ਨਸ਼ੇ ਵਾਲੇ ਪਾਊਡਰ ਤੇ ਹੈਰੋਇਨ ਸਣੇ ਦੋ ਕਾਬੂ
Monday, Jul 23, 2018 - 05:37 AM (IST)

ਗਡ਼ਸ਼ੰਕਰ, (ਜ.ਬ.)- ਐੱਸ. ਐੱਸ. ਪੀ. ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਛੇਡ਼ੀ ਵਿਸ਼ੇਸ਼ ਮੁਹਿੰਮ ਅਧੀਨ ਗੜ੍ਹਸ਼ੰਕਰ ਪੁਲਸ ਨੇ ਚਿੱਟੇ ਨਸ਼ੇ ਵਾਲੇ ਪਾਊਡਰ ਤੇ ਹੈਰੋਇਨ ਸਣੇ ਦੋ ਲੋਕਾਂ ਨੂੰ ਕਾਬੂ ਕਰਕੇ ਵੱਖੋ-ਵੱਖਰੇ ਮਾਮਲੇ ਦਰਜ ਕੀਤੇ ਹਨ। ਐੱਸ. ਐੱਚ. ਓ. ਰੰਜਨਾ ਦੇਵੀ ਨੇ ਦੱਸਿਆ ਕਿ ਸਬ ਇੰਸਪੈਕਟਰ ਰਜਿੰਦਰ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਬੰਗਾ ਰੋਡ ਤੋਂ ਬਲਜਿੰਦਰ ਸਿੰਘ ਉਰਫ ਬੰਬ ਪੁੱਤਰ ਜੋਗਾ ਸਿੰਘ ਪਿੰਡ ਬਾਰਾਪੁਰ (ਗਡ਼੍ਹਸ਼ੰਕਰ) ਨੂੰ 30 ਗਰਾਮ ਚਿੱਟੇ ਨਸ਼ੇ ਵਾਲੇ ਪਾਊਡਰ ਸਣੇ ਗ੍ਰਿਫਤਾਰ ਕਰਕੇ ਧਾਰਾ 22-61-85 ਅਧੀਨ ਮਾਮਲਾ ਦਰਜ ਕੀਤਾ ਹੈ।
ਦੂਜੇ ਮਾਮਲੇ ਵਿਚ ਏ. ਐੱਸ. ਆਈ. ਦੇਸ ਰਾਜ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਨਹਿਰ ਦੇ ਪੁਲ ਰਾਵਲਪਿੰਡੀ ਰੋਡ ’ਤੇ ਰਣਜੀਤ ਸਿੰਘ ਉਰਫ ਹੈਪੀ ਪੁੱਤਰ ਸੁੱਚਾ ਸਿੰਘ ਨਿਵਾਸੀ ਵਾਰਡ ਨੰਬਰ 10 ਗਡ਼੍ਹਸ਼ੰਕਰ ਨੂੰ 75 ਗਰਾਮ ਹੈਰੋਇਨ ਸਣੇ ਗ੍ਰਿਫਤਾਰ ਕਰਕੇ ਧਾਰਾ 22-61-85 ਅਧੀਨ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਮਾਨਯੋਗ ਹਿਨਾ ਅਗਰਵਾਲ ਸਬ ਜੱਜ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਬਲਜਿੰਦਰ ਸਿੰਘ ਉਰਫ ਬੰਬ ਨੂੰ ਜੇਲ ਭੇਜ ਦਿੱਤਾ ਤੇ ਦੂਸਰੇ ਦੋਸ਼ੀ ਰਣਜੀਤ ਸਿੰਘ ਨੂੰ ਇਕ ਦਿਨ ਦੇ ਪੁਲਸ ਰਿਮਾਡ ’ਤੇ ਪੁਲਸ ਦੇ ਹਵਾਲੇ ਕਰ ਦਿੱਤਾ।