ਦੋ ਟਰਾਲਿਆਂ ਦੀ ਟੱਕਰ; 1 ਡਰਾਈਵਰ ਦੀ ਮੌਤ
Monday, Jun 19, 2017 - 12:51 AM (IST)
ਮੰਡੀ ਘੁਬਾਇਆ, (ਕੁਲਵੰਤ)— ਸਥਾਨਕ ਐੱਫ. ਐੱਫ. ਰੋਡ 'ਤੇ ਘੁਬਾਇਆ ਨਜ਼ਦੀਕ ਦੋ ਟਰੱਕ ਟਰਾਲਿਆਂ ਵਿਚਕਾਰ ਟੱਕਰ ਹੋ ਗਈ, ਜਿਸ ਕਾਰਨ ਇਕ ਟਰਾਲਾ ਡਰਾਈਵਰ ਦੀ ਮੌਤ ਹੋ ਗਈ।
ਟਰਾਲਿਆਂ ਕੋਲ ਖੜ੍ਹੇ ਲੋਕਾਂ ਨੇ ਦੱਸਿਆ ਕਿ ਇੱਕੋ ਘਰ ਦੇ ਦੋ ਟਰਾਲੇ ਅੱਜ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਸਥਾਨਕ ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਬੱਜਰੀ ਲੈ ਕੇ ਜਲਾਲਾਬਾਦ ਤੋਂ ਫਾਜ਼ਿਲਕਾ ਵੱਲ ਆ ਰਹੇ ਸਨ ਕਿ ਜਦੋਂ ਉਹ ਮੰਡੀ ਘੁਬਾਇਆ ਦੇ ਪੈਟਰੋਲ ਪੰਪ ਕੋਲ ਪਹੁੰਚੇ ਤਾਂ ਅਚਾਨਕ ਅਗਲੇ ਟਰਾਲਾ ਚਾਲਕ ਦੀ ਅੱਖ ਲੱਗਣ ਨਾਲ ਸੰਤੁਲਨ ਵਿਗੜ ਗਿਆ, ਜਿਸ ਉਪਰੰਤ ਟਰਾਲਾ ਆਊਟ ਸਾਈਡ ਜਾ ਕੇ ਇਕ ਦਰੱਖਤ 'ਚ ਜਾ ਵੱਜਿਆ। ਉਸ ਦੇ ਪਿੱਛੇ ਹੀ 4-5 ਫੁੱਟ 'ਤੇ ਆ ਰਿਹਾ ਟਰਾਲਾ ਵੀ ਉਸ ਦੇ ਪਿੱਛੇ-ਪਿੱਛੇ ਹੀ ਮੁੜ ਗਿਆ, ਜਿਸ ਕਾਰਨ ਦਰੱਖਤ 'ਚ ਵੱਜੇ ਹੋਏ ਟਰਾਲੇ ਦੇ ਪਿਛਲੇ ਹਿੱਸੇ 'ਚ ਦੂਜਾ ਟਰਾਲਾ ਜ਼ੋਰ ਨਾਲ ਜਾ ਵੱਜਿਆ, ਜਿਸ ਕਾਰਨ ਪਿਛਲੇ ਟਰਾਲਾ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦਾ ਨਾਂ ਸ਼ਰਨ ਕੁਮਾਰ ਹੈ, ਜੋ ਕਿ ਰਾਜਸਥਾਨ ਤੋਂ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਹਾਦਸੇ 'ਚ ਦੋਵੇਂ ਟਰਾਲਿਆਂ ਦਾ ਮਾਲੀ ਨੁਕਸਾਨ ਵੀ ਹੋਇਆ ਹੈ, ਜਦੋਂ ਕਿ ਪਹਿਲੇ ਟਰਾਲਾ ਚਾਲਕ ਨੂੰ ਵੀ ਸੱਟਾਂ ਲੱਗੀਆਂ ਹਨ।
