ਰਾਣਾ ਬਲਾਚੌਰੀਆ ਕਤਲ ਕਾਂਡ ''ਚ ਹਾਈਕੋਰਟ ਸਖ਼ਤ, DGP ਤਲਬ
Wednesday, Dec 24, 2025 - 06:25 PM (IST)
ਚੰਡੀਗੜ੍ਹ: ਮੋਹਾਲੀ 'ਚ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਕਤਲਕਾਂਡ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖ਼ਤੀ ਦਿਖਾਈ ਹੈ। ਮਾਮਲੇ ਦਾ ਸੂ-ਮੋਟੋ ਲੈਂਦਿਆਂ ਹਾਈ ਕੋਰਟ ਵੱਲੋਂ ਪੰਜਾਬ ਦੇ ਡੀ. ਜੀ. ਪੀ. ਤੋਂ ਜਵਾਬ ਤਲਬ ਕੀਤਾ ਗਿਆ ਹੈ। ਅਦਾਲਤ ਨੇ ਪੁੱਛਿਆ ਹੈ ਕਿ ਇਸ ਮਾਮਲੇ ਦੀ ਮਨਜ਼ੂਰੀ ਲਈ ਗਈ ਸੀ ਜਾਂ ਨਹੀਂ। ਇਸ ਦੇ ਨਾਲ ਹੀ ਉਕਤ ਮੈਚ ਦੀ ਸੁਰੱਖਿਆ ਲਈ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਬਾਰੇ ਵੀ ਸਵਾਲ ਪੁੱਛੇ ਗਏ ਹਨ। ਮਾਮਲੇ ਦੀ ਅਗਲੀ ਸੁਣਵਾਈ 15 ਜਨਵਰੀ ਨੂੰ ਹੋਵੇਗੀ, ਜਿਸ ਦੌਰਾਨ ਡੀ. ਜੀ. ਪੀ. ਵੱਲੋਂ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।
ਦੱਸ ਦਈਏ ਕਿ 15 ਦਸੰਬਰ ਨੂੰ ਮੋਹਾਲੀ ਵਿਚ ਕਬੱਡੀ ਕੱਪ ਦੌਰਾਨ ਰਾਣਾ ਬਲਾਚੌਰੀਆ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਵੱਲੋਂ ਲਈ ਗਈ ਹੈ। ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਗੈਂਗਸਟਰਾਂ ਨਾਲ ਕੋਈ ਲਿੰਕ ਨਹੀਂ ਹੈ ਤੇ ਕੁਝ ਲੋਕ ਉਸ ਰਾਹੀਂ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਫ਼ਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
