ਟਿਊਬਵੈੱਲ ਮੇਨਟੀਨੈਂਸ ਦੇ ਕੰਮ ਨੂੰ ਲੈ ਕੇ ਚੰਡੀਗੜ੍ਹ ਤੇ ਜਲੰਧਰ ਨਿਗਮ ਦੀ ਅਫ਼ਸਰਸ਼ਾਹੀ ਦੇ ਰੰਗ-ਢੰਗ ਅਜੀਬ

03/01/2023 11:25:10 AM

ਜਲੰਧਰ (ਖੁਰਾਣਾ)–ਸ਼ਹਿਰ ਦੇ ਲੋਕਾਂ ਨੂੰ ਪਾਣੀ ਸਪਲਾਈ ਕਰ ਰਹੇ 600 ਦੇ ਲਗਭਗ ਟਿਊਬਵੈੱਲਾਂ ਉੱਪਰ ਜਲੰਧਰ ਨਿਗਮ ਨੇ ਟਾਈਮਰ ਲਾਏ ਹੋਏ ਹਨ, ਜਿਨ੍ਹਾਂ ਨਾਲ ਇਹ ਟਿਊਬਵੈੱਲ ਆਪਣੇ-ਆਪ ਨਿਰਧਾਰਿਤ ਸਮੇਂ ’ਤੇ ਚਾਲੂ ਅਤੇ ਬੰਦ ਹੋ ਜਾਂਦੇ ਹਨ। ਇਨ੍ਹਾਂ ਟਿਊਬਵੈੱਲਾਂ ਦੀ ਮੇਨਟੀਨੈਂਸ ਨਾਲ ਸਬੰਧਤ ਟੈਂਡਰ ਲਾਉਣ ਸਮੇਂ ਕੁਝ ਮਹੀਨੇ ਪਹਿਲਾਂ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਟਿਊਬਵੈੱਲ ਨੂੰ ਚਲਾਉਣ ਅਤੇ ਬੰਦ ਕਰਨ ਲਈ ਲੇਬਰ ਦੀ ਵੀ ਵਿਵਸਥਾ ਕਰ ਦਿੱਤੀ ਸੀ ਅਤੇ ਹਰ 5 ਟਿਊਬਵੈੱਲਾਂ ਲਈ ਲੇਬਰ ਦਾ ਇਕ ਆਦਮੀ ਰੱਖਣ ਅਤੇ ਉਸ ਨੂੰ ਡੀ. ਸੀ. ਰੇਟ ’ਤੇ ਤਨਖ਼ਾਹ ਦੇਣ ਦੀ ਵਿਵਸਥਾ ਵੀ ਟੈਂਡਰਾਂ ਵਿਚ ਕਰ ਦਿੱਤੀ ਗਈ ਸੀ।

