ਦੋਸ਼ੀ ਸੁਸ਼ੀਲਾ ਦਾ ਰਿਮਾਂਡ ਸਮਾਂ 2 ਦਿਨ ਹੋਰ ਵਧਾਇਆ

01/17/2018 7:49:45 AM

ਚੰਡੀਗੜ੍ਹ  (ਸੰਦੀਪ) - ਐੱਚ. ਸੀ. ਐੱਸ. (ਜੁਡੀਸ਼ੀਅਲ) ਪੇਪਰ ਲੀਕ ਮਾਮਲੇ 'ਚ ਗ੍ਰਿਫਤਾਰ ਸੁਸ਼ੀਲਾ ਨੂੰ ਐੱਸ. ਆਈ. ਟੀ. ਨੇ 2 ਦਿਨਾ ਰਿਮਾਂਡ ਮਗਰੋਂ ਮੁੜ ਅਦਾਲਤ 'ਚ ਪੇਸ਼ ਕੀਤਾ। ਅਦਾਲਤ 'ਚ ਸਰਕਾਰੀ ਵਕੀਲ ਨੇ ਸੁਸ਼ੀਲਾ ਦਾ ਚਾਰ ਦਿਨਾ ਰਿਮਾਂਡ ਮੰਗਿਆ। ਸਰਕਾਰੀ ਵਕੀਲ ਨੇ ਰਿਮਾਂਡ ਨੂੰ ਲੈ ਕੇ ਦਲੀਲ ਰੱਖਦੇ ਹੋਏ ਕਿਹਾ ਕਿ ਸੁਸ਼ੀਲਾ ਨੇ ਸੁਨੀਤਾ ਦੇ ਕਹਿਣ 'ਤੇ ਆਪਣਾ ਮੋਬਾਇਲ ਫੋਨ ਤੋੜਿਆ ਸੀ। ਪੁਲਸ ਨੇ ਇਹ ਫੋਨ ਰਿਕਵਰ ਕਰ ਲਿਆ ਹੈ। ਉਥੇ ਹੀ ਮੁਲਜ਼ਮ ਨੇ ਪੇਪਰ ਦੇ ਬਦਲੇ ਪੈਸੇ ਦੇਣ ਲਈ ਪਿੰਜੌਰ ਸਥਿਤ ਇਕ ਪਲਾਟ ਵੇਚਿਆ ਸੀ। ਇਸ ਨਾਲ ਸਬੰਧਤ ਦਸਤਾਵੇਜ਼ ਤੇ ਕਾਗਜ਼ਾਤ ਰਿਕਵਰ
ਕਰਨ ਲਈ ਪੁਲਸ ਨੂੰ ਮੁਲਜ਼ਮ ਚਰਖੀ ਦਾਦਰੀ ਲੈ ਕੇ ਜਾਏਗੀ। ਸਰਕਾਰੀ ਵਕੀਲ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਸੁਸ਼ੀਲਾ ਦਾ ਰਿਮਾਂਡ ਦੋ ਦਿਨ ਹੋਰ ਵਧਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਐੱਸ. ਆਈ. ਟੀ. ਨੇ ਸੁਸ਼ੀਲਾ ਨੂੰ ਐਤਵਾਰ ਗ੍ਰਿਫਤਾਰ ਕਰਕੇ ਉਸਨੂੰ ਅਦਾਲਤ 'ਚ ਪੇਸ਼ ਕਰਕੇ ਉਸਦਾ 2 ਦਿਨਾ ਰਿਮਾਂਡ ਹਾਸਲ ਕੀਤਾ ਸੀ। ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਸੁਸ਼ੀਲਾ ਨੇ ਐਵੀਡੈਂਸ ਐਕਟ 27 ਤਹਿਤ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਹੈ ਕਿ ਉਸਨੇ ਸੁਨੀਤਾ ਦੇ ਕਹਿਣ 'ਤੇ ਆਪਣਾ ਮੋਬਾਇਲ ਫੋਨ ਤੋੜ ਦਿੱਤਾ ਸੀ ਕਿਉਂਕਿ ਉਸ ਫੋਨ 'ਚ ਸੁਨੀਤਾ ਤੇ ਸੁਸ਼ੀਲਾ ਵਿਚਕਾਰ ਪੇਪਰ ਲੀਕ ਹੋਣ ਤੋਂ ਬਾਅਦ ਕੀਤੀਆਂ ਕਈ ਕਾਲਾਂ ਦੀ ਰਿਕਾਰਡਿੰਗ ਸੀ। ਫੋਨ ਤੋੜਨ ਤੋਂ ਬਾਅਦ ਉਸਨੇ ਇਸ ਨੂੰ ਪੰਚਕੂਲਾ ਸਥਿਤ ਘਰ 'ਚ ਹੀ ਰੱਖ ਦਿੱਤਾ ਸੀ। ਇਸ ਨੂੰ ਪੁਲਸ ਨੇ ਬਰਾਮਦ ਕਰ ਲਿਆ ਹੈ।
