ਆਟੋਮੇਟਿਡ ਡ੍ਰਾਈਵਿੰਗ ਟੈਸਟ ਸੈਂਟਰ ’ਚ ਸਰਵਰ ’ਚ ਆਈ ਖਰਾਬੀ ਨਾਲ ਲਗਭਗ 3 ਘੰਟੇ ਪ੍ਰਭਾਵਿਤ ਰਿਹਾ ਕੰਮਕਾਜ

Thursday, Oct 01, 2026 - 09:03 AM (IST)

ਆਟੋਮੇਟਿਡ ਡ੍ਰਾਈਵਿੰਗ ਟੈਸਟ ਸੈਂਟਰ ’ਚ ਸਰਵਰ ’ਚ ਆਈ ਖਰਾਬੀ ਨਾਲ ਲਗਭਗ 3 ਘੰਟੇ ਪ੍ਰਭਾਵਿਤ ਰਿਹਾ ਕੰਮਕਾਜ

ਜਲੰਧਰ (ਚੋਪੜਾ) : ਰੀਜਨਲ ਟ੍ਰਾਂਸਪੋਰਟ ਦਫ਼ਤਰ (ਆਰ. ਟੀ. ਓ.) ਅਧੀਨ ਆਉਂਦੇ ਆਟੋਮੇਟਿਡ ਡ੍ਰਾਈਵਿੰਗ ਟੈਸਟ ਸੈਂਟਰ, ਨੇੜੇ ਬੱਸ ਸਟੈਂਡ ’ਚ ਅੱਜ ਸਰਵਰ ’ਚ ਆਈ ਤਕਨੀਕੀ ਖਰਾਬੀ ਕਾਰਨ ਕਈ ਮਹੱਤਵਪੂਰਨ ਸੇਵਾਵਾਂ ਪ੍ਰਭਾਵਿਤ ਰਹੀਆਂ। ਸਰਵਰ ’ਚ ਦੁਪਹਿਰ ਲਗਭਗ 12.30 ਵਜੇ ਦੇ ਆਸ-ਪਾਸ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਡ੍ਰਾਈਵਿੰਗ ਲਾਇਸੈਂਸ ਰਿਨਿਊਅਲ, ਇੰਟਰਨੈਸ਼ਨਲ ਡ੍ਰਾਈਵਿੰਗ ਲਾਇਸੈਂਸ ਅਤੇ ਹੋਰ ਸਬੰਧਤ ਕੰਮ ਲਗਭਗ 3 ਘੰਟਿਅਾਂ ਤੱਕ ਪ੍ਰਭਾਵਿਤ ਰਹੇ। ਇਸ ਦੌਰਾਨ ਸੈਂਟਰ ’ਚ ਆਪਣੇ ਕੰਮ ਕਰਵਾਉਣ ਪਹੁੰਚੇ ਬਿਨੈਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਘੰਟਿਆਂਬੱਧੀ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪਿਆ।

ਸਰਵਰ ’ਚ ਆਈ ਸਮੱਸਿਆ ਕਾਰਨ ਆਨਲਾਈਨ ਸਿਸਟਮ ’ਤੇ ਹੋਣ ਵਾਲੀ ਪ੍ਰਕਿਰਿਆ ਅੱਗੇ ਨਹੀਂ ਵਧ ਸਕੀ। ਇਸ ਕਾਰਨ ਜਿਨ੍ਹਾਂ ਲੋਕਾਂ ਨੇ ਪਹਿਲਾਂ ਤੋਂ ਸਮਾਂ ਲੈ ਕੇ ਸੈਂਟਰ ਦਾ ਰੁਖ ਕੀਤਾ ਸੀ, ਉਨ੍ਹਾਂ ਨੂੰ ਵੀ ਇੰਤਜ਼ਾਰ ਕਰਨਾ ਪਿਆ। ਕਈ ਬਿਨੈਕਾਰ ਆਪਣੀ ਵਾਰੀ ਆਉਣ ਦੀ ਉਮੀਦ ’ਚ ਕਾਫ਼ੀ ਦੇਰ ਤੱਕ ਸੈਂਟਰ ’ਚ ਬੈਠੇ ਰਹੇ। ਵਿਸ਼ੇਸ਼ ਤੌਰ ’ਤੇ ਸੀਨੀਅਰ ਸਿਟੀਜ਼ਨਾਂ ਅਤੇ ਔਰਤਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੁਝ ਬਿਨੈਕਾਰਾਂ ਨੇ ਦੱਸਿਆ ਕਿ ਉਹ ਨਿਰਧਾਰਿਤ ਸਮੇਂ ’ਤੇ ਸੈਂਟਰ ਪਹੁੰਚ ਗਏ ਸਨ ਪਰ ਤਕਨੀਕੀ ਸਮੱਸਿਆ ਕਾਰਨ ਉਨ੍ਹਾਂ ਦਾ ਕੰਮ ਸਮੇਂ ’ਤੇ ਨਹੀਂ ਹੋ ਸਕਿਆ।