ਉਦੋਂ ਨਿਗਮ ਦੇ ਹੀ 2 ਠੇਕੇਦਾਰਾਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦੋਸ਼ ਲਾਇਆ ਸੀ ਕਿ ਜਲੰਧਰ ਨਿਗਮ ਦੇ ਅਧਿਕਾਰੀ ਆਪਣੇ ਇਕ ਚਹੇਤੇ ਠੇਕੇਦਾਰ ਨੂੰ ਕਰੋੜਾਂ ਰੁਪਏ ਦਾ ਫਾਇਦਾ ਪਹੁੰਚਾਉਣ ਦੇ ਚੱਕਰ ਵਿਚ 3 ਕਰੋੜ ਵਾਲਾ ਕੰਮ 8 ਕਰੋੜ ਰੁਪਏ ਵਿਚ ਕਰਵਾਉਣਾ ਚਾਹ ਰਹੇ ਹਨ। ਉਨ੍ਹਾਂ ਠੇਕੇਦਾਰਾਂ ਨੇ ਇਸ ਕਾਂਡ ਦੀ ਸ਼ਿਕਾਇਤ ਮੁੱਖ ਮੰਤਰੀ ਦਫ਼ਤਰ ਨੂੰ ਵੀ ਕੀਤੀ ਸੀ, ਜਿਸ ਵਿਚ ਸਾਫ਼ ਕਿਹਾ ਗਿਆ ਸੀ ਕਿ ਟਾਈਮਰ ਲੱਗੇ ਟਿਊਬਵੈੱਲ ਨੂੰ ਚਲਾਉਣ ਲਈ ਲੇਬਰ ਦੀ ਲੋੜ ਹੀ ਨਹੀਂ ਹੈ, ਇਸ ਦੇ ਆਧਾਰ ’ਤੇ ਮੁੱਖ ਮੰਤਰੀ ਦਫ਼ਤਰ ਨੇ ਇਸ ਕਾਂਡ ਦੀ ਜਾਂਚ ਦੇ ਹੁਕਮ ਦਿੱਤੇ ਹੋਏ ਹਨ ਪਰ ਜਲੰਧਰ ਨਿਗਮ ਅਤੇ ਚੰਡੀਗੜ੍ਹ ਬੈਠੇ ਅਧਿਕਾਰੀਆਂ ਦੇ ਅਜੀਬ ਰੰਗ-ਢੰਗ ਇਸੇ ਕਾਰਨਾਮੇ ਤੋਂ ਦਿਸ ਜਾਂਦੇ ਹਨ ਕਿ ਅਜਿਹੇ ਟੈਂਡਰ ਵਾਰ-ਵਾਰ ਲਾਏ ਜਾ ਰਹੇ ਹਨ ਕਿ ਟਿਊਬਵੈੱਲ ਦੀ ਮੇਨਟੀਨੈਂਸ ਦੇ ਕੰਮ ਲਈ ਲੇਬਰ ਦੇ ਵਾਧੂ ਆਦਮੀ ਰੱਖੇ ਜਾਣ।

ਇਹ ਵੀ ਪੜ੍ਹੋ : ਹਾਸ਼ੀਏ ’ਤੇ ਚੱਲ ਰਹੀ ਪੰਜਾਬ ਯੂਥ ਕਾਂਗਰਸ ’ਚ ਇਕ ਵਾਰ ਫਿਰ ਤੋਂ ਜਥੇਬੰਦਕ ਚੋਣਾਂ ਦਾ ਦੌਰ ਸ਼ੁਰੂ

ਚੰਡੀਗੜ੍ਹ ਬੈਠੇ ਅਧਿਕਾਰੀਆਂ ਨੇ ਪਾਸ ਕੀਤੇ ਹਨ ਟੈਂਡਰ
ਜਲੰਧਰ ਨਿਗਮ ਦੇ ਅਧਿਕਾਰੀਆਂ ਵੱਲੋਂ ਲੇਬਰ ਦੇ ਆਦਮੀ ਰੱਖਣ ਵਾਲੀ ਸ਼ਰਤ ਨਾਲ ਜਦੋਂ ਟਿਊਬਵੈੱਲ ਮੇਨਟੀਨੈਂਸ ਦੇ ਟੈਂਡਰ ਹਾਲ ਹੀ ਵਿਚ ਦੁਬਾਰਾ ਲਾਏ ਗਏ ਤਾਂ ਇਸ ਬਾਰੇ ਵਿਭਾਗ ਦੇ ਐੱਸ. ਈ. ਅਨੁਰਾਗ ਮਹਾਜਨ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੈਂਡਰਾਂ ਨੂੰ ਮਨਜ਼ੂਰੀ ਦੇਣ ਲਈ ਚੰਡੀਗੜ੍ਹ ਭੇਜਿਆ ਗਿਆ ਸੀ, ਜਿੱਥੇ ਬੈਠੇ ਅਧਿਕਾਰੀਆਂ ਨੇ ਇਹੀ ਟੈਂਡਰ ਲਾਉਣ ਦੀ ਇਜਾਜ਼ਤ ਦੇ ਦਿੱਤੀ। ਇਸ ਲਈ ਦੁਬਾਰਾ ਟੈਂਡਰ ਲੇਬਰ ਵਾਲੀ ਸ਼ਰਤ ਦੇ ਨਾਲ ਹੀ ਲਾਏ ਗਏ ਹਨ।

