ਲੁਟੇਰਾ ਗਿਰੋਹ ਦੇ 2 ਮੈਂਬਰ ਰੇਲਵੇ ਪੁਲਸ ਵੱਲੋਂ ਕਾਬੂ
Wednesday, Sep 20, 2017 - 01:28 AM (IST)

ਹੁਸ਼ਿਆਰਪੁਰ, (ਅਮਰਿੰਦਰ)- ਰੇਲਵੇ ਸਟੇਸ਼ਨ ਦੇ ਨਾਲ ਲੱਗਦੇ ਇਲਾਕੇ 'ਚ ਰਾਤ ਸਮੇਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਰੇਲਵੇ ਪੁਲਸ ਨੇ ਕਾਬੂ ਕੀਤਾ ਹੈ, ਜਦਕਿ ਇਕ ਫ਼ਰਾਰ ਦੋਸ਼ੀ ਅਜੈ ਕੁਮਾਰ ਉਰਫ ਅੱਜੂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਰੇਲਵੇ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਸਤੀਸ਼ ਕੁਮਾਰ ਨੇ ਦੱਸਿਆ ਕਿ 15 ਸਤੰਬਰ ਦੀ ਰਾਤ ਨੂੰ ਰੇਲਵੇ ਰੋਡ 'ਤੇ ਬੰਟੀ ਵਾਸੀ ਵਿਸੌਲੀ ਨੂੰ ਕੁਝ ਵਿਅਕਤੀ ਰਾਤ ਸਮੇਂ ਰੋਕ ਕੇ 3000 ਰੁਪਏ ਤੇ ਮੋਟਰਸਾਈਕਲ ਖੋਹਣ ਦਾ ਯਤਨ ਕਰ ਰਹੇ ਸਨ। ਬੰਟੀ ਵੱਲੋਂ ਰੌਲਾ ਪਾਉਣ 'ਤੇ ਲੁਟੇਰੇ ਆਪਣਾ ਮੋਟਰਸਾਈਕਲ ਵੀ ਉਥੇ ਹੀ ਛੱਡ ਕੇ ਫ਼ਰਾਰ ਹੋ ਗਏ। ਅਗਲੇ ਦਿਨ ਮੋਟਰਸਾਈਕਲ ਦੇ ਕਾਗਜ਼ਾਤ ਦੇ ਆਧਾਰ 'ਤੇ ਪੁਲਸ ਨੇ ਇਕ ਦੋਸ਼ੀ ਹਰਨਾਮ ਦਾਸ ਵਾਸੀ ਰੂਪਨਗਰ ਨੂੰ ਕਾਬੂ ਕਰ ਲਿਆ।
ਉਸ ਕੋਲੋਂ ਪੁੱਛਗਿੱਛ ਉਪਰੰਤ ਪੁਲਸ ਨੇ ਦੂਸਰੇ ਦੋਸ਼ੀ ਰਾਜ ਕੁਮਾਰ ਵਾਸੀ ਨਿਊ ਮਾਡਲ ਟਾਊਨ ਨੂੰ ਵੀ ਕਾਬੂ ਕਰ ਲਿਆ। ਪਰ ਇਨ੍ਹਾਂ ਦਾ ਤੀਸਰਾ ਸਾਥੀ ਅਜੈ ਕੁਮਾਰ ਵਾਸੀ ਸੁੰਦਰ ਨਗਰ ਅਜੇ ਫ਼ਰਾਰ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖੋਹੇ ਪੈਸੇ ਦੋਸ਼ੀਆਂ ਵੱਲੋਂ ਆਪਸ ਵਿਚ ਵੰਡ ਲਏ ਗਏ ਹਨ। ਪੁਲਸ ਦੋਸ਼ੀਆਂ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਹੋਰ ਪੁੱਛਗਿੱਛ ਕਰ ਰਹੀ ਹੈ।