ਬਾਜਵਾ-ਚੰਨੀ ਵਿਵਾਦ, ਕੈਪਟਨ ਨੇ ਜਾਖੜ ਨੂੰ ਸੌਂਪੀ ਰਾਜ਼ੀਨਾਮੇ ਦੀ ਜ਼ਿੰਮੇਵਾਰੀ

05/16/2020 7:36:43 PM

ਚੰਡੀਗੜ੍ਹ : ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਾਲੇ ਪੈਦਾ ਹੋਇਆ ਵਿਵਾਦ ਫਿਲਹਾਲ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਸੂਤਰਾਂ ਅਨੁਸਾਰ ਦੋਵੇਂ ਮੰਤਰੀ ਆਪੋ-ਆਪਣੇ ਸਟੈਂਡ 'ਤੇ ਕਾਇਮ ਹਨ। ਇਸ ਵਿਵਾਦ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਾਸੇ ਖਫਾ ਨਜ਼ਰ ਆ ਰਹੇ ਹਨ, ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਇਸ ਵਿਵਾਦ ਨੂੰ ਨਬੇੜਨ ਅਤੇ ਦੋਵਾਂ ਮੰਤਰੀਆਂ ਵਿਚਾਲੇ ਸੁਲ੍ਹਾ ਕਰਵਾਉਣ ਦੀ ਜ਼ਿੰਮੇਵਾਰੀ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਸੌਂਪੀ ਹੈ। 

ਦੋਵਾਂ ਲੀਡਰਾਂ ਦਾ ਵਿਵਾਦ ਜਨਤਕ ਹੋਣ ਨਾਲ ਜਿੱਥੇ ਇਕ ਪਾਸੇ ਪਾਰਟੀ ਦੇ ਅਕਸ ਨੂੰ ਢਾਹ ਲੱਗੀ ਹੈ, ਉਥੇ ਹੀ ਵਿਰੋਧੀ ਖੇਮੇ ਨੂੰ ਵੀ ਮੁੱਦਾ ਮਿਲ ਗਿਆ ਹੈ। ਲਿਹਾਜ਼ਾ ਮੁੱਖ ਮੰਤਰੀ ਜਲਦ ਤੋਂ ਜਲਦ ਇਸ ਵਿਵਾਦ ਨੂੰ ਨਬੇੜ ਕੇ ਪਾਰਟੀ ਦਾ ਮਾਹੌਲ ਠੀਕ ਕਰਨਾ ਚਾਹੁੰਦੇ ਹਨ। ਸੂਤਰ ਇਹ ਵੀ ਦੱਸਦੇ ਹਨ ਕਿ ਹੁਣ ਸੁਨੀਲ ਜਾਖੜ ਜਲਦ ਹੀ ਦੋਵਾਂ ਮੰਤਰੀਆਂ ਨਾਲ ਮੀਟਿੰਗ ਕਰਕੇ ਇਸ ਮਾਮਲੇ ਨੂੰ ਸੁਲਝਾਉਣ ਦਾ ਯਤਨ ਕਰਨਗੇ। ਉਧਰ ਜਾਖੜ ਦਾ ਕਹਿਣਾ ਹੈ ਕਿ ਆਪਸ ਵਿਚ ਮਨ-ਮੁਟਾਵ ਹੁੰਦਾ ਰਹਿੰਦਾ ਹੈ। ਦੋਵਾਂ ਨਾਲ ਬੈਠ ਕੇ ਦੋਵਾਂ ਦੀ ਗੱਲ ਸੁਣੀ ਜਾਵੇਗੀ ਅਤੇ ਮਸਲਾ ਹੱਲ ਕਰ ਲਿਆ ਜਾਵੇਗਾ। 

