ਜੇਲ ਸੰਤਰੀ ਦੇ ਚਿਹਰੇ 'ਤੇ ਚਾਹ ਸੁੱਟ ਕੇ 2 ਕੈਦੀ ਫਰਾਰ

12/07/2017 10:07:06 PM

ਫਗਵਾੜਾ (ਜਲੋਟਾ)—ਸਬ-ਜੇਲ ਫਗਵਾੜਾ 'ਚ ਵੀਰਵਾਰ ਸਵੇਰੇ 7 ਵਜੇ ਦੇ ਕਰੀਬ 2 ਅੰਡਰ ਟਰਾਇਲ ਕੈਦੀ ਗੇਟ 'ਤੇ ਤਾਇਨਾਤ ਸੰਤਰੀ ਦੀਆਂ ਅੱਖਾਂ ਵਿਚ ਗਰਮ ਮਸਾਲੇ ਵਾਲੀ ਚਾਹ ਪਾ ਕੇ ਫਿਲਮੀ ਸਟਾਇਲ ਵਿਚ ਫਰਾਰ ਹੋ ਗਏ, ਜਦਕਿ ਇਨ੍ਹਾਂ ਦੇ ਤੀਸਰੇ ਸਾਥੀ ਨੂੰ ਜੇਲ ਸੰਤਰੀ ਨੇ ਉਸ ਸਮੇਂ ਦਬੋਚਿਆ, ਜਦੋਂ ਉਕਤ ਕੈਦੀ ਨੇ ਉਸਦੇ ਨਾਲ ਕੁੱਟਮਾਰ ਕਰ ਕੇ ਉਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ।
ਫਗਵਾੜਾ ਸਬ-ਜੇਲ ਦੇ ਸੁਪਰਡੈਂਟ ਗੁਰਪ੍ਰੀਤ ਸਿੰਘ ਨੇ ਪੁਲਸ ਥਾਣਾ ਸਿਟੀ ਨੂੰ ਦਰਜ ਕਰਵਾਈ ਗਈ ਲਿਖਤੀ ਸ਼ਿਕਾਇਤ ਵਿਚ ਖੁਲਾਸਾ ਕੀਤਾ ਹੈ ਕਿ ਸਬ-ਜੇਲ ਕੈਦੀ ਅਮਨਦੀਪ ਕੁਮਾਰ ਪੁੱਤਰ ਸਤਪਾਲ ਵਾਸੀ ਪਿੰਡ ਭਬਿਆਣਾ ਪੁਲਸ ਥਾਣਾ ਰਾਵਲਪਿੰਡੀ ਫਗਵਾੜਾ ਤੇ ਕੈਦੀ ਰਾਜਵਿੰਦਰ ਕੁਮਾਰ ਪੁੱਤਰ ਹਰਮੇਸ਼ ਕੁਮਾਰ ਵਾਸੀ ਸਮਰਾਏ ਪੁਲਸ ਥਾਣਾ ਜਮਸ਼ੇਰ ਸਦਰ ਜਲੰਧਰ ਫਰਾਰ ਹੋਣ ਵਿਚ ਕਾਮਯਾਬ ਹੋ ਗਏ ਹਨ, ਜਦਕਿ ਇਨ੍ਹਾਂ ਦੇ ਤੀਸਰੇ ਸਾਥੀ ਕੈਦੀ ਪਵਨ ਕੁਮਾਰ ਪੁੱਤਰ ਗਿਰਧਾਰੀ ਲਾਲ ਮਕਾਨ ਨੰਬਰ 204 ਬਾਬਾ ਗਧੀਆ ਫਗਵਾੜਾ ਨੇ ਸਬ-ਜੇਲ ਦੇ ਗੇਟ 'ਤੇ ਤਾਇਨਾਤ ਜੇਲ ਸੰਤਰੀ ਹਰਪਾਲ ਸਿੰਘ ਨਾਲ ਕੁੱਟਮਾਰ ਕੀਤੀ ਤੇ ਫਰਾਰ ਹੋਣ 'ਚ ਅਸਫਲ ਰਿਹਾ। ਇਸਦੇ ਬਾਅਦ ਜੇਲ ਸੰਤਰੀ ਹਰਪਾਲ ਸਿੰਘ ਨੇ ਉਸਨੂੰ ਕਾਬੂ ਕਰ ਲਿਆ। ਇਸ ਦੌਰਾਨ ਉਸਦੇ ਦੋ ਸਾਥੀ ਕੈਦੀ ਅਮਨਦੀਪ ਕੁਮਾਰ ਤੇ ਰਾਜਵਿੰਦਰ ਕੁਮਾਰ ਮੌਕੇ ਦਾ ਫਾਇਦਾ ਉਠਾ ਕੇ ਉਥੋਂ ਫਰਾਰ ਹੋ ਗਏ। ਪੁਲਸ ਥਾਣਾ ਸਿਟੀ ਨੇ ਸੁਪਰਡੈਂਟ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਤਿੰਨਾਂ ਦੋਸ਼ੀਆਂ ਸਣੇ ਸਬ-ਜੇਲ ਫਗਵਾੜਾ ਵਿਚ ਡਿਊਟੀ 'ਤੇ ਮੌਜੂਦ ਤਿੰਨ ਜੇਲ ਪੁਲਸ ਕਰਮਚਾਰੀਆਂ ਦੋਸ਼ੀ ਮੰਗਤ ਸਿੰਘ, ਕਾਬਲ ਸਿੰਘ ਤੇ ਹਰਪਾਲ ਸਿੰਘ ਦੇ ਖਿਲਾਫ ਜੇਲ ਮੈਨੂਅਲ ਐਕਟ ਦੇ ਤਹਿਤ ਪੁਲਸ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News