ਦੋ ਦਿਨਾ ਕੌਮਾਂਤਰੀ ਕਾਨਫਰੰਸ ਸਮਾਪਤ

11/09/2019 1:33:54 AM

ਚੰਡੀਗੜ੍ਹ,(ਭੁੱਲਰ): ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਲੜੀ ਵਜੋਂ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈੱਲਪਮੈਂਟ (ਕਰਿੱਡ) ਵਿਖੇ ਆਯੋਜਿਤ ਦੋ ਦਿਨਾ ਕੌਮਾਂਤਰੀ ਕਾਨਫਰੰਸ ਸ਼ੁੱਕਰਵਾਰ ਸ਼ਾਮ ਸਮਾਪਤ ਹੋਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਸਿੱਖਿਆਵਾਂ ਨੂੰ ਲੈ ਕੇ ਵੱਖ-ਵੱਖ ਵਿਸ਼ਿਆਂ 'ਤੇ ਦੇਸ਼-ਵਿਦੇਸ਼ ਤੋਂ ਆਏ ਵਿਦਵਾਨਾਂ ਨੇ ਚਰਚਾ ਕੀਤੀ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਾਨਫਰੰਸ ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕੀਤੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਮੁੜ-ਵਿਚਾਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਮਨੁੱਖੀ ਇਤਿਹਾਸ ਦੇ ਕਿਸੇ ਵੀ ਹੋਰ ਦੌਰ ਨਾਲੋਂ ਅੱਜ ਸੋਚ ਅਤੇ ਕਾਰਜ ਦੀ ਏਕਤਾ ਦੀ ਸਭ ਤੋਂ ਵੱਧ ਲੋੜ ਹੈ। ਅੱਜ ਜਦੋਂ ਸੰਸਾਰ ਟੁਕੜਿਆਂ 'ਚ ਟੁੱਟਦਾ ਜਾ ਰਿਹਾ ਹੈ ਅਤੇ ਮਨੁੱਖ ਜ਼ਿੰਦਗੀ ਜਿਊਣ ਦੇ ਅਰਥਾਂ ਅਤੇ ਉਦੇਸ਼ਾਂ ਤੋਂ ਕੋਹਾਂ ਪਰ੍ਹੇ ਜਾ ਰਿਹਾ ਹੈ ਉਦੋਂ ਗੁਰੂ ਸਾਹਿਬ ਦੇ ਫਲਸਫੇ ਨੂੰ ਅਮਲ 'ਚ ਲਿਆਉਣ ਦੀ ਲੋੜ ਹੈ। ਅੱਜ ਜਦੋਂ ਪੂਰੀ ਦੁਨੀਆ ਕੁਦਰਤੀ ਸਰੋਤਾਂ ਦੀ ਅੰਨ੍ਹੇਵਾਹ ਵਰਤੋਂ, ਹਥਿਆਰਾਂ ਦੀਆਂ ਵੱਧ ਰਹੀਆਂ ਕਿਸਮਾਂ, ਅਮੀਰਾਂ ਵੱਲੋਂ ਗਰੀਬਾਂ ਦਾ ਲਗਾਤਾਰ ਸ਼ੋਸ਼ਣ ਅਤੇ ਵਾਤਾਵਰਣ ਦੇ ਵੱਧ ਰਹੇ ਵਿਗਾੜ ਦੇ ਸਿੱਟੇ ਵਜੋਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਉਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦੱਸੇ ਸੱਚ, ਲਿੰਗ ਸਮਾਨਤਾ, ਵਾਤਾਵਰਣ ਦੀ ਸੁਰੱਖਿਆ ਅਤੇ ਵਿਸ਼ਵਵਿਆਪੀ ਜ਼ਿੰਮੇਵਾਰੀ 'ਤੇ ਆਧਾਰਤ ਸਮਾਜ ਦੀ ਸਿਰਜਣਾ ਵੱਲ ਕਾਰਜ ਕਰਨਾ ਸਾਰਥਿਕ ਹੋਵੇਗਾ।

ਇਸ ਮੌਕੇ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਡਾ. ਮੁਰਲੀ ਮਨੋਹਰ ਜੋਸ਼ੀ ਨੇ ਅੱਜ ਦੇ ਵਿਸ਼ਵਵਿਆਪੀ ਸੰਸਾਰ 'ਚ ਨਾਨਕ ਦੇ ਫਲਸਫੇ ਨੂੰ ਲਾਗੂ ਕਰਨ ਦੀ ਸਾਰਥਿਕਤਾ 'ਤੇ ਜ਼ੋਰ ਦਿੱਤਾ। ਇਸ ਤੋਂ ਪਹਿਲਾਂ ਟੀ. ਕੇ. ਨਾਇਰ, ਸੀ.ਆਰ.ਆਰ.ਆਈ.ਡੀ. ਦੀ ਗਵਰਨਿੰਗ ਬਾਡੀ ਦੇ ਮੈਂਬਰ ਨੇ ਸਵਾਗਤੀ ਭਾਸ਼ਣ ਦਿੱਤਾ, ਜਿਸ ਤੋਂ ਬਾਅਦ ਡਾ. ਬਿੰਦੂ ਦੁੱਗਲ, ਐਸੋਸੀਏਟ ਪ੍ਰੋਫੈਸਰ, ਸੀ.ਆਰ.ਆਰ.ਆਈ.ਡੀ. ਵਲੋਂ ਕਾਨਫਰੰਸ 'ਚ ਹੋਏ ਸੈਸ਼ਨਾਂ ਬਾਰੇ ਵਿਸਥਾਰਤ ਰਿਪੋਰਟ ਦਿੱਤੀ ਗਈ। ਅੱਜ ਸਮਾਪਤ ਸਮਾਰੋਹ 'ਚ ਕਰਿੱਡ ਦੇ ਕਾਰਜਕਾਰੀ ਵਾਈਸ ਚੇਅਰਮੈਨ ਰਸ਼ਪਾਲ ਮਲਹੋਤਰਾ, ਪੰਜਾਬ ਸਰਕਾਰ ਦੇ ਸੀਨੀਅਰ ਆਈ.ਏ.ਐੱਸ. ਅਧਿਕਾਰੀ. ਵਿੰਨੀ ਮਹਾਜਨ, ਜਸਪਾਲ ਸਿੰਘ ਤੇ ਗੁਰਪ੍ਰੀਤ ਸਪਰਾ ਵੀ ਮੌਜੂਦ ਸਨ।


Related News