ਤੀਹਰਾ ਕਤਲਕਾਂਡ : 4 ਦਿਨਾਂ ਬਾਅਦ ਵੀ ਪੁਲਸ ਕੇ ਹੱਥ ਨਹੀਂ ਲੱਗਾ ਕੋਈ ਠੋਸ ਸੁਰਾਗ
Thursday, May 25, 2023 - 10:41 AM (IST)
ਲੁਧਿਆਣਾ (ਰਾਜ) : ਨੂਰਪੁਰ ਬੇਟ ’ਚ ਹੋਏ ਰਿਟਾਇਰਡ ਏ. ਐੱਸ. ਆਈ. ਕੁਲਦੀਪ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ ਅਤੇ ਬੇਟੇ ਗੁਰਵਿੰਦਰ ਸਿੰਘ ਉਰਫ਼ ਪਾਲੀ ਦੇ ਕਤਲ ਦੇ ਮਾਮਲੇ ’ਚ ਚਾਰ ਦਿਨਾਂ ਬਾਅਦ ਵੀ ਕੋਈ ਠੋਸ ਸੁਰਾਗ ਹੱਥ ਨਹੀਂ ਲੱਗਾ। ਪੁਲਸ ਦੀਆਂ ਵੱਖ-ਵੱਖ ਟੀਮਾਂ ਸਾਰੀਆਂ ਥਿਊਰੀਆਂ ’ਤੇ ਕੰਮ ਕਰ ਰਹੀਆਂ ਹਨ। ਹਾਲਾਂਕਿ ਪੁਲਸ ਇਸ ਮਾਮਲੇ ’ਚ ਅਜੇ ਕੁੱਝ ਸਪੱਸ਼ਟ ਕਰਨ ਲਈ ਤਿਆਰ ਨਹੀਂ ਹੈ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਨੂੰ ਕਈ ਸ਼ੱਕੀ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਮਿਲੀਆਂ ਸਨ, ਜੋ ਕਿ ਵੈਰੀਫਾਈ ਕਰ ਰਹੀ ਸੀ ਪਰ ਕੁੱਝ ਹਾਸਲ ਨਹੀਂ ਹੋਇਆ। ਉਹ ਸ਼ਹਿਰ ਦੇ ਪੁਰਾਣੇ ਗਿਰੋਹ ਬਾਰੇ ਵੀ ਜਾਂਚ ਕਰ ਰਹੇ ਹਨ।
ਕਿਤੇ ਇਹ ਵਾਰਦਾਤ ਕਿਸੇ ਪੁਰਾਣੇ ਗਿਰੋਹ ਦੀ ਨਾ ਹੋਵੇ। ਹਾਲ ਦੀ ਘੜੀ ਪੁਲਸ ਕੇਸ ਦੀ ਜਾਂਚ ਕਰ ਰਹੀ ਹੈ। ਇੱਥੇ ਦੱਸ ਦੇਈਏ ਕਿ 21 ਮਈ ਨੂੰ ਨੂਰਪੁਰ ਬੇਟ ਦੇ ਰਹਿਣ ਵਾਲੇ ਰਿਟਾਇਰਡ ਏ. ਐੱਸ. ਆਈ. ਕੁਲਦੀਪ ਸਿੰਘ ਆਪਣੀ ਪਤਨੀ ਪਰਮਜੀਤ ਕੌਰ ਅਤੇ ਬੇਟੇ ਗੁਰਵਿੰਦਰ ਸਿੰਘ ਦੇ ਨਾਲ ਘਰ ’ਚ ਸੀ। ਉਸ ਦੀ ਧੀ ਵਾਰ-ਵਾਰ ਮੋਬਾਇਲ ਕਾਲ ਕਰ ਰਹੀ ਸੀ ਪਰ ਕੋਈ ਜਵਾਬ ਨਹੀਂ ਦੇ ਰਿਹਾ ਸੀ।
ਇਸ ਤੋਂ ਬਾਅਦ ਉਸ ਦਾ ਰਿਸ਼ਤੇਦਾਰ ਘਰ ਪੁੱਜਾ। ਮੇਨ ਗੇਟ ਤਾਂ ਖੁੱਲ੍ਹਾ ਹੋਇਆ ਸੀ ਪਰ ਘਰ ਦੇ ਅੰਦਰ ਦਾਖ਼ਲ ਹੋਣ ਵਾਲਾ ਮੇਨ ਗੇਟ ਬੰਦ ਸੀ। ਰਿਸ਼ਤੇਦਾਰ ਨੇ ਸਰਪੰਚ ਨੂੰ ਬੁਲਾ ਕੇ ਗੇਟ ਤੁੜਵਾਇਆ ਅਤੇ ਅੰਦਰ ਗਏ ਤਾਂ ਅੰਦਰ ਕੁਲਦੀਪ ਸਿੰਘ, ਪਰਮਜੀਤ ਕੌਰ ਅਤੇ ਗੁਰਵਿੰਦਰ ਸਿੰਘ ਦੀਆਂ ਲਾਸ਼ਾਂ ਲਹੂ-ਲੁਹਾਨ ਹਾਲਤ ’ਚ ਪਈਆਂ ਹੋਈਆਂ ਸਨ।