ਠੇਕੇਦਾਰ ਸੁਧੀਰ, ਗੁਰਦੀਪ ਅਤੇ ਗੁਪਤਾ ਬਿਨਾਂ ਲੇਬਰ ਇਹ ਕੰਮ ਕਰਨ ਲਈ ਤਿਆਰ
ਨਗਰ ਨਿਗਮ ’ਚ ਟਿਊਬਵੈੱਲਾਂ ਦੀ ਮੇਨਟੀਨੈਂਸ ਦਾ ਵਧੇਰੇ ਕੰਮ 3 ਠੇਕੇਦਾਰ ਹੀ ਕਰਦੇ ਹਨ, ਜਿਨ੍ਹਾਂ ਵਿਚ ਸੁਧੀਰ ਕੁਮਾਰ, ਗੁਰਦੀਪ ਸਿੰਘ ਅਤੇ ਗੁਪਤਾ ਠੇਕੇਦਾਰ ਪ੍ਰਮੁੱਖ ਹਨ। ਗੁਰਦੀਪ ਸਿੰਘ ਅਤੇ ਗੁਪਤਾ ਠੇਕੇਦਾਰ ਨੇ ਤਾਂ ਮੁੱਖ ਮੰਤਰੀ ਦਫ਼ਤਰ ਤੱਕ ਵਿਚ ਸ਼ਿਕਾਇਤ ਭੇਜ ਕੇ ਦੋਸ਼ ਲਾਇਆ ਸੀ ਕਿ ਟਾਈਮਰ ਲੱਗੇ ਟਿਊਬਵੈੱਲ ਨੂੰ ਚਲਾਉਣ ਲਈ ਲੇਬਰ ਰੱਖਣ ਦੀ ਕੋਈ ਤੁਕ ਹੀ ਨਹੀਂ ਹੈ। ਇਸ ਤੋਂ ਸਪੱਸ਼ਟ ਹੈ ਕਿ ਉਹ ਇਹ ਟੈਂਡਰ ਬਿਨਾਂ ਲੇਬਰ ਕਾਸਟ ਲਏ ਭਰਨ ਨੂੰ ਤਿਆਰ ਹਨ। ਪਹਿਲਾਂ ਇਨ੍ਹਾਂ ਟੈਂਡਰਾਂ ਵਿਚ ਦਿਲਚਸਪੀ ਵਿਖਾ ਚੁੱਕੇ ਠੇਕੇਦਾਰ ਸੁਧੀਰ ਕੁਮਾਰ ਦਾ ਹੁਣ ਕਹਿਣਾ ਹੈ ਕਿ ਇਨ੍ਹਾਂ ਟੈਂਡਰਾਂ ਵਿਚ ਲੇਬਰ ਦੇ ਆਦਮੀ ਰੱਖਣ ਦੀ ਲੋੜ ਹੀ ਨਹੀਂ ਹੈ ਕਿਉਂਕਿ ਟਿਊਬਵੈੱਲਾਂ ਦੇ ਉਪਰ ਪਹਿਲਾਂ ਹੀ ਟਾਈਮਰ ਲੱਗੇ ਹੋਏ ਹਨ। ਇਨ੍ਹਾਂ ਟੈਂਡਰਾਂ ਨਾਲ ਸਰਕਾਰ ਨੂੰ ਕਰੋੜਾਂ ਦਾ ਨੁਕਸਾਨ ਹੋਵੇਗਾ। ਠੇਕੇਦਾਰ ਸੁਧੀਰ ਦਾ ਕਹਿਣਾ ਹੈ ਕਿ ਉਹ ਲੇਬਰ ਦੇ ਆਦਮੀਆਂ ਦੀ ਤਨਖਾਹ ਲਏ ਬਿਨਾਂ ਹੀ ਇਹ ਟੈਂਡਰ ਭਰਨ ਨੂੰ ਤਿਆਰ ਹਨ। ਉਸਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਜੇਕਰ ਲੇਬਰ ਦੇ ਆਦਮੀਆਂ ਨਾਲ ਟੈਂਡਰ ਲਾਏ ਜਾਂਦੇ ਹਨ ਤਾਂ ਉਹ ਇਨ੍ਹਾਂ ਟੈਂਡਰਾਂ ਵਿਚ ਹਿੱਸਾ ਨਹੀਂ ਲਵੇਗਾ। ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਨਿਗਮ ਦੇ ਠੇਕੇਦਾਰ ਬਿਨਾਂ ਲੇਬਰ ਦੇ ਹੀ ਟਿਊਬਵੈੱਲ ਮੇਨਟੀਨੈਂਸ ਦਾ ਕੰਮ ਕਰਨ ਦੇ ਇੱਛੁਕ ਹਨ ਅਤੇ ਵਾਰ-ਵਾਰ ਦਬਾਅ ਬਣਾ ਰਹੇ ਹਨ। ਅਜਿਹੇ ਵਿਚ ਜਲੰਧਰ ਨਿਗਮ ਦੇ ਅਧਿਕਾਰੀ ਬਿਨਾਂ ਲੇਬਰ ਕਾਸਟ ਦਿੱਤੇ ਟੈਂਡਰ ਕਿਉਂ ਨਹੀਂ ਲਾ ਰਹੇ। ਅਜਿਹੇ ਵਿਚ ਚੰਡੀਗੜ੍ਹ ਬੈਠੇ ਉਨ੍ਹਾਂ ਅਫ਼ਸਰਾਂ ’ਤੇ ਵੀ ਉਂਗਲੀ ਉੱਠ ਰਹੀ ਹੈ, ਜਿਨ੍ਹਾਂ ਨੇ ਟਾਈਮਰ ਲੱਗੇ ਟਿਊਬਵੈੱਲਾਂ ਨੂੰ ਚਲਾਉਣ ਅਤੇ ਬੰਦ ਕਰਨ ਲਈ ਲੇਬਰ ਦੇ ਆਦਮੀ ਰੱਖਣ ਦੇ ਟੈਂਡਰਾਂ ਨੂੰ ਮਨਜ਼ੂਰੀ ਦਿੱਤੀ ਹੈ।

