ਟਰੱਕ ਆਪ੍ਰੇਟਰਾਂ ਨੇ ਆਈ. ਸੀ. ਪੀ. ਅਟਾਰੀ ਬਾਰਡਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ

Saturday, Jul 28, 2018 - 02:28 AM (IST)

ਟਰੱਕ ਆਪ੍ਰੇਟਰਾਂ ਨੇ ਆਈ. ਸੀ. ਪੀ. ਅਟਾਰੀ ਬਾਰਡਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ

ਅੰਮ੍ਰਿਤਸਰ, (ਨੀਰਜ)- ਟਰੱਕ ਆਪ੍ਰੇਟਰਾਂ ਵੱਲੋਂ ਕਈ ਦਿਨਾਂ ਤੋਂ ਲਗਾਤਾਰ ਕੀਤੀ ਜਾ ਰਹੀ ਦੇਸ਼ ਪੱਧਰੀ ਹਡ਼ਤਾਲ ਦਾ ਅਸਰ ਭਾਰਤ-ਪਾਕਿਸਤਾਨ ਕਾਰੋਬਾਰ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਆਈ. ਸੀ. ਪੀ. ਅਟਾਰੀ ਬਾਰਡਰ ਦੇ ਬਾਹਰ ਟਰੱਕ ਯੂਨੀਅਨ ਅਟਾਰੀ ਅਤੇ ਅੰਮ੍ਰਿਤਸਰ ਟਰੱਕ ਆਪ੍ਰੇਟਰ ਯੂਨੀਅਨ ਵੱਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਅਟਾਰੀ ਟਰੱਕ ਯੂਨੀਅਨ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਲਾਲੀ ਨੇ ਕਿਹਾ ਕਿ ਸਰਕਾਰ ਡੀਜ਼ਲ ਨੂੰ ਜੀ. ਐੱਸ. ਟੀ.  ਦੇ ਦਾਇਰੇ ਵਿਚ ਨਹੀਂ ਲਿਆ ਰਹੀ। ਡੀਜ਼ਲ ਦੇ ਮੁੱਲ ਲਗਾਤਾਰ ਵਧਾਏ ਜਾ ਰਹੇ ਹਨ ਤੇ ਲਗਭਗ ਪੈਟਰੋਲ ਦੇ ਬਰਾਬਰ ਹੋ ਚੁੱਕੇ ਹਨ। ਸਰਕਾਰ ਵੱਲੋਂ ਬੇਤਹਾਸ਼ਾ ਟੈਕਸ ਵਸੂਲੇ ਜਾ ਰਹੇ ਹਨ ਹਰ ਮੁੱਖ ਸਡ਼ਕ ’ਤੇ ਟੋਲ ਟੈਕਸ ਲਏ ਜਾ ਰਹੇ ਹਨ। ਇੰਸ਼ੋਰੈਂਸ ਇੰਨੀ ਮਹਿੰਗੀ ਹੋ ਗਈ ਹੈ ਕਿ ਉਸ ਨੂੰ ਕਰਵਾਉਣਾ ਮੁਸ਼ਕਿਲ ਹੋ ਗਿਆ ਹੈ।  ਸਮੂਹ ਟਰੱਕ ਆਪ੍ਰੇਟਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ।
ਦੂਜੇ ਪਾਸੇ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਲਗਾਤਾਰ ਤੀਸਰੇ ਦਿਨ ਵੀ ਟਰੱਕਾਂ ਦਾ ਆਉਣਾ-ਜਾਣਾ ਬੰਦ ਰਿਹਾ ਤੇ ਭਾਰਤ-ਪਾਕਿ ਕਾਰੋਬਾਰ ਨਹੀਂ ਹੋ ਸਕਿਆ। ਪਾਕਿਸਤਾਨ ਨਾਲ ਆਯਾਤ-ਨਿਰਯਾਤ ਕਰਨ ਵਾਲੇ ਵਪਾਰੀ ਮੰਗ ਕਰ ਰਹੇ ਹਨ ਕਿ ਸੀ. ਡਬਲਿਊ. ਸੀ. ਦੇ ਗੋਦਾਮਾਂ ’ਚ ਰੱਖੀਆਂ ਵਸਤੂਆਂ ’ਤੇ ਡੈਮਰੇਜ ਚਾਰਜਿਜ਼ ਨਾ ਲਾਏ ਜਾਣ। ਫਿਲਹਾਲ ਸੀ. ਡਬਲਿਊ. ਸੀ. ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ।
 


Related News