ਜਲੰਧਰ ਦੂਰਦਰਸ਼ਨ 'ਤੇ ਖ਼ਬਰਾਂ ਪੜ੍ਹਨ ਵਾਲੇ ਰਮਨ ਕੁਮਾਰ ਨਾਲ ਦਿਲਚਸਪ ਇੰਟਰਵਿਊ, ਸੁਣੋ ਅਣਸੁਣੇ ਕਿੱਸੇ
Monday, Sep 21, 2026 - 08:01 PM (IST)
ਜਲੰਧਰ (ਵੈੱਬ ਡੈਸਕ)- ਜਲੰਧਰ ਦੂਰਦਰਸ਼ਨ 'ਤੇ 39 ਸਾਲਾਂ ਤੱਕ ਖ਼ਬਰਾਂ ਪੜ੍ਹ ਕੇ 'ਖ਼ਬਰਾਂ ਵਾਲੇ ਅੰਕਲ' ਵਜੋਂ ਪੂਰੀ ਦੁਨੀਆ ਵਿਚ ਇਕ ਵੱਖਰੀ ਪਛਾਣ ਬਣਾਉਣ ਵਾਲੇ ਰਮਨ ਕੁਮਾਰ ਨਾਲ 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਦਿਲਚਸਪ ਇੰਟਰਵਿਊ ਕੀਤੀ ਗਈ। ਇਸ ਦੌਰਾਨ ਰਮਨ ਕੁਮਾਰ ਨੇ ਆਪਣੇ ਜ਼ਿੰਦਗੀ ਦੇ ਕਈ ਅਣਸੁਣੇ ਕਿੱਸੇ ਸਾਂਝੇ ਕੀਤੇ। ਸੀਨੀਅਰ ਨਿਊਜ਼ ਰੀਡਰ ਰਮਨ ਕੁਮਾਰ ਨੇ ਆਪਣੇ ਪ੍ਰਸਾਰਣ ਸਫ਼ਰ, ਸ਼ੁਰੂਆਤੀ ਚੁਣੌਤੀਆਂ ਅਤੇ ਪੰਜਾਬ ਦੇ ਅੱਤਵਾਦ ਦੇ ਦੌਰ ਨਾਲ ਜੁੜੇ ਕਈ ਕਿੱਸੇ ਸਾਂਝੇ ਕੀਤੇ ਹਨ।
ਲੋਕ 80-90 ਦੇ ਦਹਾਕੇ ਨੂੰ ਯਾਦ ਕਰਕੇ ਮੈਨੂੰ ਬੁਲਾਉਂਦੇ ਨੇ 'ਖ਼ਬਰਾਂ ਵਾਲੇ ਅੰਕਲ'
ਆਪਣੇ ਤੋਂ ਵੱਡੇ ਕਈ ਲੋਕਾਂ ਤੋਂ ਮਿਲ ਰਹੇ 'ਖ਼ਬਰਾਂ ਵਾਲੇ ਅੰਕਲ' ਦੇ ਕੰਪਲੀਮੈਂਟ 'ਤੇ ਬੋਲਦੇ ਰਮਨ ਕੁਮਾਰ ਨੇ ਕਿਹਾ ਕਿ ਇਹ ਇਕ ਸਕੂਨ ਵਾਲੀ ਗੱਲ ਹੈ। ਲੋਕ 80 ਤੇ 90 ਦੇ ਦਹਾਕੇ ਨੂੰ ਯਾਦ ਕਰਦੇ ਹੋਏ ਮੈਨੂੰ ਖ਼ਬਰਾਂ ਵਾਲੇ ਅੰਕਲ ਕਹਿ ਕੇ ਬੁਲਾਉਂਦੇ ਹਨ। ਮੈਂ ਫੇਸਬੁੱਕ 'ਤੇ ਕਦੇ-ਕਦੇ ਲਾਈਵ ਹੋ ਜਾਂਦਾ ਹੈ। ਜਦੋਂ ਮੈਂ ਆਪਣੇ ਕੁਮੈਂਟ ਪੜ੍ਹਦਾ ਹਾਂ ਤਾਂ ਵੇਖਦਾ ਹੈ ਕਿ ਮੇਰੀ ਰਿਕੁਐਸਟ ਦੇ ਬਾਵਜੂਦ ਪੁਰਾਣੇ ਸਮੇਂ ਨੂੰ ਯਾਦ ਕੀਤਾ ਜਾ ਰਿਹਾ ਹੈ। ਮੇਰੀ ਉਮਰ ਦੇ ਵੀ ਲੋਕ ਇਹੀ ਕਹਿੰਦੇ ਹੁੰਦੇ ਹਨ ਤਾਂ ਮੈਂ ਬੇਹੱਦ ਹੈਰਾਨ ਹੁੰਦਾ ਹਾਂ ਅਤੇ ਕਹਿੰਦਾ ਹਾਂ ਕਿ ਕੰਟੈਂਟ ਬਾਰੇ ਵੀ ਕੋਈ ਕੁਮੈਂਟ ਕਰ ਦਿਆ ਕਰੋ। ਮੈਂ ਜੇਕਰ ਕੋਈ ਪਿੰਡ ਵਿਚੋਂ ਲੰਘਦਾ ਹਾਂ ਤਾਂ ਲੋਕ ਰੋਕ ਕੇ ਬੁਲਾਉਂਦੇ ਹਨ ਅਤੇ ਚਾਹ-ਪਾਣੀ ਦਾ ਪੁੱਛਦੇ ਹਨ। ਇਹ ਬਿਲਕੁਲ ਵੀ ਨਹੀਂ ਲੱਗਦਾ ਕਿ ਕੋਈ ਅਣਜਾਣ ਬੁਲਾ ਰਿਹਾ ਹੋਵੇ। ਇੰਝ ਲੱਗਦਾ ਹੈ ਕਿ ਜਿਵੇਂ ਕੋਈ ਆਪਣੇ ਘਰ ਦੇ ਹੀ ਬੁਲਾਉਂਦਾ ਹੋਵੇ।
ਇਹ ਵੀ ਪੜ੍ਹੋ- ਪੰਜਾਬ: 5 ਵਜੇ ਪਾਈ ਲਾਟਰੀ ਨੇ 6 ਵਜੇ ਮਜ਼ਦੂਰ ਨੂੰ ਬਣਾਇਆ ਕਰੋੜਪਤੀ! ਨਿਕਲਿਆ 3 ਕਰੋੜ ਦਾ ਇਨਾਮ
ਰਿਟਾਇਰਡ ਹੋਣ ਮਗਰੋਂ ਵੀ ਲਗਾਤਾਰ ਕਰਦਾ ਹਾਂ ਖ਼ਬਰਾਂ
2017 'ਚ ਰਿਟਾਇਰਡ ਹੋਣ ਮਗਰੋਂ ਕਿੱਥੇ ਗਾਇਬ ਰਹੇ, ਦੇ ਸਵਾਲ ਅਤੇ ਰਿਟਾਇਰਡ ਹੋਣ ਮਗਰੋਂ ਮਿਲੇ ਰਹੇ ਪੰਜਾਬੀਆਂ ਦੇ ਅਥਾਹ ਪਿਆਰ 'ਤੇ ਬੋਲਦੇ ਹੋਏ ਰਮਨ ਕੁਮਾਰ ਨੇ ਕਿਹਾ ਕਿ 2017 ਵਿਚ ਰਿਟਾਇਰਡ ਹੋਣ ਮਗਰੋਂ ਮੈਂ ਗਾਇਬ ਨਹੀਂ ਸੀ ਹੋਇਆ ਫਿਰ ਵੀ ਮੈਂ ਹਫ਼ਤੇ ਵਿਚ ਇਕ ਦਿਨ ਖ਼ਬਰਾਂ ਕਰਦਾ ਰਿਹਾ। ਲੋਕਾਂ ਦੀ ਸਾਡੇ ਚੈਨਲ ਨੂੰ ਲੈ ਕੇ ਵਿਊ ਘੱਟਣ ਲੱਗੇ ਸਨ। ਫਿਰ ਮੈਨੂੰ ਕਿਹਾ ਜਾਣ ਲੱਗਾ ਸੀ ਕਿ ਹਫ਼ਤੇ 'ਚ ਇਕ-ਦੋ ਦਿਨ ਖ਼ਬਰਾਂ ਵਾਸਤੇ ਦੂਰਦਰਸ਼ਨ ਆਵਾ ਕਰਾਂ ਪਰ ਮੈਂ ਹਫ਼ਤੇ ਵਿਚ ਇਕ ਦਿਨ ਦੂਰਦਰਸ਼ਨ ਜਾ ਕੇ ਖ਼ਬਰਾਂ ਪੜ੍ਹਨ ਦਾ ਕਿਹਾ ਅਤੇ ਜਾਣਾ ਸ਼ੁਰੂ ਕੀਤਾ। 2017 ਤੋਂ ਬਾਅਦ ਵੀ ਮੈਂ ਲਗਾਤਾਰ ਖ਼ਬਰਾਂ ਕਰਦਾ ਆ ਰਿਹਾ ਹਾਂ ਪਰ ਚੈਨਲ ਦੀ ਵਿਊਅਰਸ਼ਿਪ ਘਟਣ ਕਰਕੇ ਲੋਕਾਂ ਨੂੰ ਲੱਗਿਆ ਕਿ ਮੈਂ ਗਾਇਬ ਹੋ ਗਿਆ ਹਾਂ। ਜਦੋਂ ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਉਹ ਅੰਦੋਲਨ ਬਹੁਤ ਵੱਡਾ ਸੀ। ਕਿਸੇ ਦਾ ਉਥੇ ਹਾਜ਼ਰ ਹੋਣਾ ਬਹੁਤ ਵੱਡੀ ਗੱਲ ਸੀ। ਉਸ ਵਿਚ ਮੈਨੂੰ ਵੀ ਉਥੇ ਸ਼ਾਮਲ ਹੋਣ ਦਾ ਮੌਕਾ ਮਿਲਿਆ।
