ਲੋਹਾ ਫੈਕਟਰੀ ''ਚ ਸੁੱਤੇ ਪਏ 2 ਮੁਲਾਜ਼ਮਾਂ ''ਤੇ ਟਰੱਕ ਚੜ੍ਹਿਆ, ਮੌਤ
Monday, Aug 21, 2017 - 07:48 AM (IST)

ਬੁਢਲਾਡਾ, (ਮਨਚੰਦਾ)- ਭੀਖੀ-ਬੁਢਲਾਡਾ ਰੋਡ 'ਤੇ ਸ਼ਹਿਰ ਦੀ ਸ਼ੂਗਰ ਮਿੱਲ ਨਜ਼ਦੀਕ ਇਕ ਲੋਹਾ ਫੈਕਟਰੀ 'ਚ ਰਾਤ ਸਮੇਂ ਸੁੱਤੇ ਪਏ 2 ਮੁਲਾਜ਼ਮਾਂ 'ਤੇ ਟਰੱਕ ਚੜ੍ਹ ਜਾਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 25 ਸਾਲਾ ਪ੍ਰਵਾਸੀ ਮਜ਼ਦੂਰ ਅੱਛੇ ਲਾਲ ਪੁੱਤਰ ਸ਼ਿਵ ਕੁਮਾਰ ਵਾਸੀ ਸੀਵਾਂਨ (ਬਿਹਾਰ) ਅਤੇ ਪਿੰਡ ਬੀਰੋਕੇ ਖੁਰਦ ਦਾ 35 ਸਾਲਾ ਹਰਪਾਲ ਸਿੰਘ ਫੈਕਟਰੀ ਅੰਦਰ ਸੁੱਤੇ ਪਏ ਸਨ ਤਾਂ ਟਰੱਕ ਨੰਬਰ ਪੀ ਬੀ 31 ਐੱਚ 9386 ਨੂੰ ਉਸ ਦਾ ਡਰਾਈਵਰ ਪਿੱਛੇ ਕਰ ਰਿਹਾ ਸੀ ਤਾਂ ਇਹ ਦੋਵੇਂ ਵਿਅਕਤੀ ਟਰੱਕ ਦੇ ਹੇਠਾਂ ਆ ਗਏ ਅਤੇ ਟਰੱਕ ਦੇ ਸਾਰੇ ਟਾਇਰ ਇਨ੍ਹਾਂ ਦੇ ਉਪਰੋਂ ਲੰਘ ਜਾਣ ਤੋਂ ਬਾਅਦ ਹੀ ਡਰਾਈਵਰ ਨੂੰ ਪਤਾ ਲੱਗਾ, ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬੁਢਲਾਡਾ ਲਿਆਂਦਾ ਗਿਆ, ਜਿਥੇ ਪਿੰਡ ਬੀਰੋਕੇ ਖੁਰਦ ਦੇ ਹਰਪਾਲ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਜਦ ਕਿ ਪ੍ਰਵਾਸੀ ਮਜ਼ਦੂਰ ਦੇ ਰਿਸ਼ਤੇਦਾਰਾਂ ਦੇ ਅਜੇ ਤੱਕ ਨਾ ਆਉਣ ਕਾਰਨ ਉਸ ਦਾ ਪੋਸਟਮਾਰਟਮ ਨਹੀਂ ਹੋ ਸਕਿਆ ਸੀ।