PunjabKesari

12 ਵਜੇ ਤੋਂ ਬਾਅਦ ਆਈ ਖਰਾਬੀ, ਲਗਭਗ 2.30 ਵਜੇ ਸੁਚਾਰੂ ਹੋਇਆ ਸਿਸਟਮ
ਜਾਣਕਾਰੀ ਅਨੁਸਾਰ ਸੈਂਟਰ ਦੇ ਸਰਵਰ ’ਚ ਦੁਪਹਿਰ ਲਗਭਗ 12 ਵਜੇ ਦੇ ਆਸ-ਪਾਸ ਖਰਾਬੀ ਆਈ, ਜਿਸ ਤੋਂ ਬਾਅਦ ਸਬੰਧਤ ਆਨਲਾਈਨ ਸੇਵਾਵਾਂ ’ਤੇ ਇਸ ਦਾ ਅਸਰ ਪੈਣਾ ਸ਼ੁਰੂ ਹੋ ਗਿਆ। ਲਗਭਗ 2.30 ਵਜੇ ਦੇ ਆਸ-ਪਾਸ ਸਿਸਟਮ ਸੁਚਾਰੂ ਹੋਣ ਤੋਂ ਬਾਅਦ ਕਰਮਚਾਰੀਆਂ ਨੇ ਦੁਬਾਰਾ ਕੰਮ ਸ਼ੁਰੂ ਕੀਤਾ ਅਤੇ ਬਕਾਇਆ ਅਰਜ਼ੀਆਂ ਦੀ ਪ੍ਰਕਿਰਿਆ ਅੱਗੇ ਵਧਾਈ ਗਈ। ਕੁਝ ਲੋਕਾਂ ਨੇ ਮੰਗ ਕੀਤੀ ਕਿ ਇਸ ਤਰ੍ਹਾਂ ਦੀਆਂ ਤਕਨੀਕੀ ਖਰਾਬੀਆਂ ਨਾਲ ਨਜਿੱਠਣ ਲਈ ਬਦਲਵੇਂ ਪ੍ਰਬੰਧ ਵੀ ਉਪਲਬਧ ਹੋਣੇ ਚਾਹੀਦੇ ਹਨ।

ਡ੍ਰਾਈਵਿੰਗ ਟੈਸਟ ਟ੍ਰੈਕ ’ਤੇ ਟੈਸਟ ਲੈਣ ਦੀ ਪ੍ਰਕਿਰਿਆ ਰਹੀ ਜਾਰੀ
ਹਾਲਾਂਕਿ ਸਰਵਰ ਦੀ ਸਮੱਸਿਆ ਦੇ ਬਾਵਜੂਦ ਆਟੋਮੇਟਿਡ ਡ੍ਰਾਈਵਿੰਗ ਟੈਸਟ ਟ੍ਰੈਕ ’ਤੇ ਡ੍ਰਾਈਵਿੰਗ ਟੈਸਟ ਅਤੇ ਹੋਰ ਸਬੰਧਤ ਗਤੀਵਿਧੀਆਂ ਪ੍ਰਭਾਵਸ਼ਾਲੀ ਢੰਗ ਨਾਲ ਚੱਲਦੀਆਂ ਰਹੀਆਂ। ਜਿਨ੍ਹਾਂ ਬਿਨੈਕਾਰਾਂ ਦਾ ਡ੍ਰਾਈਵਿੰਗ ਟੈਸਟ ਨਿਰਧਾਰਿਤ ਸੀ, ਉਨ੍ਹਾਂ ਦੇ ਟੈਸਟ ਦੀ ਪ੍ਰਕਿਰਿਆ ’ਤੇ ਸਰਵਰ ਦੀ ਸਮੱਸਿਆ ਦਾ ਵੱਡਾ ਅਸਰ ਨਹੀਂ ਪਿਆ। ਟ੍ਰੈਕ ’ਤੇ ਕਰਮਚਾਰੀ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਬਿਨੈਕਾਰਾਂ ਦੇ ਡ੍ਰਾਈਵਿੰਗ ਟੈਸਟ ਕਰਵਾਉਂਦੇ ਰਹੇ।

ਤਕਨੀਕੀ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ
ਬਿਨੈਕਾਰਾਂ ਦਾ ਕਹਿਣਾ ਸੀ ਕਿ ਆਰ. ਟੀ. ਓ. ਨਾਲ ਸਬੰਧਤ ਜ਼ਿਆਦਾਤਰ ਸੇਵਾਵਾਂ ਹੁਣ ਆਨਲਾਈਨ ਸਿਸਟਮ ’ਤੇ ਨਿਰਭਰ ਹਨ। ਅਜਿਹੇ ’ਚ ਸਰਵਰ ’ਚ ਥੋੜ੍ਹੀ ਦੇਰ ਦੀ ਤਕਨੀਕੀ ਖਰਾਬੀ ਵੀ ਵੱਡੀ ਗਿਣਤੀ ’ਚ ਲੋਕਾਂ ਦੇ ਕੰਮ ਨੂੰ ਪ੍ਰਭਾਵਿਤ ਕਰ ਦਿੰਦੀ ਹੈ। ਉਨ੍ਹਾਂ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਸਰਵਰ ਅਤੇ ਆਨਲਾਈਨ ਸਿਸਟਮ ਦੀ ਤਕਨੀਕੀ ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਖਰਾਬੀ ਦੀ ਸਥਿਤੀ ’ਚ ਬੈਕਅੱਪ ਸਿਸਟਮ ਉਪਲਬਧ ਕਰਵਾਇਆ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News