ਉਲਝਦੀ ਜਾ ਰਹੀ ਹੈ ਤੀਹਰੇ ਕਤਲ ਕਾਂਡ ਦੀ ਗੁੱਥੀ, ਜੰਮੂ ਤੋਂ ਟਰੱਕ 'ਚ ਸਵਾਰ ਹੋਇਆ ਚੌਥਾ ਵਿਅਕਤੀ ਕੌਣ

Thursday, Dec 07, 2017 - 06:58 PM (IST)

ਜਲੰਧਰ (ਪ੍ਰੀਤ)— ਤੀਹਰੇ ਮਰਡਰ ਕੇਸ ਦੀ ਜਾਂਚ 'ਚ ਰੋਜ਼ਾਨਾ ਕੋਈ ਨਾ ਕੋਈ ਨਵਾਂ ਤੱਥ ਸਾਹਮਣੇ ਆਉਣ 'ਤੇ ਮਾਮਲਾ ਸੁਲਝਣ ਦੀ ਬਜਾਏ ਉਲਝਦਾ ਜਾ ਰਿਹਾ ਹੈ। ਜਾਂਚ 'ਚ ਹੁਣ ਇਕ ਹੋਰ ਤੱਥ ਸਾਹਮਣੇ ਆਇਆ ਹੈ ਕਿ ਵਾਰਦਾਤ 'ਚ ਮਾਰੇ ਗਏ ਤਿੰਨ ਲੋਕਾਂ ਦੇ ਨਾਲ ਇਕ ਹੋਰ ਵਿਅਕਤੀ ਵੀ ਟਰੱਕ 'ਚ ਜੰਮੂ ਤੋਂ ਸਵਾਰ ਹੋਇਆ ਸੀ। ਉਹ ਚੌਥਾ ਵਿਅਕਤੀ ਕੌਣ ਹੈ? ਇਸ ਸਵਾਲ ਨੂੰ ਸੁਲਝਾਉਣ ਲਈ ਪੁਲਸ ਟੀਮਾਂ ਜੁਟ ਗਈਆਂ ਹਨ। ਨਾਲ ਹੀ ਲੁੱਟ, ਰੰਜਿਸ਼ ਦੀ ਥਿਊਰੀ ਦੇ ਨਾਲ-ਨਾਲ ਪੁਲਸ ਡਰੱਗ ਸਮੱਗਲਿੰਗ ਦੇ ਐਂਗਲ 'ਤੇ ਜਾਂਚ ਸ਼ੁਰੂ ਕਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਕਰੀਬ 10 ਦਿਨ ਪਹਿਲਾਂ ਭੋਗਪੁਰ-ਭੁਲੱਥ ਰੋਡ ਤੋਂ 2 ਲਾਸ਼ਾਂ ਮਿਲੀਆਂ ਅਤੇ ਇਕ ਲਾਸ਼ ਅਗਲੇ ਦਿਨ ਮੁਕੇਰੀਆਂ ਏਰੀਆ ਤੋਂ ਬਰਾਮਦ ਹੋਈ। ਜਾਂਚ 'ਚ ਖੁਲਾਸਾ ਹੋਇਆ ਕਿ ਮ੍ਰਿਤਕਾਂ 'ਚ ਰਮੇਸ਼ ਕੁਮਾਰ, ਉਨ੍ਹਾਂ ਦਾ ਬੇਟਾ ਅਜੀਤ ਅਤੇ ਕਲੀਨਰ ਕੁਲਬੀਰ ਸੀ। ਤਿੰਨਾਂ ਦੀ ਬੇਰਹਿਮੀ ਨਾਲ ਹੱਤਿਆ ਕਰਕੇ ਲਾਸ਼ਾਂ ਨੂੰ ਸੁੱਟ ਦਿੱਤਾ ਗਿਆ ਸੀ ਅਤੇ 10 ਲੱਖ ਰੁਪਏ ਦੇ ਸੇਬ ਨਾਲ ਲੱਦਿਆ ਟਰੱਕ ਲੁੱਟ ਲਿਆ ਗਿਆ। ਟਰੱਕ ਲੁਧਿਆਣਾ ਤੋਂ ਮਿਲਿਆ ਪਰ ਸ਼ੁਰੂਆਤੀ ਜਾਂਚ 'ਚ ਆਸਾਨ ਲੱਗ ਰਿਹਾ ਮਾਮਲਾ ਜੋ ਕਿ ਅੱਜ ਕਰੀਬ 10 ਦਿਨ ਬਾਅਦ ਬੁਰੀ ਤਰ੍ਹਾਂ ਉਲਝ ਚੁੱਕਾ ਹੈ। ਜੰਮੂ ਕਸ਼ਮੀਰ ਦੇ ਸਪੌਰ ਤੋਂ ਜੰਮੂ, ਪਠਾਨਕੋਟ , ਭੋਗਪੁਰ, ਨਵਾਂਸ਼ਹਿਰ, ਰੋਪੜ ਅਤੇ ਲੁਧਿਆਣਾ ਤੱਕ ਦਾ ਸਾਰਾ ਰੂਟ ਖੰਗਾਲ ਲਿਆ ਹੈ। 
ਜਲੰਧਰ-ਹੁਸ਼ਿਆਰਪੁਰ ਦੀਆਂ ਪੁਲਸ ਟੀਮਾਂ ਵੱਖ-ਵੱਖ ਟਾਸਕ 'ਤੇ ਕੰਮ ਕਰ ਰਹੀਆਂ ਹਨ ਪਰ ਦਿਨ-ਬ-ਦਿਨ ਸਾਹਮਣੇ ਆ ਰਹੇ ਨਵੇਂ ਤੱਥਾਂ ਕਾਰਨ ਟ੍ਰਿਪਲ ਮਰਡਰ ਕੇਸ ਦੀ ਜਾਂਚ ਬੁਰੀ ਤਰ੍ਹਾਂ ਉਲਝ ਚੁੱਕੀ ਹੈ। ਜਿਵੇਂ ਹੀ ਪੁਲਸ ਟੀਮਾਂ ਵਾਰਦਾਤ ਨਾਲ ਹਰੇਕ ਪਹਿਲੂ ਦੀ ਡੂੰਘਾਈ ਤੱਕ ਜਾ ਰਹੀਆਂ ਹਨ ਤਾਂ ਜਾਂਚ ਦਾ ਦਾਇਰਾ ਵੀ ਵੱਧਦਾ ਜਾ ਰਿਹਾ ਹੈ।