ਉਥੇ ਹੀ 16 ਜਨਵਰੀ ਨੂੰ ਜਾਂਚ ਟੀਮ ਨੂੰ ਦਿੱਤੇ ਬਿਆਨ 'ਚ ਸੁਸ਼ੀਲਾ ਨੇ ਕਿਹਾ ਕਿ ਐੱਚ. ਸੀ. ਐੱਸ. ਪੇਪਰ ਤੇ ਆਂਸਰਸ਼ੀਟ ਦੇ ਬਦਲੇ ਪੈਸੇ ਚੁਕਾਉਣ ਲਈ ਉਸਨੇ ਪਿੰਜੌਰ ਸਥਿਤ ਆਪਣਾ ਪਲਾਟ ਵੇਚਿਆ ਸੀ। ਇਸ ਨਾਲ ਜੁੜੇ ਦਸਤਾਵੇਜ਼ ਹਰਿਆਣਾ ਦੇ ਚਰਖੀਦਾਦਰੀ ਸਥਿਤ ਉਸਦੇ ਪੇਕੇ ਘਰ 'ਚ ਪਏ ਹਨ। ਪੁਲਸ ਨੇ ਉਹ ਕਾਗਜ਼ਾਤ ਰਿਕਵਰ ਕਰਨ ਲਈ ਮੁਲਜ਼ਮ ਨੂ ਉਥੇ ਲੈ ਕੇ ਜਾਣਾ ਹੈ। ਇਸ ਆਧਾਰ 'ਤੇ ਉਸਦਾ ਚਾਰ ਦਿਨਾ ਰਿਮਾਂਡ ਮੰਗਿਆ ਗਿਆ।
ਉਥੇ ਹੀ ਸੁਸ਼ੀਲਾ ਨੇ ਅਦਾਲਤ 'ਚ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸਦੀ ਪੇਕਿਆਂ ਨਾਲ ਕਈ ਸਾਲਾਂ ਤੋਂ ਕੋਈ ਗੱਲਬਾਤ ਨਹੀਂ ਹੈ ਤੇ ਚਰਖੀ ਦਾਦਰੀ 'ਚ ਹੁਣ ਕੋਈ ਰਹਿੰਦਾ ਵੀ ਨਹੀਂ ਹੈ। ਉਸਨੇ ਪੁਲਸ ਰਿਮਾਂਡ 'ਚ ਦਿੱਤੀ ਦਲੀਲ ਦਾ ਖੰਡਨ ਕੀਤਾ। ਅਦਾਲਤ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਸ਼ੀਲਾ ਦਾ ਰਿਮਾਂਡ 2 ਦਿਨ ਹੋਰ ਵਧਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੁਨੀਤਾ ਤੇ ਹਾਈ ਕੋਰਟ ਦੇ ਸਾਬਕਾ ਰਜਿਸਟਰਾਰ ਡਾ. ਬਲਵਿੰਦਰ ਕੁਮਾਰ ਸ਼ਰਮਾ ਖਿਲਾਫ ਐੱਸ. ਆਈ. ਟੀ. ਚਾਰਜਸ਼ੀਟ ਦਾਖਲ ਕਰ ਚੁੱਕੀ ਹੈ। ਅਦਾਲਤ ਵਲੋਂ ਸੁਨੀਤਾ ਨੂੰ ਇਸਦੀ ਕਾਪੀ ਸੌਂਪ ਦਿੱਤੀ ਗਈ ਹੈ। ਉਥੇ ਹੀ ਡਾ. ਸ਼ਰਮਾ ਨੂੰ ਬੁੱਧਵਾਰ ਨੂੰ ਚਾਰਜਸ਼ੀਟ ਦੀ ਕਾਪੀ ਸੌਂਪੀ ਜਾਏਗੀ। ਬੁੱਧਵਾਰ ਨੂੰ ਸੁਨੀਤਾ ਦੀ ਜ਼ਮਾਨਤ ਪਟੀਸ਼ਨ 'ਤੇ ਵੀ ਸੁਣਵਾਈ ਹੋਣੀ ਹੈ।


Related News