ਕੀ ਹੈ ਵਿਵਾਦ
ਦਰਅਸਲ ਸ਼ਰਾਬ ਦੇ ਸਰਕਾਰੀ ਮਾਲੀਏ 'ਚ ਘਾਟੇ 'ਤੇ ਉੱਠਿਆ ਸਿਆਸੀ ਵਿਵਾਦ ਮੁੱਖ ਸਕੱਤਰ ਨੂੰ ਨਿਸ਼ਾਨੇ 'ਤੇ ਲੈਣ ਤੋਂ ਬਾਅਦ ਕਾਂਗਰਸੀ ਲੀਡਰਾਂ ਦੇ ਆਪਸੀ ਕਲੇਸ਼ ਤੱਕ ਪਹੁੰਚ ਗਿਆ ਹੈ। ਵੀਰਵਾਰ ਨੂੰ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦੇ ਸਹਿਯੋਗੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਉਨ੍ਹਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ। ਦਲਿਤ ਹੋਣ ਕਾਰਨ ਉਨ੍ਹਾਂ ਨੂੰ ਦਬਾਇਆ ਜਾ ਰਿਹਾ ਹੈ। ਦੂਜੇ ਪਾਸੇ, ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਸਾਹਮਣੇ ਚੰਨੀ ਦੇ ਦੋਸ਼ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਮੈਨੂੰ ਧਮਕਾਇਆ ਅਤੇ ਆਈ ਏ.ਐੱਸ. ਲਾਬੀ ਦੇ ਵਿਰੋਧ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ। ਚੰਨੀ ਅਨੁਸਾਰ ਬਾਜਵਾ ਨੇ ਕਿਹਾ ਕਿ ਚੀਫ਼ ਸੈਕਟਰੀ ਨਾਲ ਵਿਵਾਦ ਕਰਨਾ ਠੀਕ ਨਹੀਂ ਹੈ ਕਿਉਂਕਿ ਇਸ ਨਾਲ ਪ੍ਰਦੇਸ਼ ਦੀ ਆਈ. ਏ. ਐੱਸ. ਲਾਬੀ ਖਿਲਾਫ ਹੋ ਜਾਵੇਗੀ। ਆਈ. ਏ. ਐੱਸ. ਦੱਬੇ ਹੋਏ ਮਾਮਲਿਆਂ ਦੀ ਫਾਈਲ ਖੋਲ੍ਹ ਕੇ ਤੁਹਾਨੂੰ ਮੁਸੀਬਤ 'ਚ ਪਾ ਸਕਦੇ ਹਨ। ਚੰਨੀ ਨੇ ਕਿਹਾ ਕਿ ਮੈਂ ਵੀ ਕਹਿ ਦਿੱਤਾ ਕਿ ਜੇਕਰ ਕੋਈ ਪਰਚਾ ਦਰਜ ਕਰਵਾਉਣਾ ਚਾਹੁੰਦਾ ਹੈ ਤਾਂ ਦਰਜ ਕਰਵਾ ਦੇਵੇ ਪਰ ਦਬਾਅ ਦੀ ਰਾਜਨੀਤੀ ਨਹੀਂ ਸਹਾਂਗੇ। ਉਧਰ, ਕਿਹਾ ਜਾ ਰਿਹਾ ਹੈ ਕਿ ਬਾਜਵਾ ਨੇ ਦੱਬੇ ਹੋਏ ਮਾਮਲਿਆਂ ਰਾਹੀਂ ਚੰਨੀ ਨੂੰ ਇਤਰਾਜ਼ਯੋਗ ਮੈਸੇਜ ਭੇਜਣ ਦੇ ਵਿਵਾਦ ਵੱਲ ਇਸ਼ਾਰਾ ਕੀਤਾ ਹੈ।

ਕੁੱਝ ਸਮਾਂ ਪਹਿਲਾਂ ਇਕ ਮਹਿਲਾ ਆਈ. ਏ. ਐੱਸ. ਨੇ ਇਲਜ਼ਾਮ ਲਾਇਆ ਸੀ ਕਿ ਮੰਤਰੀ ਚੰਨੀ ਨੇ ਉਨ੍ਹਾਂ ਨੂੰ ਇਕ ਇਤਰਾਜ਼ਯੋਗ ਮੈਸੇਜ ਭੇਜਿਆ ਸੀ। ਇਹ ਮਾਮਲਾ ਕਾਫ਼ੀ ਦਿਨ ਤੱਕ ਸੁਰਖੀਆਂ 'ਚ ਰਿਹਾ ਸੀ ਪਰ ਮੁੱਖ ਮੰਤਰੀ ਨੇ ਦਖਲ ਦੇ ਕੇ ਮਾਮਲੇ ਨੂੰ ਸੁਲਝਾ ਲਿਆ ਸੀ। ਉਧਰ ਬਾਜਵਾ ਨੇ ਕਿਹਾ ਕਿ ਉਨ੍ਹਾਂ ਖਿਲਾਫ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਬੇਹੱਦ ਅਫਸੋਸਜਨਕ ਹੈ। ਉਹ ਚੰਨੀ ਨੂੰ ਧਮਕਾਉਣ ਦੀ ਗੱਲ ਤਾਂ ਦੂਰ ਉਸ ਖਿਲਾਫ ਬੋਲਣ ਦੀ ਗੱਲ ਵੀ ਨਹੀਂ ਸੋਚ ਸਕਦੇ। ਭੋਆ ਤੋਂ ਵਿਧਾਇਕ ਜੋਗਿੰਦਰਪਾਲ ਵਲੋਂ ਦਲਿਤ ਮੰਤਰੀ ਨੂੰ ਧਮਕਾਉਣ ਸਬੰਧੀ ਟਿੱਪਣੀ 'ਤੇ ਬਾਜਵਾ ਨੇ ਕਿਹਾ ਕਿ ਜੋਗਿੰਦਰਪਾਲ ਕਿੱਥੋਂ ਬੋਲ ਰਹੇ ਹੈ, ਇਹ ਉਨ੍ਹਾਂ ਨੂੰ ਪਤਾ ਹੈ ਅਤੇ ਜੋ ਰਾਜਨੀਤੀ ਹੋ ਰਹੀ ਹੈ, ਉਸਦੀ ਵੀ ਪੂਰੀ ਸਮਝ ਹੈ।


Gurminder Singh

Content Editor

Related News