PunjabKesari

ਸੂਤਰਾਂ ਨੇ ਦੱਸਿਆ ਕਿ ਬੀਤੇ ਦਿਨੀਂ ਜਾਂਚ 'ਚ ਪੁਲਸ ਸਾਹਮਣੇ ਇਕ ਹੋਰ ਤੱਥ ਆਇਆ ਹੈ ਕਿ ਜੰਮੂ ਤੋਂ ਟਰਾਂਸਪੋਰਟਰ ਤੋਂ ਤੇਲ ਆਦਿ ਦੇ ਰੁਪਏ ਲੈਣ ਤੋਂ ਬਾਅਦ ਜਦੋਂ ਟਰੱਕ 'ਚ ਸਵਾਰ ਤਿੰਨੇ ਲੋਕ ਕੋਲਕਾਤਾ ਲਈ ਰਵਾਨਾ ਹੋਏ ਤਾਂ ਉਨ੍ਹਾਂ ਨਾਲ ਇਕ ਚੌਥਾ ਵਿਅਕਤੀ ਵੀ ਟਰੱਕ 'ਚ ਸਵਾਰ ਹੋਇਆ, ਜੋ ਰਮੇਸ਼ ਲਾਲ ਰਸਤੇ 'ਚ ਉਤਰ ਗਿਆ ਅਤੇ ਤਿੰਨ ਵਿਅਕਤੀ ਟਰੱਕ 'ਚ ਰਹੇ। ਇਸ ਤੱਥ ਦੀ ਪੁਸ਼ਟੀ ਪੁਲਸ ਨੂੰ ਪਠਾਨਕੋਟ ਦੇ ਨੇੜੇ ਢਾਬੇ, ਪੈਟਰੋਲ ਪੰਪ ਅਤੇ ਹੋਰ ਜਗ੍ਹਾ ਤੋਂ ਕੀਤੀ ਗਈ ਹੈ ਪਰ ਉਹ ਚੌਥਾ ਵਿਅਕਤੀ ਕੌਣ ਹੈ? ਫਿਲਹਾਲ ਇਕ ਬੁਝਾਰਤ ਹੀ ਹੈ। 
ਪੁਲਸ ਨੂੰ ਰਮੇਸ਼ ਲਾਲ, ਅਜੀਤ ਅਤੇ ਕੁਲਬੀਰ ਦੀ ਕਾਲ ਡਿਟੇਲ ਤੋਂ ਵੀ ਕੁਝ ਖਾਸ ਸੁਰਾਗ ਨਹੀਂ ਮਿਲ ਰਿਹਾ। ਓਧਰ, ਸੂਤਰਾਂ ਨੇ ਦੱਸਿਆ ਕਿ ਹੁਣ ਪੁਲਸ ਟੀਮ ਵਾਰਦਾਤ ਨੂੰ ਡਰੱਗ ਕਾਰੋਬਾਰ ਨਾਲ ਜੋੜ ਕੇ ਵੀ ਦੇਖ ਰਹੀ ਹੈ। ਪੁਲਸ ਸੂਤਰਾਂ ਮੁਤਾਬਕ ਸਾਰੇ ਜਾਣਦੇ ਹਨ ਕਿ ਜੇ. ਐਂਡ. ਕੇ. ਤੋਂ ਟਰੱਕ ਦੇ ਜ਼ਰੀਏ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵੀ ਹੁੰਦੀ ਹੈ। ਜਾਂਚ ਟੀਮ ਇਸ ਐਂਗਲ ਨੂੰ ਨਜ਼ਰਅੰਦਾਜ਼ ਨਹੀਂ ਕਰ ਰਹੀ ਕਿ ਵਾਰਦਾਤ 'ਚ ਡਰੱਗ ਕਾਰੋਬਾਰੀਆਂ ਨਾਲ ਹੱਥ ਤਾਂ ਨਹੀਂ। ਪੁਲਸ ਸਪੌਰ ਤੋਂ ਜੰਮੂ ਦੇ ਟਰਾਂਸਪੋਰਟਰ ਤੋਂ ਪੁੱਛਗਿੱਛ ਕਰ ਰਹੀ ਹੈ। ਐੱਸ. ਪੀ. ਬਲਕਾਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਟੀਮ ਲਗਾਤਾਰ ਕੰਮ ਕਰ ਰਹੀ ਹੈ। ਹਰ ਪਹਿਲੂ ਨੂੰ ਡੂੰਘਾਈ ਨਾਲ ਖੰਗਾਲਿਆ ਜਾ ਰਿਹਾ ਹੈ। ਜਲਦ ਹੀ ਵਾਰਦਾਤ ਟਰੇਸ ਕੀਤੀ ਜਾਵੇਗੀ।


Related News