ਇਹ ਵੀ ਪੜ੍ਹੋ- ਪੰਜਾਬ: ਹੱਸਦਾ-ਖੇਡਦਾ ਉੱਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ ਪਿਤਾ-ਪੁੱਤ ਦੀ ਗਈ ਜਾਨ
ਕਰੀਬ 6 ਸਾਲ ਪਹਿਲਾਂ ਫ਼ੌਤ ਹੋਣ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਖ਼ਬਰ ਬਾਰੇ ਬੋਲਦੇ ਰਮਨ ਕੁਮਾਰ ਨੇ ਕਿਹਾ ਕਿ ਜਦੋਂ ਮੌਤ ਦੀ ਝੂਠੀ ਖ਼ਬਰ ਫੈਲੀ ਤਾਂ ਸਵੇਰੇ ਸਾਢੇ 11 ਵਜੇ ਤੋਂ ਮੈਨੂੰ ਲਗਾਤਾਰ ਫ਼ੋਨ ਆਉਣੇ ਸ਼ੁਰੂ ਹੋ ਗਏ। ਬਾਅਦ 'ਚ ਮੈਂ ਇਕ ਵੀਡੀਓ ਰਿਕਾਰਡ ਕਰਕੇ ਪਾਈ ਕਿ ਮੈਂ ਬਿਲਕੁਲ ਠੀਕ-ਠਾਕ ਹਾਂ।
ਟੈਕਸਟਾਈਲ ਫ਼ੀਲਡ ਤੋਂ ਨਿਊਜ਼ ਰੀਡਰ ਬਣਨ ਦਾ ਸਫ਼ਰ
ਟੈਕਸਟਾਈਲ ਫ਼ੀਲਡ ਛੱਡ ਕੇ ਨਿਊਜ਼ ਰੀਡਰ ਬਣਨ ਦੇ ਸਫ਼ਰ ਬਾਰੇ ਰਮਨ ਕੁਮਾਰ ਨੇ ਦੱਸਿਆ ਕਿ ਬੀ. ਏ. ਦੀ ਪੜ੍ਹਾਈ ਤੋਂ ਬਾਅਦ ਮੈਂ ਅੰਮ੍ਰਿਤਸਰ 'ਚ ਇਕ ਸਾਲ ਦਾ ਟੈਕਸਟਾਈਲ ਅਤੇ ਵੀਵਿੰਗ ਦਾ ਕੋਰਸ ਕੀਤਾ ਸੀ ਅਤੇ ਰੇਨ ਐਂਡ ਸਿਲਕ ਮਿੱਲ 'ਚ ਅਪ੍ਰੈਂਟਿਸ/ਸ਼ਿਫ਼ਟ ਇੰਚਾਰਜ ਵਜੋਂ ਕੰਮ ਕਰਦਾ ਸੀ। ਫਿਰ ਐਂਪਲਾਇਮੈਂਟ ਨਿਊਜ਼ (Employment News) ਰਾਹੀਂ ਅਪਲਾਈ ਕੀਤੀ ਸਰਕਾਰੀ ਨੌਕਰੀ ਦਾ ਕਾਲ ਲੈਟਰ ਡਾਕਖਾਨੇ ਆਇਆ। 1979 'ਚ ਦਿੱਲੀ 'ਚ ਕੈਮਰਾ ਆਡੀਸ਼ਨ ਦਿੱਤਾ। ਸਿਲੈਕਸ਼ਨ ਪੈਨਲ 'ਚ ਸੁਧੀਰ ਟੰਡਨ, ਡਾਇਰੈਕਟਰ ਤਤਾਰੀ, ਬੀ. ਬੀ. ਕੇ. ਡੀ. ਏ. ਵੀ. ਕਾਲਜ ਅੰਮ੍ਰਿਤਸਰ ਦੀ ਪ੍ਰਿੰਸੀਪਲ ਅਤੇ ਬਲਵੰਤ ਗਾਰਗੀ ਸ਼ਾਮਲ ਸਨ। ਉਨ੍ਹਾਂ ਨੇ ਮੇਰੀ ਆਵਾਜ਼ ਅਤੇ ਬੋਲਣ ਦੇ ਫ਼ਲੋ ਨੂੰ ਬਹੁਤ ਪਸੰਦ ਕੀਤਾ।
