ਕੈਬਿਨਟ ਮੰਤਰੀ ਤਿ੍ਰਪਤ ਬਾਜਵਾ ਨੇ ਸਿਵਲ ਹਸਪਤਾਲ ਬਟਾਲਾ ਤੋਂ ਕੀਤੀ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ
Saturday, Jan 16, 2021 - 02:32 PM (IST)
ਬਟਾਲਾ (ਬੇਰੀ)- ਕੋਰੋਨਾ ਉੱਪਰ ਫ਼ਤਹਿ ਹਾਸਲ ਕਰਨ ਲਈ ਅੱਜ ਪੰਜਾਬ ਸਰਕਾਰ ਵੱਲੋਂ ਵੈਕਸੀਨੇਸ਼ਨ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਸੂਬੇ ਵਿਚ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਮੁਹਾਲੀ ਤੋਂ ਕੀਤੀ ਗਈ ਅਤੇ ਇਸਦੇ ਨਾਲ ਹੀ ਸੂਬੇ ਦੇ ਕੁੱਲ 59 ਹਸਪਤਾਲਾਂ ਵਿਚ ਹੈਲਥ ਕੇਅਰ ਵਰਕਰਾਂ ਦਾ ਟੀਕਾਕਰਨ ਕੀਤਾ ਗਿਆ। ਅੱਜ ਬਟਾਲਾ ਦੇ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਕੀਤੀ। ਸਿਵਲ ਹਸਪਤਾਲ ਬਟਾਲਾ ਵਿਚ ਕੋਵਿਡ-19 ਤੋਂ ਬਚਾਅ ਦਾ ਸਭ ਤੋਂ ਪਹਿਲਾ ਟੀਕਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਤੇ ਪ੍ਰਸਿੱਧ ਸਰਜਨ ਡਾ. ਸਤਨਾਮ ਸਿੰਘ ਨਿੱਜਰ ਨੇ ਲਗਵਾਇਆ।
ਸੂਬਾ ਵਾਸੀਆਂ ਨੂੰ ਕੋਵਿਡ-19 ਦੀ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਣ ’ਤੇ ਵਧਾਈ ਦਿੰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਨੇ ਪੂਰੇ ਵਿਸ਼ਵ ਨੂੰ ਆਪਣੀ ਮਾਰ ਹੇਠ ਲੈ ਲਿਆ ਸੀ ਅਤੇ ਜਿਥੇ ਇਸ ਬਿਮਾਰੀ ਨਾਲ ਦੁਨੀਆਂ ਭਰ ਵਿਚ ਮਨੁੱਖੀ ਜਾਨਾਂ ਗਈਆਂ ਹਨ, ਉਥੇ ਆਰਥਿਕ ਪੱਖੋਂ ਵੀ ਬਹੁਤ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਨੇ ਬੜੇ ਯੋਜਨਾਬੱਧ ਢੰਗ ਨਾਲ ਮਿਸ਼ਨ ਫ਼ਤਹਿ ਤਹਿਤ ਕੋਰੋਨਾ ਦੀ ਜੰਗ ਲੜੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਡਾਕਟਰ, ਪੈਰਾ ਮੈਡੀਕਲ ਸਟਾਫ ਅਤੇ ਦੂਸਰੇ ਵਿਭਾਗਾਂ ਦੇ ਮੋਹਰੀ ਕਤਾਰ ਦੇ ਵਰਕਰ ਜਿਨ੍ਹਾਂ ਨੇ ਕੋਰੋਨਾ ਨੂੰ ਹਰਾਉਣ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਹੈ , ਉਨ੍ਹਾਂ ਦੀ ਹਿੰਮਤ ਤੇ ਸਿਰੜ ਨੂੰ ਅਸੀਂ ਸਲਾਮ ਕਰਦੇ ਹਾਂ।
ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੋਰੋਨਾ ਨੂੰ ਹਰਾਉਣ ਲਈ ਮਿਸਾਲੀ ਜੰਗ ਲੜੀ ਹੈ ਜਿਸਦੀ ਸਰਾਹਨਾ ਦੇਸ਼ ਸਮੇਤ ਪੂਰੀ ਦੁਨੀਆਂ ਵਿਚ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਕੋਰੋਨਾ ਦਾ ਖ਼ਤਮਾ ਬਹੁਤ ਨੇੜੇ ਆ ਗਿਆ ਹੈ ਅਤੇ ਇਸ ਮਹਾਮਾਰੀ ਨੂੰ ਖ਼ਤਮ ਕਰਨ ਜੋ ਟੀਕਾਕਰਨ ਕੀਤਾ ਜਾਣਾ ਹੈ ਪੰਜਾਬ ਸਰਕਾਰ ਉਸਨੂੰ ਵੀ ਪੂਰੀ ਸਫਲਤਾ ਨਾਲ ਨੇਪਰੇ ਚਾੜ੍ਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲੇ ਪੜਾਅ ਤਹਿਤ 1.74 ਲੱਖ ਸਿਹਤ ਕਾਮਿਆਂ ਦਾ ਟੀਕਾਕਰਨ ਕੀਤਾ ਜਾਵੇਗਾ ਜਿਸ ਤਹਿਤ ਅਗਲੇ ਪੰਜ ਦਿਨਾਂ ਤੱਕ ਰੋਜ਼ਾਨਾ 40,000 ਸਿਹਤ ਕਾਮਿਆਂ ਨੂੰ ਕੋਵਿਡ-19 ਤੋਂ ਬਚਾਉਣ ਦੇ ਟੀਕੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਕੋਵੀਸ਼ੀਲਡ ਵੈਕਸੀਨ ਦੀਆਂ 2,04,500 ਖੁਰਾਕਾਂ ਪ੍ਰਾਪਤ ਹੋ ਚੁੱਕੀਆਂ ਹਨ ਅਤੇ ਜਲਦੀ ਹੀ ਹੋਰ ਵੀ ਵੈਕਸੀਨ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਹੈਲਥ ਕੇਅਰ ਵਰਕਰਾਂ ਦੇ ਟੀਕਾਕਰਨ ਤੋਂ ਬਾਅਦ ਅਗਲੇ ਪੜਾਅ ਵਿੱਚ ਫਰੰਟ ਲਾਈਨ ਵਰਕਰਾਂ (ਐੱਫ.ਐੱਲ.ਡਬਲਯੂਜ਼) ਦਾ ਟੀਕਾਕਰਨ ਕੀਤਾ ਜਾਵੇਗਾ।