ਕੋਰੋਨਾ ਵਾਇਰਸ ਦੇ 2 ਹੋਰ ਨਵੇਂ ਮਾਮਲੇ ਸਾਹਮਣੇ ਆਏ

Wednesday, Mar 25, 2020 - 09:14 PM (IST)

ਚੰਡੀਗਡ਼੍ਹ (ਸ਼ਰਮਾ)- ਰਾਜ ’ਚ ਕੋਰੋਨਾ ਵਾਇਰਸ ਦਾ ਕਹਿਰ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਸਰਕਾਰੀ ਅੰਕਡ਼ਿਆਂ ਅਨੁਸਾਰ ਕੋਰੋਨਾ ਪੀਡ਼ਤਾਂ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਸਰਕਾਰੀ ਹੈਲਥ ਬੁਲੇਟਿਨ ਅਨੁਸਾਰ ਇਹ 2 ਮਾਮਲੇ ਲੁਧਿਆਣਾ ਅਤੇ ਹੁਸ਼ਿਆਰਪੁਰ ਜ਼ਿਲਿਆਂ ਨਾਲ ਸਬੰਧਤ ਹਨ। ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧਤ ਮਾਮਲਾ ਪਹਿਲਾਂ ਤੋਂ ਕੋਰੋਨਾ ਵਾਇਰਸ ਨਾਲ ਪੀਡ਼ਤ ਦੇ ਸੰਪਰਕ ਨਾਲ ਸਬੰਧਤ ਹੈ ਜਦੋਂ ਕਿ ਲੁਧਿਆਣਾ ਜ਼ਿਲੇ ਨਾਲ ਸਬੰਧਤ ਮਾਮਲੇ ’ਚ ਪੀਡ਼ਤ ਦੀ ਕੋਈ ਟ੍ਰੈਵਲ ਹਿਸਟਰੀ ਨਾ ਹੋਣ ਕਾਰਨ ਉਸ ਦੇ ਪਾਜ਼ੇਟਿਵ ਪਾਏ ਜਾਣ ਦੇ ਕਾਰਣਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਸ ਤਰ੍ਹਾਂ ਮੰਗਲਵਾਰ ਨੂੰ ਸਰਕਾਰੀ ਅੰਕਡ਼ਿਆਂ ਅਨੁਸਾਰ ਐਲਾਨੇ ਕੋਰੋਨਾ ਵਾਇਰਸ ਨਾਲ ਪੀਡ਼ਤ ਮਰੀਜ਼ਾਂ ਦੀ ਗਿਣਤੀ 29 ਤੋਂ ਵਧ ਕੇ 31 ਹੋ ਗਈ ਹੈ। ਹਾਲਾਂਕਿ ਸੂਤਰਾਂ ਅਨੁਸਾਰ ਰਾਜ ਭਰ ’ਚ ਕੋਰੋਨਾ ਵਾਇਰਸ ਨਾਲ ਪੀਡ਼ਤਾਂ ਦੀ ਗਿਣਤੀ ਇਸ ਤੋਂ ਕਿਤੇ ਜਿਆਦਾ ਹੋ ਸਕਦੀ ਹੈ ਪਰ ਲੋਕਾਂ ’ਚ ਹਡ਼ਬਡ਼ਾਹਟ ਪੈਦਾ ਨਾ ਹੋ ਜਾਵੇ ਇਸ ਲਈ ਜਾਣਕਾਰੀ ਜਨਤਕ ਕਰਨ ਤੋਂ ਪਰਹੇਜ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਸਥਿਤੀ ਨੂੰ ਕਾਬੂ ’ਚ ਰੱਖਣ ਲਈ ਸਰਕਾਰ ਵਲੋਂ ਸਾਰੇ ਪ੍ਰਭਾਵੀ ਕਦਮ ਚੁੱਕੇ ਜਾ ਰਹੇ ਹਨ ਪਰ ਆਮ ਜਨਤਾ ਦੀ ਸਹਿਭਾਗਿਤਾ ਤੋਂ ਬਿਨਾਂ ਇਹ ਸੰਭਵ ਨਹੀਂ। ਰਾਜ ’ਚ ਅਜੇ ਤੱਕ ਜਿਨ੍ਹਾਂ ਕੁਲ 31 ਮਾਮਲਿਆਂ ’ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਹੋਣ ਦੀ ਸੂਚਨਾ ਹੈ, ਉਨ੍ਹਾਂ ’ਚ ਸਭ ਤੋਂ ਜ਼ਿਆਦਾ 18 ਮਾਮਲੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਨਾਲ ਸਬੰਧਤ ਹਨ, ਇਨ੍ਹਾਂ ’ਚੋਂ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। 5 ਮਾਮਲੇ ਮੋਹਾਲੀ ਜ਼ਿਲੇ ਨਾਲ ਸਬੰਧਤ ਹਨ, ਜਦੋਂ ਕਿ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲੇ ਦੇ 3-3 ਅਤੇ ਅੰਮ੍ਰਿਤਸਰ ਜ਼ਿਲੇ ਦੇ 2 ਮਾਮਲੇ ਸਾਹਮਣੇ ਆਏ ਹਨ। ਸਰਕਾਰੀ ਹੈਲਥ ਬੁਲੇਟਿਨ ਅਨੁਸਾਰ ਅਜੇ ਤੱਕ 488 ਸ਼ੱਕੀਆਂ ਦੇ ਸੈਂਪਲ ਲਈ ਗਏ ਹਨ, ਜਿਨ੍ਹਾਂ ’ਚੋਂ 31 ਦੇ ਨਤੀਜੇ ਪਾਜ਼ੇਟਿਵ, 228 ਦੇ ਨੈਗੇਟਿਵ ਆਏ ਹਨ ਜਦੋਂ ਕਿ 229 ਦੇ ਨਤੀਜੇ ਅਜੇ ਆਉਣੇ ਬਾਕੀ ਹਨ। ਸਰਕਾਰੀ ਅੰਕਡ਼ਿਆਂ ਅਨੁਸਾਰ ਜਿਨ੍ਹਾਂ 229 ਸੈਂਪਲਾਂ ਦੇ ਨਤੀਜੇ ਅਜੇ ਆਉਣੇ ਬਾਕੀ ਹਨ, ਉਨ੍ਹਾਂ ’ਚੋਂ ਵੀਰਵਾਰ ਨੂੰ ਪਾਜ਼ੇਟਿਵ ਐਲਾਨੇ ਜਾਣ ਵਾਲੇ ਅੰਕਡ਼ਿਆਂ ’ਚ ਵਾਧੇ ਦੀ ਸ਼ੰਕਾ ਜਤਾਈ ਜਾ ਰਹੀ ਹੈ। ਕਿੰਨੇ ਸ਼ੱਕੀਆਂ ਨੂੰ ਹਸਪਤਾਲਾਂ ’ਚ ਭਰਤੀ ਕੀਤਾ ਗਿਆ ਹੈ ਅਤੇ ਕਿੰਨਿਆਂ ਨੂੰ ਘਰਾਂ ’ਚ ਵੱਖ ਰੱਖ ਕੇ ਸਿਹਤ ਵਿਭਾਗ ਦੀ ਨਿਗਰਾਨੀ ’ਚ ਰੱਖਿਆ ਗਿਆ ਹੈ, ਇਸ ਦੀ ਜਾਣਕਾਰੀ ਬੁਲੇਟਿਨ ’ਚ ਸਾਂਝੀ ਕਰਨ ਤੋਂ ਸਰਕਾਰ ਨੇ ਪਰਹੇਜ਼ ਕੀਤਾ ਹੈ।


Gurdeep Singh

Content Editor

Related News