ਬਿਨਾਂ ਟੈਲੀਪ੍ਰੌਮਪਟਰ ਦਾ ਦੌਰ ਅਤੇ ਲਾਈਵ ਖ਼ਬਰਾਂ ਦੀਆਂ ਚੁਣੌਤੀਆਂ
ਰਮਨ ਕੁਮਾਰ ਨੇ ਦੱਸਿਆ ਕਿ 1978 ਦੇ ਸ਼ੁਰੂਆਤੀ ਦੌਰ 'ਚ ਕੋਈ ਟੈਲੀਪ੍ਰੌਮਪਟਰ ਨਹੀਂ ਹੁੰਦਾ ਸੀ। 15 ਮਿੰਟ ਦੇ ਲਾਈਵ ਬੁਲੇਟਿਨ ਲਈ 5 ਵੱਖ-ਵੱਖ ਹੱਥਾਂ ਨਾਲ ਲਿਖੇ 40-45 ਪੰਨੇ ਹੁੰਦੇ ਸਨ, ਜਿਨ੍ਹਾਂ ਨੂੰ ਕੈਮਰੇ ਵੱਲ ਵੇਖਦੇ ਰਿਦਮ ਵਿੱਚ ਪੜ੍ਹਨਾ ਪੈਂਦਾ ਸੀ। ਉਦੋਂ ਵਿਜ਼ੂਅਲ ਵੀ ਫਿਲਮ 'ਤੇ ਸ਼ੂਟ ਹੋ ਕੇ ਲੈਬ 'ਚ ਡਿਵੈਲਪ ਹੋਣ ਲਈ ਜਾਂਦੇ ਸਨ ਅਤੇ 2-3 ਦਿਨ ਬਾਅਦ ਖ਼ਬਰਾਂ 'ਚ ਚੱਲਦੇ ਸਨ। ਦੂਰਦਰਸ਼ਨ ਜਲੰਧਰ ਦੀ 1 ਜੂਨ 1981 ਦੀ ਪਹਿਲੀ ਲਾਈਵ ਆਨ-ਏਅਰ ਓਪਨਿੰਗ ਅਨਾਊਂਸਮੈਂਟ ਵੀ ਰਮਨ ਕੁਮਾਰ ਨੇ ਹੀ ਕੀਤੀ ਸੀ। 1978 'ਚ ਜਦੋਂ ਉਨ੍ਹਾਂ ਕੰਮ ਸ਼ੁਰੂ ਕੀਤਾ ਤਾਂ ਉਨ੍ਹਾਂ ਦੀ ਪਹਿਲੀ ਤਨਖ਼ਾਹ 844 ਰੁਪਏ ਮਹੀਨਾ ਸੀ
ਟੈਲੀਪ੍ਰੌਮਪਟਰ ਦੀ ਸ਼ੁਰੂਆਤ 90ਵਿਆਂ ਦੇ ਆਸ-ਪਾਸ ਜਲੰਧਰ ਵਿਖੇ ਹੋਈ ਸੀ। ਅੰਮ੍ਰਿਤਸਰ 'ਚ ਲਾਈਵ ਬੁਲੇਟਿਨ ਦੌਰਾਨ ਇਕ ਵਾਰ ਸਕ੍ਰਿਪਟ ਦੇ ਪੰਨੇ ਅੱਗੇ-ਪਿੱਛੇ ਹੋਣ ਕਾਰਨ ਗੜਬੜ ਹੋ ਗਈ ਸੀ, ਜਿਸ ਤੋਂ ਬਾਅਦ ਪਰੇਸ਼ਾਨ ਹੋ ਕੇ ਜਦੋਂ ਉਹ ਡਾਇਰੈਕਟਰ ਤਤਾਰੀ ਕੋਲ ਅਸਤੀਫ਼ਾ ਦੇਣ ਗਏ ਤਾਂ ਡਾਇਰੈਕਟਰ ਨੇ ਕਿਹਾ, "ਤੁਮ ਕਿਆ ਸਮਝਤੇ ਹੋ, ਜੋ ਪੌਧਾ ਮੈਨੇ ਖ਼ੁਦ ਲਗਾਇਆ ਹੈ ਉਸ ਕੋ ਉਖਾੜ ਫੈਂਕੂੰਗਾ?"।
ਇਹ ਵੀ ਪੜ੍ਹੋ- ਪੰਜਾਬ: ਘਰ ਦੀ ਛੱਤ 'ਤੇ ਸੁੱਟਿਆ ਪੈਟਰੋਲ ਬੰਬ! ਧਮਾਕੇ ਮਗਰੋਂ ਸਹਿਮੇ ਲੋਕ
