ਅਜੇ ਤੱਕ ਨਹੀਂ ਸੁਲਝਿਆ ਤੀਹਰਾ ਕਤਲ ਕਾਂਡ, ਮੂੰਹ ਤੇ ਸਿਰ ''ਤੇ ਮਾਰੀਆਂ ਸਨ ਗੋਲੀਆਂ

Monday, Dec 04, 2017 - 06:36 PM (IST)

ਅਜੇ ਤੱਕ ਨਹੀਂ ਸੁਲਝਿਆ ਤੀਹਰਾ ਕਤਲ ਕਾਂਡ, ਮੂੰਹ ਤੇ ਸਿਰ ''ਤੇ ਮਾਰੀਆਂ ਸਨ ਗੋਲੀਆਂ

ਜਲੰਧਰ (ਪ੍ਰੀਤ)— ਸਨਸਨੀਖੇਜ਼ ਟ੍ਰਿਪਲ ਮਰਡਰ ਦੀ ਵਾਰਦਾਤ ਇਕ ਹਫਤੇ ਬਾਅਦ ਵੀ ਉਲਝੀ ਹੋਈ ਹੈ। ਜਲੰਧਰ, ਹੁਸ਼ਿਆਰਪੁਰ ਦੀ ਪੁਲਸ ਜੇ. ਐਂਡ ਕੇ. ਤੋਂ ਲੈ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀ ਧੂੜ ਛਾਣ ਰਹੀ ਹੈ। ਕ੍ਰਾਈਮ ਸੀਨ, ਵਾਰਦਾਤ ਦੇ ਕਾਰਨ ਪੂਰੀ ਤਰ੍ਹਾਂ ਨਾਲ ਸਪਸ਼ਟ ਨਾ ਹੋਣ ਕਾਰਨ ਪੁਲਸ ਵੱਖ-ਵੱਖ ਥਿਊਰੀਆਂ 'ਤੇ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਕ ਹਫਤਾ ਪਹਿਲਾਂ ਭੋਗਪੁਰ-ਭੁਲੱਥ ਰੋਡ 'ਤੇ ਕਲੀਨਰ ਕੁਲਬੀਰ ਸਿੰਘ, ਅਜੀਤ ਸਿੰਘ ਅਤੇ ਅਗਲੇ ਦਿਨ ਮੁਕੇਰੀਆਂ ਏਰੀਆ ਵਿਚ ਰਮੇਸ਼ ਕੁਮਾਰ ਦੀ ਲਾਸ਼ ਮਿਲੀ। ਤਿੰਨਾਂ ਦੀ ਹੱਤਿਆ ਰੱਸੀ ਨਾਲ ਗਲਾ ਘੁੱਟ ਕੇ ਕਰ ਦਿੱਤੀ ਗਈ ਸੀ। ਨਾਲ ਹੀ ਕੁਲਬੀਰ ਸਿੰਘ ਅਤੇ ਅਜੀਤ ਸਿੰਘ ਦੇ ਮੂੰਹ ਅਤੇ ਸਿਰ ਵਿਚ ਗੋਲੀਆਂ ਵੀ ਮਾਰੀਆਂ ਗਈਆਂ ਸਨ। 
ਟ੍ਰਿਪਲ ਮਰਡਰ ਵਾਰਦਾਤ ਟਰੇਸ ਕਰਨ ਲਈ ਜਲੰਧਰ, ਹੁਸ਼ਿਆਰਪੁਰ ਦੀਆਂ ਟੀਮਾਂ ਲੱਗ ਗਈਆਂ। ਜਾਂਚ ਵਿਚ ਪਤਾ ਲੱਗਾ ਕਿ ਟਰੱਕ ਚਾਲਕ ਰਮੇਸ਼ ਕੁਮਾਰ, ਉਸ ਦਾ ਬੇਟਾ ਅਜੀਤ ਸਿੰਘ ਅਤੇ ਕਲੀਨਰ ਕੁਲਬੀਰ ਸਿੰਘ ਤਿੰਨੋਂ 24 ਨਵੰਬਰ ਦੀ ਰਾਤ ਜੰਮੂ ਤੋਂ 1150 ਪੇਟੀਆਂ ਸੇਬ ਦੀਆਂ ਲੈ ਕੇ ਕੋਲਕਾਤਾ ਲਈ ਰਵਾਨਾ ਹੋਏ ਸਨ। ਤਿੰਨ ਹੱਤਿਆਵਾਂ ਤੋਂ ਬਾਅਦ ਲੁੱਟਿਆ ਗਿਆ ਟਰੱਕ ਲੁਧਿਆਣਾ ਦੇ ਜੀਵਨ ਨਗਰ ਇਲਾਕੇ ਤੋਂ ਮਿਲਿਆ ਅਤੇ ਉਸ ਵਿਚੋਂ 1150 ਪੇਟੀਆਂ 'ਚੋਂ ਸਿਰਫ 100 ਪੇਟੀਆਂ ਸੇਬ ਦੀਆਂ ਹੀ ਬਰਾਮਦ ਹੋਈਆਂ। ਇਕ ਹਫਤੇ ਬਾਅਦ ਵੀ ਟ੍ਰਿਪਲ ਮਰਡਰ ਉਲਝਿਆ ਹੋਇਆ ਹੈ। ਪੁਲਸ ਕਿਸੇ ਨਤੀਜੇ ਤੱਕ ਨਹੀਂ ਪਹੁੰਚ ਸਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਸ ਮ੍ਰਿਤਕਾਂ ਨਾਲ ਜੁੜੇ ਹਰੇਕ ਐਂਗਲ 'ਤੇ ਜਾਂਚ ਕਰ ਰਹੀ ਹੈ। 
ਪਠਾਨਕੋਟ ਤੋਂ ਪਹਿਲਾਂ ਹੀ ਟਰੱਕ ਤੋਂ ਉਤਰ ਗਿਆ ਸੀ ਚਾਲਕ ਰਮੇਸ਼ ਕੁਮਾਰ : ਵਾਰਦਾਤ ਟਰੇਸ ਕਰਨ ਲਈ ਪੁਲਸ ਜੰਮੂ ਤੋਂ ਭੋਗਪੁਰ, ਰੋਪੜ ਅਤੇ ਲੁਧਿਆਣਾ ਤੱਕ ਦੇ ਏਰੀਆ ਦੇ ਚੱਪੇ-ਚੱਪੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਕਿ 24 ਨਵੰਬਰ ਦੀ ਰਾਤ ਟਰੱਕ ਚਾਲਕ ਰਮੇਸ਼ ਕੁਮਾਰ ਆਪਣੇ ਬੇਟੇ ਅਜੀਤ ਅਤੇ ਕਲੀਨਰ ਕੁਲਬੀਰ ਦੇ ਨਾਲ ਸੇਬ ਲੈ ਕੇ ਰਵਾਨਾ ਹੋਇਆ ਪਰ ਉਹ ਪਠਾਨਕੋਟ ਤੋਂ ਪਹਿਲਾਂ ਹੀ ਆਪਣੇ ਟਰੱਕ ਤੋਂ ਉਤਰ ਗਿਆ ਅਤੇ ਉਸ ਦਾ ਟਰੱਕ ਬੇਟਾ ਅਜੀਤ ਚਲਾਉਣ ਲੱਗਾ ਸੀ। ਰਮੇਸ਼ ਕੁਮਾਰ ਆਪਣੇ ਟਰੱਕ ਤੋਂ ਉਤਰ ਕੇ ਕਿਸ ਟਰੱਕ ਵਿਚ ਬੈਠਾ ਜਾਂ ਮੁਕੇਰੀਆਂ ਤੱਕ ਕਿਵੇਂ ਪਹੁੰਚਿਆ, ਇਹ ਰਹੱਸ ਬਣਿਆ ਹੋਇਆ ਹੈ। 
