ਮੁੱਲਾਂਪੁਰ ਦਾਖਾ ’ਚ ਦੀਵੇ ਕਾਰਣ ਲੱਗੀ ਅੱਗ, ਜਿਊਂਦੇ ਸੜੇ ਦੋ ਬੱਚੇ, 4 ਬੱਚਿਆਂ ਨੂੰ ਅੱਗ ਦੇ ਭਾਂਬੜਾਂ ’ਚੋਂ ਕੱਢ ਲਿਆਈ

01/09/2023 6:41:59 PM

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਅਧੀਨ ਪੈਂਦੇ ਪਿੰਡ ਮੰਡਿਆਣੀ ਵਿਖੇ ਇਕ ਪ੍ਰਵਾਸੀ ਮਜ਼ਦੂਰ ਦੀ ਝੁੱਗੀ ਨੂੰ ਰਾਤੀ ਅੱਗ ਲੱਗਣ ਕਾਰਣ ਦੋ ਬੱਚਿਆਂ ਦੀ ਮੌਕੇ ’ਤੇ ਸੜ ਕੇ ਦਰਦਨਾਕ ਮੌਤ ਹੋ ਗਈ ਜਦਕਿ ਚਾਰ ਬੱਚੇ ਪੀ. ਜੀ. ਆਈ. ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਦੱਸਿਆ ਜਾ ਰਿਹਾ ਹੈ ਜ਼ਖਮੀਆਂ ਵਿਚ 2 ਦੀ ਹਾਲਤ ਗੰਭੀਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਭੂਦਨ ਸਿੰਘ ਪਿੰਡ ਮੰਡਿਆਣੀ ਵਿਚ ਕਿਸੇ ਦੇ ਘਰ ਰਾਤੀਂ ਮਜ਼ਦੂਰੀ ਕਰਨ ਗਿਆ ਹੋਇਆ ਸੀ, ਉਸ ਦੀ ਪਤਨੀ ਸੁਨੀਤਾ 6 ਬੱਚਿਆਂ ਸਮੇਤ ਝੁੱਗੀ ਵਿਚ ਸੁੱਤੀ ਪਈ ਸੀ ਅਤੇ ਰਾਤ 9.30 ਵਜੇ ਦੇ ਕਰੀਬ ਝੁੱਗੀ ਵਿਚ ਬਲ ਰਿਹਾ ਮਿੱਟੀ ਦਾ ਦੀਵਾ ਅਚਾਨਕ ਝੁੱਗੀ ਦੇ ਪਿਛਲੇ ਪਾਸੇ ਡਿੱਗ ਗਿਆ, ਜਿਸ ਕਾਰਣ ਝੁੱਗੀ ਨੂੰ ਅੱਗ ਲੱਗ ਗਈ।

ਇਹ ਵੀ ਪੜ੍ਹੋ : ਪੰਜਾਬ ’ਚ ਅਜੇ ਜਾਰੀ ਰਹੇਗਾ ਹੱਡ ਚੀਰਵੀਂ ਠੰਡ ਦਾ ਦੌਰ, ਮੌਸਮ ਵਿਭਾਗ ਨੇ ਜਾਰੀ ਕੀਤਾ ਬੁਲੇਟਿਨ

ਇਸ ਹਾਦਸੇ ਵਿਚ ਦੋ ਬੱਚੇ ਬਿਰਜੂ (2) ਅਤੇ ਸੁਥਰਾ (3) ਮੌਕੇ ’ਤੇ ਹੀ ਝੁੱਗੀ ਵਿਚ ਸੜ ਗਏ ਜਦਕਿ ਮਾਂ ਨੇ ਆਪਣੇ 4 ਬੱਚਿਆਂ ਨੂੰ ਬੜੀ ਮੁਸ਼ਕਲ ਨਾਲ ਅੱਗ ਦੀਆਂ ਲਪਟਾਂ ਵਿਚੋਂ ਬਾਹਰ ਕੱਢਿਆ। ਝੁੱਗੀ ਦੇ ਆਂਢ-ਗੁਆਂਢ ਦੇ ਝੁੱਗੀ ਵਾਲਿਆਂ ਨੇ ਪਾਣੀ ਪਾ ਕੇ ਅੱਗ ਬੁਝਾਈ ਪਰ ਉਦੋਂ ਤਕ ਬੱਚਿਆਂ ਨੂੰ ਬਾਹਰ ਕੱਢਦਿਆਂ ਮਾਂ ਸੁਨੀਤਾ ਵੀ ਬੁਰੀ ਤਰ੍ਹਾਂ ਝੁਲਸ ਗਈ ਸੀ। ਪਿੰਡ ਦੀ ਐਂਬੂਲੈਂਸ ਨੇ ਝੁਲਸੇ ਬੱਚੇ ਪਰਵੀਰ (8) ਅਤੇ ਲੜਕੀ ਕੋਮਲ (6), ਅਪਨ (4) ਨੂੰ ਚੰਡੀਗੜ੍ਹ ਪੀ. ਜੀ. ਆਈ. ਹਸਪਤਾਲ ਦਾਖਲ ਕਰਵਾਇਆ। ਜਿੱਥੇ ਪਰਵੀਰ ਅਤੇ ਕੋਮਲ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦਕਿ ਮਾਂ ਦੀ ਗੋਦੀ ’ਚ ਸੁੱਤੀ 4 ਮਹੀਨੇ ਦੀ ਲੜਕੀ ਇੰਦੂ ਵਾਲ-ਵਾਲ ਬਚ ਗਈ। 

ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਖਾ ਲਿਆ ਪੰਜ ਭੈਣਾਂ ਦਾ ਇਕਲੌਤਾ ਵੀਰ, ਲੋਹੜੀ ਦੇ ਕੇ ਪਰਤਦੇ ਨੂੰ ਲੈ ਗਈ ਹੋਣੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News