੋਂ ਬਾਅਦ ਸੈਂਟਰਲ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਨਾਲ ਮਿਲ ਕੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਸ ਕਮਿਸ਼ਨਰ ਨੇ ਮਾਮਲੇ ਦੀ ਪੂਰੀ ਜਾਂਚ ਡੀ. ਸੀ. ਪੀ. ਰਾਜਿੰਦਰ ਸਿੰਘ ਦੇ ਰਾਹੀਂ ਕਰਵਾਈ ਅਤੇ ਉਸ ਤੋਂ ਬਾਅਦ ਥਾਣੇਦਾਰ ਪੂਰਣ ਸਿੰਘ 'ਤੇ ਗਾਜ ਡਿੱਗ ਗਈ। 
ਮੌਕੇ 'ਤੇ ਮੌਜੂਦ ਲੋਕ ਵੀ ਬੋਲੇ ਥਾਣੇਦਾਰ ਦੇ ਖਿਲਾਫ
ਜਾਂਚ ਦੌਰਾਨ ਘਟਨਾ ਵਾਲੀ ਜਗ੍ਹਾ 'ਤੇ ਮੌਜੂਦ ਲੋਕ ਅਤੇ ਦੁਕਾਨਦਾਰ ਵੀ ਥਾਣੇਦਾਰ ਪੂਰਣ ਸਿੰਘ ਦੇ ਖਿਲਾਫ ਬੋਲੇ। ਇਕ ਦੁਕਾਨਦਾਰ ਜਦੋਂ ਥਾਣੇਦਾਰ ਵਲੋਂ ਨੌਜਵਾਨ ਨੂੰ ਡੰਡੇ ਨਾਲ ਕੁੱਟਣ ਦੀ ਵੀਡੀਓ ਆਪਣੇ ਮੋਬਾਇਲ 'ਤੇ ਬਣਾ ਰਿਹਾ ਸੀ ਤਾਂ ਥਾਣੇਦਾਰ ਨੇ ਉਸ 'ਤੇ ਸਖ਼ਤ ਕਾਰਵਾਈ ਨੂੰ ਲੈ ਕੇ ਧਮਕਾਉਂਦੇ ਹੋਏ ਉਸਦਾ ਮੋਬਾਇਲ ਖੋਹ ਲਿਆ ਸੀ। ਬਾਅਦ ਵਿਚ ਪੂਰਣ ਸਿੰਘ ਨੇ ਕਿਹਾ ਕਿ ਉਹ ਮੋਬਾਇਲ ਤੋਂ ਵੀਡੀਓ ਡਿਲੀਟ ਕਰਨ ਤੋਂ ਬਾਅਦ ਵਾਪਸ ਦੇ ਦੇਵੇਗਾ। 
ਦੋਵੇਂ ਨੌਜਵਾਨ ਦਸਵੀਂ ਦੇ ਵਿਦਿਆਰਥੀ ਤੇ ਫੁੱਟਬਾਲ ਖਿਡਾਰੀ
ਥਾਣੇਦਾਰ ਪੂਰਣ ਸਿੰਘ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਦੋਵੇਂ ਨੌਜਵਾਨ ਆਕਾਸ਼ਦੀਪ ਤੇ ਅਸ਼ਵਨੀ ਦਸਵੀਂ ਕਲਾਸ ਦੇ ਵਿਦਿਆਰਥੀ ਹਨ ਅਤੇ ਫੁੱਟਬਾਲ ਖੇਡਦੇ ਹਨ। ਘਟਨਾ ਤੋਂ ਪਹਿਲਾਂ ਉਹ ਲੱਧੇਵਾਲੀ ਸਕੂਲ ਵਿਚ ਮੈਚ ਖੇਡ ਕੇ ਵਾਪਸ ਆਪਣੇ ਘਰ ਵੱਲ ਜਾ ਰਹੇ ਸੀ। ਏ. ਐੱਸ. ਆਈ. ਦਾ ਦੋਸ਼ ਹੈ ਕਿ ਉਹ ਸੜਕ ਵਿਚ ਹੁੱਲੜਬਾਜ਼ੀ ਕਰ ਰਹੇ ਸੀ, ਜਿਸ ਕਾਰਨ ਉਸ ਨੂੰ ਕਾਰਵਾਈ ਕਰਨੀ ਪਈ। 
ਬੁਰੇ ਵਰਤਾਅ ਕਾਰਨ ਪਹਿਲਾਂ ਵੀ ਚਰਚਾ 'ਚ ਰਿਹਾ ਹੈ ਪੂਰਣ ਸਿੰਘ 
ਪਤਾ ਲੱਗਾ ਹੈ ਕਿ ਸ਼ੁੱਕਰਵਾਰ ਦੇ ਮਾਮਲੇ ਤੋਂ ਪਹਿਲਾਂ ਵੀ ਸਸਪੈਂਡ ਕੀਤਾ ਗਿਆ ਏ. ਐੱਸ. ਆਈ. ਆਮ ਲੋਕਾਂ ਨਾਲ ਬੁਰੇ ਵਰਤਾਅ ਕਾਰਨ ਚਰਚਾ ਵਿਚ ਰਿਹਾ ਹੈ। ਐੱਸ. ਐੱਚ. ਓ. ਰਾਜੇਸ਼ ਠਾਕੁਰ ਦੇ ਕੋਲ ਵੀ ਉਸ ਦੀਆਂ ਕਈਆਂ ਸ਼ਿਕਾਇਤਾਂ ਆ ਚੁੱਕੀਆਂ ਸਨ ਪਰ ਉਹ ਆਪਣੇ ਵਿਭਾਗ ਦਾ ਮੁਲਾਜ਼ਮ ਸਮਝ ਕੇ ਉਸ ਲੋਕਾਂ ਨਾਲ ਚੰਗਾ ਤਾਲਮੇਲ ਰੱਖਣ ਦੀ ਚਿਤਾਵਨੀ ਦਿੰਦੇ ਹੋਏ ਛੱਡ ਦਿੰਦੇ ਸਨ। ਕੱਲ ਦੀ ਘਟਨਾ 'ਚ ਵੀ ਉਹ ਲੋਕਾਂ ਨਾਲ ਗਲਤ ਤਰੀਕੇ ਨਾਲ ਪੇਸ਼ ਆ ਰਿਹਾ ਸੀ। ਉਹ ਮੂੰਹ ਤੋਂ ਘੱਟ ਤੇ ਡੰਡੇ ਦੇ ਜ਼ਰੀਏ ਜ਼ਿਆਦਾ ਗੱਲ ਕਰਦਾ ਸੀ। ਉਸ ਨੂੰ ਦੇਖ ਕੇ ਸਾਫ ਸਪੱਸ਼ਟ ਹੁੰਦਾ ਸੀ ਕਿ ਉਸ 'ਤੇ ਖਾਕੀ ਦਾ ਪੂਰਾ ਨਸ਼ਾ ਸਵਾਰ ਹੈ। 
 


Related News