ਸੂਤਰਾਂ ਮੁਤਾਬਕ ਜੰਮੂ ਤੋਂ ਚੱਲਣ ਦੇ ਬਾਅਦ ਟਰੱਕ ਸਾਂਬਾ ਦੇ ਨੇੜੇ ਰੁਕਿਆ। ਸਾਂਬਾ ਵਿਚ ਟਰੱਕ ਚਾਲਕ ਰਮੇਸ਼ ਕੁਮਾਰ ਦੀ ਭੈਣ ਰਹਿੰਦੀ ਹੈ। ਜਾਂਚ ਵਿਚ ਪਤਾ ਲੱਗਾ ਕਿ ਰਮੇਸ਼ ਦਾ ਬੇਟਾ ਅਜੀਤ ਸਾਂਬਾ ਵਿਖੇ ਆਪਣੀ ਭੂਆ ਨੂੰ ਮਿਲਿਆ ਪਰ ਰਮੇਸ਼ ਉਨ੍ਹਾਂ ਨੂੰ ਨਹੀਂ ਮਿਲਿਆ। ਰਮੇਸ਼ ਉਥੇ ਉਤਰ ਗਿਆ ਜਾਂ ਬਾਹਰ ਟਰੱਕ ਵਿਚ ਰਿਹਾ, ਇਹ ਸਪਸ਼ਟ ਨਹੀਂ ਹੈ। ਪੁਲਸ ਜਾਂਚ ਵਿਚ ਇਹ ਵੀ ਪਤਾ ਲੱਗਾ ਕਿ ਪਠਾਨਕੋਟ ਕਰਾਸ ਕਰਨ ਤੋਂ ਬਾਅਦ ਟਰੱਕ ਵਿਚ ਪੈਟਰੋਲ ਪੰਪ ਤੋਂ ਤੇਲ ਵੀ ਭਰਵਾਇਆ ਗਿਆ। ਜਦੋਂ ਪੰਪ ਤੋਂ ਡੀਜ਼ਲ ਭਰਵਾਇਆ ਗਿਆ ਤਾਂ ਉਸ ਸਮੇਂ ਰਮੇਸ਼ ਕੁਮਾਰ ਟਰੱਕ ਵਿਚ ਨਹੀਂ ਸੀ। ਟਰੱਕ ਅਜੀਤ ਚਲਾ ਰਿਹਾ ਸੀ ਅਤੇ ਨਾਲ ਕੁਲਬੀਰ ਸੀ। ਇਸ ਤੋਂ ਬਾਅਦ ਚਲਾਂਗ ਟੋਲ ਬੈਰੀਅਰ, ਭੋਗਪੁਰ ਦੇ ਕੁਰੇਸ਼ੀਆ ਨਾਕੇ ਤੋਂ ਕਰਾਸ ਕਰਦੇ ਸਮੇਂ ਵੀ ਅਜੀਤ ਅਤੇ ਰਮੇਸ਼ ਹੀ ਦਿਖਾਈ ਦਿੱਤੇ। 
ਪੁਲਸ ਦੀ ਥਿਊਰੀ ਹੈ ਕਿ ਰਮੇਸ਼ ਪਠਾਨਕੋਟ ਤੋਂ ਪਹਿਲਾਂ ਹੀ ਟਰੱਕ ਵਿਚੋਂ ਉਤਰ ਕੇ ਕਿਸੇ ਹੋਰ ਟਰੱਕ ਵਿਚ ਬੈਠ ਗਿਆ। ਸੂਤਰਾਂ ਦਾ ਇਹ ਵੀ ਮੰਨਣਾ ਹੈ ਕਿ ਬੇਸ਼ੱਕ ਰਮੇਸ਼ ਦੀ ਲਾਸ਼ ਇਕ ਦਿਨ ਬਾਅਦ ਮਿਲੀ ਹੈ ਪਰ ਉਸ ਦੀ ਹੱਤਿਆ ਵੀ ਉਸ ਦਿਨ ਸੰਭਾਵਿਤ ਤੌਰ 'ਤੇ ਅਜੀਤ ਅਤੇ ਕੁਲਬੀਰ ਤੋਂ ਪਹਿਲਾਂ ਹੀ ਕਰ ਦਿੱਤੀ ਗਈ ਸੀ। 