ਇਹ ਵੀ ਪੜ੍ਹੋ :CM ਮਾਨ ਦੀਆਂ ਕੋਸ਼ਿਸ਼ਾਂ ਲਿਆਈਆਂ ਰੰਗ, ਕੇਂਦਰ ਨੇ ਉੜੀਸਾ ਤੋਂ ਸਮੁੰਦਰ ਰਸਤੇ ਕੋਲਾ ਲਿਆਉਣ ਦੀ ਸ਼ਰਤ ਹਟਾਈ

440 ਟਿਊਬਵੈੱਲਾਂ ਲਈ ਹੀ ਲੱਗੇਗੀ 3.50 ਕਰੋੜ ਤੋਂ ਵੱਧ ਦੀ ਲੇਬਰ
-ਜ਼ੋਨ 2 : ਕੁੱਲ ਟਿਊਬਵੈੱਲ 74, ਲੇਬਰ ਦਾ ਖ਼ਰਚਾ 52.90 ਲੱਖ
-ਜ਼ੋਨ 3 : ਕੁੱਲ ਟਿਊਬਵੈੱਲ 94, ਲੇਬਰ ਦਾ ਖ਼ਰਚਾ 66.30 ਲੱਖ
-ਜ਼ੋਨ 4 : ਕੁੱਲ ਟਿਊਬਵੈੱਲ 114, ਲੇਬਰ ਦਾ ਖ਼ਰਚ 80.40 ਲੱਖ
-ਜ਼ੋਨ 6 : ਕੁੱਲ ਟਿਊਬਵੈੱਲ 102, ਲੇਬਰ ਦਾ ਖ਼ਰਚ 71.95 ਲੱਖ
-ਜ਼ੋਨ 7 : ਕੁੱਲ ਟਿਊਬਵੈੱਲ 56, ਲੇਬਰ ਦਾ ਖ਼ਰਚ 39.50 ਲੱਖ
ਪਾਣੀ ਦੀਆਂ ਟੈਂਕੀਆਂ ਦੀ ਗਿਣਤੀ 10 : ਲੇਬਰ ਦਾ ਖ਼ਰਚ 36.20 ਲੱਖ

ਇਹ ਵੀ ਪੜ੍ਹੋ : ਪਤਨੀ ਨੂੰ ਮਨਾਉਣ ਲਈ ਜਲੰਧਰ 'ਚ PPR ਮਾਲ ਦੀ ਬਿਲਡਿੰਗ 'ਤੇ ਚੜ੍ਹਿਆ ਪਤੀ, ਕੀਤਾ ਹਾਈਵੋਲਟੇਜ਼ ਡਰਾਮਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News