ਸਾਡੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ : ਕੈਂਥ

04/26/2018 7:18:21 AM

ਫਗਵਾੜਾ (ਰੁਪਿੰਦਰ ਕੌਰ)- ਸਵੇਰੇ 11 ਵਜੇ ਦੇ ਕਰੀਬ ਫਗਵਾੜਾ ਦੇ ਹਲਕਾ ਵਿਧਾਇਕ ਸੋਮ ਪ੍ਰਕਾਸ਼ ਕੈਂਥ ਆਪਣੀ ਪਤਨੀ ਅਨੀਤਾ ਸੋਮ ਪ੍ਰਕਾਸ਼ , ਆਪਣੇ ਦਲਿਤ ਤੇ ਜਨਰਲ ਕੌਂਸਲਰ, ਅਕਾਲੀ ਲੀਡਰ ਸਰਵਣ ਸਿੰਘ ਕੁਲਾਰ ਤੇ ਹੋਰ ਪਤਵੰਤਿਆਂ ਸਹਿਤ ਬੰਗਾ ਰੋਡ ਗਾਂਧੀ ਚੌਕ ਵਿਖੇ ਧਰਨੇ 'ਚ ਪੁੱਜੇ। ਉਨ੍ਹਾਂ ਕਾਂਗਰਸ ਪਾਰਟੀ 'ਤੇ ਉਸ ਵੱਲੋਂ ਕੀਤੇ ਜਾ ਰਹੇ ਪੁੱਠੇ-ਸਿੱਧੇ ਕੰਮਾਂ ਤੇ ਜੰਮ ਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸਾਨੂੰ ਉਸ ਬੱਚੇ ਬਾਰੇ ਸੋਚਣਾ ਚਾਹੀਦਾ ਹੈ ਜੋ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਉਸ ਬੱਚੇ ਲਈ ਸਾਰੇ ਦੁਆ ਕਰੋ ਕਿ ਉਹ ਆਪਣੇ ਘਰ ਮਾਪਿਆਂ ਕੋਲ ਜਲਦੀ ਠੀਕ ਹੋਕੇ ਪੁੱਜੇ। ਉਸ ਦੇ ਮਾਪੇ ਸਾਰਿਆਂ ਨੂੰ ਅਪੀਲ ਕਰਦੇ ਹਨ ਕਿ ਬੱਚੇ ਦੇ ਨਾਂ 'ਤੇ ਸਿਆਸਤ ਨਾ ਕੀਤੀ ਜਾਵੇ ਬੱਚੇ ਲਈ ਦੁਆ ਕੀਤੀ ਜਾਵੇ ਪਰ ਕੁਝ ਪਾਰਟੀ ਆਗੂ ਫੋਕੀ ਟੌਹਰ ਵਾਸਤੇ ਸਿਆਸਤ 'ਚ ਲੱਗੇ ਹੋਏ ਹਨ। ਸਾਨੂੰ ਸਭ ਨੂੰ ਪਹਿਲਾਂ ਉਸ ਬੱਚੇ ਦਾ ਫਿਕਰ ਕਰਨਾ ਚਾਹੀਦਾ ਹੈ। ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਪਹਿਚਾਨਣ ਦੀ ਲੋੜ ਹੈ। ਪਿਛਲੇ ਕਈ ਦਿਨਾਂ ਤੋਂ ਫਗਵਾੜੇ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਸਾਰੇ ਦੇਖ ਰਹੇ ਹਨ ਕਿ ਸਾਡੇ ਸਮਾਜ ਨੂੰ ਵੰਡਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। 
ਉਨ੍ਹਾਂ ਕਿਹਾ ਇਕੀ ਦੁੱਕੀ ਲੋਕਾਂ ਨਾਲ ਸਮਾਜ ਨੂੰ ਵੰਡਣ ਨਾਲ ਕੀ ਸਮਾਜ ਵੰਡਿਆ ਜਾ ਸਕਦਾ ਹੈ, ਕੀ ਭਗਵਾਨ ਰਾਮ ਨੂੰ ਵਾਲਮੀਕਿ ਭਗਵਾਨ ਤੋਂ ਵੱਖ ਕੀਤਾ ਜਾ ਸਕਦਾ ਹੈ ਜਾਂ ਗੁਰੂ ਰਵਿਦਾਸ ਜੀ ਨੂੰ ਸ੍ਰੀ ਗੁਰੂ ਨਾਨਕ ਜੀ ਤੋਂ ਵੱਖਰਾ ਕੀਤਾ ਜਾ ਸਕਦਾ ਹੈ। ਸਾਰਿਆਂ ਗੁਰੂਆਂ ਪੀਰਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਹੈ।  ਉਨ੍ਹਾਂ ਕਿਹਾ ਕਿ ਬੀਤੇ ਕਈ ਦਿਨਾਂ ਤੋਂ ਫਗਵਾੜਾ ਸ਼ਹਿਰ ਦੇ ਹਾਲਾਤ ਇੰਨੇ ਵਿਗੜੇ ਹੋਏ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਕਿਹਾ ਉਹ ਜਨਰਲ ਸਮਾਜ ਦੀ ਗੱਲ ਨਹੀਂ ਕਰਦੇ ਤੇ ਨਾ ਹੀ ਦਲਿਤ ਸਮਾਜ ਦੀ ਉਹ ਤਾਂ ਸਿਰਫ ਫਗਵਾੜੇ ਦੀ ਗੱਲ ਕਰ ਸਕਦੇ ਹਨ ਕਿ ਫਗਵਾੜੇ 'ਚ ਅਸੀਂ ਸ਼ਾਂਤੀ ਕਿਵੇਂ ਲਿਆਈਏ।


Related News