PunjabKesari

ਬਾਰਡਰ ਕਰਾਸ ਕਰਦੇ ਹੀ ਬੰਦ ਹੋਏ ਜੇ. ਐਂਡ ਕੇ. ਦੇ ਮੋਬਾਇਲ : ਪੁਲਸ ਦੀ ਜਾਂਚ ਮੋਬਾਇਲ ਕਾਲ ਡਿਟੇਲ, ਟਾਵਰ ਲੋਕੇਸ਼ਨ 'ਤੇ ਵੀ ਅਟਕ ਗਈ ਹੈ ਕਿਉਂਕਿ ਜੰਮੂ ਦਾ ਬਾਰਡਰ ਕਰਾਸ ਕਰ ਕੇ ਪੰਜਾਬ ਵਿਚ ਐਂਟਰੀ ਕਰਦੇ ਹੀ ਟਰੱਕ ਚਾਲਕ, ਉਸ ਦੇ ਬੇਟੇ ਦੇ ਮੋਬਾਇਲ ਨੰਬਰ ਬੰਦ ਹੋ ਗਏ। ਸਿਰਫ ਕੁਲਬੀਰ ਦਾ ਮੋਬਾਇਲ ਨੰਬਰ ਚੱਲ ਰਿਹਾ ਸੀ ਪਰ ਉਸ ਦੀ ਡਿਟੇਲ ਨਾਲ ਵੀ ਪੁਲਸ ਨੂੰ ਕੁਝ ਖਾਸ ਸੁਰਾਗ ਨਹੀਂ ਲੱਗਾ ਹੈ।
ਵਾਰਦਾਤ 'ਚ ਵਰਤੀ ਰੱਸੀ ਮਹਾਰਾਸ਼ਟਰ ਦੀ : ਪੁਲਸ ਵਾਰਦਾਤ ਦੇ ਹਰੇਕ ਪਹਿਲੂ ਨੂੰ ਡੂੰਘਾਈ ਨਾਲ ਖੰਗਾਲ ਰਹੀ ਹੈ। ਤਿੰਨਾਂ ਦਾ ਗਲਾ ਘੁੱਟਣ ਵਿਚ ਵਰਤੀ ਗਈ ਨਾਇਲਾਨ ਦੀ ਪਤਲੀ ਰੱਸੀ ਮਹਾਰਾਸ਼ਟਰ ਦੀ ਦੱਸੀ ਗਈ ਹੈ ਕਿਉਂਕਿ ਟਰੱਕ ਮਹਾਰਾਸ਼ਟਰ ਆਉਂਦੇ-ਜਾਂਦੇ ਰਹਿੰਦੇ ਹਨ, ਇਸ ਲਈ ਹੋ ਸਕਦਾ ਹੈ ਕਿ ਕਿਸੇ ਟਰੱਕ ਚਾਲਕ ਨੇ ਇਸ ਵਿਚ ਰੱਸੀ ਰੱਖੀ ਹੋਵੇ। ਵਾਰਦਾਤ ਵਿਚ ਕਿਸੇ ਟਰੱਕ ਚਾਲਕ ਦਾ ਹੱਥ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹਾ ਅਨੁਮਾਨ ਇਸ ਲਈ ਵੀ ਹੈ ਕਿਉਂਕਿ ਲੁਧਿਆਣਾ ਵਿਚ ਜਦੋਂ ਟਰੱਕ ਮਿਲਿਆ ਤਾਂ ਉਸ ਦੇ ਟਾਇਰ ਵੀ ਨਹੀਂ ਸਨ।


Related News