ਸਾਈਬਰ ਸੁਰੱਖਿਆ ਮਾਹਰ ਤ੍ਰਿਸ਼ਨੀਤ ਅਰੋੜਾ ਨਾਲ 38 ਕਰੋੜ ਰੁਪਏ ਦੀ ਠੱਗੀ
Tuesday, May 05, 2026 - 01:35 PM (IST)
ਲੁਧਿਆਣਾ (ਰਾਜ): ਐਥੀਕਲ ਹੈਕਰ ਅਤੇ ਸਾਈਬਰ ਸੁਰੱਖਿਆ ਦੀ ਦੁਨੀਆ ਦੇ ਵੱਡੇ ਨਾਵਾਂ ਵਿਚ ਸ਼ੁਮਾਰ ਤ੍ਰਿਸ਼ਨੀਤ ਅਰੋੜਾ ਨਾਲ ਕਰੋੜਾਂ ਰੁਪਏ ਦੀ ਠੱਗੀ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਗੁਜਰਾਤ ਸਥਿਤ ਇਕ ਨਾਨ-ਬੈਂਕਿੰਗ ਫਾਇਨੈਂਸ਼ੀਅਲ ਕੰਪਨੀ (NBFC) ਚਲਾਉਣ ਵਾਲੇ ਦੋ ਵਿਅਕਤੀਆਂ 'ਤੇ ਉਸ ਨਾਲ 38 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲੱਗੇ ਹਨ। ਲੁਧਿਆਣਾ ਕਮਿਸ਼ਨਰੇਟ ਦੀ ਸਾਈਬਰ ਕ੍ਰਾਈਮ ਪੁਲਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਇਕ ਮੁਲਜ਼ਮ ਕੌਸ਼ਲ ਪਟੇਲ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਸੀ, ਹਾਲਾਂਕਿ ਬਾਅਦ ਵਿਚ ਉਸ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ। ਘਟਨਾਕ੍ਰਮ ਦੀ ਪੁਸ਼ਟੀ ਕਰਦੇ ਹੋਏ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਤ੍ਰਿਸ਼ਨੀਤ ਅਰੋੜਾ ਆਪਣੀ ਕੰਪਨੀ ਦਾ ਵਿਸਥਾਰ ਵਿਦੇਸ਼ ਵਿਚ ਕਰ ਰਹੇ ਸਨ, ਜਿਸ ਲਈ ਉਨ੍ਹਾਂ ਨੂੰ ਫੰਡਾਂ ਦੀ ਲੋੜ ਸੀ। ਉਨ੍ਹਾਂ ਨੇ ਉਕਤ ਫਾਇਨੈਂਸ ਕੰਪਨੀ ਤੋਂ ਸਿਰਫ ਇਕ ਦਿਨ ਲਈ 38 ਕਰੋੜ ਰੁਪਏ ਦਾ ਲੋਨ ਲਿਆ ਸੀ ਅਤੇ ਇਸ ਦੇ ਬਦਲੇ ਆਪਣੇ ਸ਼ੇਅਰ ਗਿਰਵੀ ਰੱਖੇ ਸਨ।
ਸ਼ਿਕਾਇਤ ਮੁਤਾਬਕ, ਤ੍ਰਿਸ਼ਨੀਤ ਨੇ ਮੁਲਜ਼ਮਾਂ ਵੱਲੋਂ ਦੱਸੇ ਗਏ ਬੈਂਕ ਖਾਤਿਆਂ ਵਿਚ ਲੋਨ ਦੀ ਪੂਰੀ ਰਕਮ ਵਾਪਸ ਜਮ੍ਹਾਂ ਕਰ ਦਿੱਤੀ ਅਤੇ ਆਪਣੇ ਸ਼ੇਅਰ ਰਿਲੀਜ਼ ਕਰਨ ਲਈ ਕਿਹਾ। ਇੱਥੋਂ ਹੀ ਠੱਗੀ ਦੀ ਖੇਡ ਸ਼ੁਰੂ ਹੋਈ। ਮੁਲਜ਼ਮਾਂ ਨੇ ਇਹ ਦਾਅਵਾ ਕਰਦਿਆਂ ਸ਼ੇਅਰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਪੈਸੇ ਮਿਲੇ ਹੀ ਨਹੀਂ ਹਨ। ਮੁਲਜ਼ਮਾਂ ਦਾ ਕਹਿਣਾ ਸੀ ਕਿ ਜਿਨ੍ਹਾਂ ਬੈਂਕ ਖਾਤਿਆਂ ਵਿਚ ਰਕਮ ਜਮ੍ਹਾਂ ਕੀਤੀ ਗਈ ਹੈ, ਉਹ ਉਨ੍ਹਾਂ ਦੀ ਕੰਪਨੀ ਦੇ ਨਹੀਂ ਸਗੋਂ ਫਰਜ਼ੀ ਹਨ। ਕਰੋੜਾਂ ਦੇ ਇਸ ਹੇਰਫੇਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਗੰਭੀਰਤਾ ਨਾਲ ਜਾਂਚ ਕੀਤੀ ਅਤੇ ਦੋ ਮੁਲਜ਼ਮਾਂ ਖ਼ਿਲਾਫ਼ ਐੱਫ.ਆਈ.ਆਰ. (FIR) ਦਰਜ ਕਰਕੇ ਇਕ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ, ਹੁਣ ਇਸ ਮਾਮਲੇ ਵਿਚ ਇਕ ਨਵਾਂ ਮੋੜ ਆਇਆ ਹੈ। ਪੁਲਸ ਮੁਤਾਬਕ, ਪੀੜਤ ਅਤੇ ਮੁਲਜ਼ਮਾਂ ਵਿਚਕਾਰ ਹੁਣ ਸਮਝੌਤੇ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਦੇ ਸਬੰਧ ਵਿਚ ਉਨ੍ਹਾਂ ਨੇ ਪੁਲਸ ਨੂੰ ਹਲਫਨਾਮਾ (ਐਫੀਡੇਵਿਟ) ਵੀ ਸੌਂਪਿਆ ਹੈ। ਫਿਲਹਾਲ ਪੁਲਸ ਪੂਰੇ ਮਾਮਲੇ ਦੀਆਂ ਕਾਨੂੰਨੀ ਬਾਰੀਕੀਆਂ ਦੀ ਜਾਂਚ ਕਰ ਰਹੀ ਹੈ।