ਉਥੇ ਹੀ ਇਸ ਦੌਰਾਨ ਰਮਨ ਕੁਮਾਰ ਨੇ ਪੰਜਾਬ 'ਚ ਅੱਤਵਾਦ ਦੇ ਦੌਰ ਦੌਰਾਨ ਖ਼ਬਰਾਂ ਪੜ੍ਹਨ ਦੇ ਅਨੁਭਵ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰੀ ਚੈਨਲ ਹੋਣ ਕਰਕੇ ਪੁਲਸ ਵੱਲੋਂ ਉਨ੍ਹਾਂ ਨੂੰ ਗੱਡੀ ਅਤੇ ਏ. ਕੇ. 47 ਵਾਲਾ ਗਨਮੈਨ ਦਿੱਤਾ ਗਿਆ ਸੀ। ਇਕ ਵਾਰ ਬੁਲੇਟਿਨ 'ਚ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨਾਲ ਸਬੰਧਤ ਖ਼ਬਰ 'ਚ ਸ਼ਬਦੀ ਗਲਤੀ ਹੋ ਗਈ ਸੀ। ਜਦੋਂ ਵਿਰੋਧ ਹੋਇਆ ਤਾਂ ਰਮਨ ਕੁਮਾਰ ਨੇ ਜ਼ਿੱਦ ਕੀਤੀ ਕਿ ਸ਼ਾਮ ਦੇ 7:30 ਵਜੇ ਦੇ ਬੁਲੇਟਿਨ 'ਚ ਆਨ-ਏਅਰ ਮੁਆਫ਼ੀ ਸ਼ਾਮਲ ਕੀਤੀ ਜਾਵੇ, ਨਹੀਂ ਤਾਂ ਉਹ ਬੁਲੇਟਿਨ ਨਹੀਂ ਪੜ੍ਹਨਗੇ। ਆਖਰਕਾਰ ਪ੍ਰਸਾਰਣ ਤੋਂ ਕੁਝ ਮਿੰਟ ਪਹਿਲਾਂ ਮੁਆਫ਼ੀ ਦੇ ਸ਼ਬਦ ਜੋੜ ਕੇ ਬੁਲੇਟਿਨ ਪੜ੍ਹਿਆ ਗਿਆ।
ਦੂਰਦਰਸ਼ਨ ਦੀ ਬਦਲਦੀ ਸਥਿਤੀ
ਦੂਰਦਰਸ਼ਨ ਦੀ ਟੀ. ਆਰ. ਪੀ. ਅਤੇ ਲੋਕਪ੍ਰਿਅਤਾ ਘਟਣ ਬਾਰੇ ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰਿਆਂ 'ਚ ਪੱਕੀ ਨੌਕਰੀ ਹੋਣ ਕਰਕੇ ਅਕਸਰ ਬੇਪਰਵਾਹੀ ਆ ਜਾਂਦੀ ਹੈ। 80-90ਵਿਆਂ 'ਚ ਜਲੰਧਰ ਕੇਂਦਰ 'ਚ 18 ਤੋਂ 22 ਪ੍ਰੋਡਿਊਸਰ ਹੁੰਦੇ ਸਨ, ਜਦਕਿ ਹੁਣ ਸਿਰਫ਼ ਇਕ-ਦੋ ਹੀ ਰਹਿ ਗਏ ਹਨ। ਰਮਨ ਕੁਮਾਰ ਅੱਜਕੱਲ੍ਹ ਆਪਣੀ ਪਤਨੀ ਨਾਲ ਜਲੰਧਰ ਵਿਖੇ ਰਹਿ ਰਹੇ ਹਨ, ਜਦਕਿ ਉਨ੍ਹਾਂ ਦਾ ਬੇਟਾ ਸਾਹਿਲ, ਨੂੰਹ ਅਤੇ ਦੋ ਬੱਚੇ (ਨਾਵਿਕਾ ਤੇ ਕਬੀਰ) ਗੁੜਗਾਓਂ ਵਿਖੇ ਰਹਿੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
