ਭਗਵਾਨ ਵਾਲਮੀਕਿ ਜੀ ਦੇ ਪ੍ਰਤੀ ਗਲਤ ਟਿੱਪਣੀ ਕਰਨ ''ਤੇ ਚੈਨਲ ਦੇ ਮਾਲਕ ਸਣੇ ਇਨ੍ਹਾਂ ਖਿਲਾਫ ਕੇਸ ਦਰਜ

12/05/2019 2:06:28 PM

ਅੰਮ੍ਰਿਤਸਰ (ਟੋਡਰਮੱਲ, ਸੰਜੀਵ) : ਬੀਤੇ ਦਿਨ ਇਕ ਨਿੱਜੀ ਟੀ. ਵੀ. ਚੈਨਲ 'ਤੇ ਪ੍ਰਸਾਰਿਤ ਪ੍ਰੋਗਰਾਮ ਦੌਰਾਨ ਭਗਵਾਨ ਵਾਲਮੀਕਿ ਜੀ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ 'ਤੇ ਚੈਨਲ ਦੇ ਮਾਲਕ, ਪ੍ਰੋਡਿਊਸਰ, ਡਾਇਰੈਕਟਰ ਅਤੇ ਮੰਦਰ ਦੇ ਉਪਦੇਸ਼ਕਾਂ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਭਗਵਾਨ ਵਾਲਮੀਕਿ ਚੌਕ 'ਚ ਇਕੱਠੇ ਹੋਏ ਵਾਲਮੀਕਿ ਸੰਗਠਨਾਂ ਦੇ ਨੇਤਾਵਾਂ ਨਾਲ ਸ਼ਿਕਾਇਤਕਰਤਾ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਦੇ ਪ੍ਰਮੁੱਖ ਸੰਤ ਮੇਘਨਾਥ, ਭਾਰਤੀ ਵਾਲਮੀਕਿ ਧਰਮ ਸਮਾਜ ਦੇ ਰਾਸ਼ਟਰੀ ਨਿਰਦੇਸ਼ਕ ਕੁਮਾਰ ਦਰਸ਼ਨ, ਵਾਲਮੀਕਿ ਆਦਿ ਧਰਮ ਸਮਾਜ ਦੇ ਉੱਤਮ ਪੰਜਾਬ ਉਪ ਪ੍ਰਧਾਨ ਪ੍ਰਦੀਪ ਬੱਬਰ ਆਦਿ ਨੇ ਸਾਂਝੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ 19 ਨਵੰਬਰ ਨੂੰ ਐੱਮ. ਐੱਚ. 1 ਚੈਨਲ 'ਤੇ ਚੱਲ ਰਹੇ ਪ੍ਰੋਗਰਾਮ 'ਚ ਵੈਸ਼ਨੋ ਦੇਵੀ ਮੰਦਰ ਦੇ   ਉਪਦੇਸ਼ਕਾਂ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਅਕਸ ਨੂੰ ਖਰਾਬ ਕੀਤਾ ਗਿਆ ਹੈ।

ਉਨ੍ਹਾਂ ਵੀਡੀਓ 'ਚ ਭਗਵਾਨ ਵਾਲਮੀਕਿ ਜੀ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰ ਕੇ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ। ਚੈਨਲ ਨੇ ਇਸ ਪ੍ਰੋਗਰਾਮ ਦਾ ਪ੍ਰਸਾਰਨ ਕਰ ਕੇ ਦੇਸ਼ 'ਚ ਦੰਗੇ ਕਰਵਾਉਣ ਦੀ ਸਾਜ਼ਿਸ਼ ਰਚੀ ਹੈ। ਇਸ ਮਾਮਲੇ ਨੂੰ ਲੈ ਕੇ ਵਾਲਮੀਕਿ ਸੰਗਠਨਾਂ ਦੀ ਸ਼ਿਕਾਇਤ 'ਤੇ ਥਾਣਾ ਸਦਰ 'ਚ 3 ਦਸੰਬਰ ਨੂੰ ਧਾਰਾ 295-ਏ, 120 ਬੀ. ਕੇ. ਅਧੀਨ ਐੱਮ. ਐੱਚ. 1 ਚੈਨਲ ਦੇ ਮਾਲਕ, ਪ੍ਰੋਡਿਊਸਰ, ਡਾਇਰੈਕਟਰ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ।
ਉਪਰੋਕਤ ਆਗੂਆਂ ਨੇ ਦੱਸਿਆ ਕਿ ਥਾਣਾ ਸਦਰ 'ਚ ਅਜਿਹੇ ਮਾਮਲੇ ਨੂੰ ਲੈ ਕੇ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਪੁਲਸ ਵੱਲੋਂ ਹੁਣ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ। ਕੇਂਦਰ ਅਤੇ ਪੰਜਾਬ ਸਰਕਾਰ ਤੋਂ ਵਾਲਮੀਕਿ ਸੰਗਠਨਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਚੈਨਲਾਂ ਖਿਲਾਫ ਸਖ਼ਤ ਨੋਟਿਸ ਲਿਆ ਜਾਵੇ ਅਤੇ ਸਖ਼ਤ ਕਾਨੂੰਨ ਲਾਗੂ ਕੀਤਾ ਜਾਵੇ ਤਾਂ ਕਿ ਭਵਿੱਖ 'ਚ ਕੋਈ ਵੀ ਚੈਨਲ ਅਜਿਹਾ ਪ੍ਰਸਾਰਨ ਨਾ ਕਰ ਸਕੇ।

 


Anuradha

Content Editor

Related News