ਪਿੰਡ ਵਾਸੀਆਂ ਨੇ ਲਾਇਆ ਪੰਚਾਇਤ ''ਤੇ ਲੱਖਾਂ ਦੇ ਦਰੱਖਤ ਖੁਰਦ-ਬੁਰਦ ਕਰਨ ਦਾ ਦੋਸ਼

02/17/2018 12:45:06 PM

ਚੱਬੇਵਾਲ (ਗੁਰਮੀਤ)— ਪਿੰਡ ਚੱਬੇਵਾਲ ਦੇ ਵਾਸੀਆਂ ਨੇ ਸਰਪੰਚ ਅਤੇ ਕੁਝ ਪੰਚਾਇਤ ਮੈਂਬਰਾਂ 'ਤੇ ਪਿੰਡ ਦੇ ਪੰਚਾਇਤੀ ਰਕਬੇ 'ਚੋਂ ਨਾਜਾਇਜ਼ ਤੌਰ 'ਤੇ ਕੱਟੇ ਦਰੱਖਤਾਂ ਦੇ ਲੱਖਾਂ ਰੁਪਏ ਨੂੰ ਖੁਰਦ-ਬੁਰਦ ਕਰਨ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਮੌਜੂਦਾ ਸਰਪੰਚ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਿਸ ਰਕਬੇ 'ਚੋਂ ਦਰੱਖਤ ਕੱਟੇ ਗਏ ਹਨ ਉਹ ਪੰਚਾਇਤ ਦੀ ਨਹੀਂ ਹੈ। 
ਸ਼ੁੱਕਰਵਾਰ ਸੁਰਿੰਦਰਪਾਲ ਸਿੰਘ ਸੰਧੂ ਸਾਬਕਾ ਸਰਪੰਚ, ਬਿਰਲਾ ਸੇਠ, ਹਰਮਿੰਦਰ ਸਿੰਘ ਸੰਧੂ, ਰਛਪਾਲ ਸਿੰਘ ਸਾਬਕਾ ਪੰਚ, ਹਰਭਜਨ ਸਿੰਘ ਸਾਬਕਾ ਪੰਚ, ਕਾਮਰੇਡ ਸਤਪਾਲ ਸਿੰਘ, ਮਨਮੋਹਣ ਸਿੰਘ, ਚੌਧਰੀ ਗੁਰਪ੍ਰੀਤ ਸਿੰਘ, ਸੁਖਦੀਪ ਸਿੰਘ, ਸੁਰਜੀਤ ਸਿੰਘ, ਗਗਨਦੀਪ ਸਿੰਘ, ਰਛਪਾਲ ਸਿੰਘ ਸੰਧੂ, ਸੁੱਚਾ ਸਿੰਘ, ਸਤਨਾਮ ਸਿੰਘ ਝੂਟੀ, ਪ੍ਰਭਜੋਤ ਸਿੰਘ ਆਦਿ ਨੇ ਮੌਕੇ 'ਤੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸਰਕਾਰੀ ਸਕੂਲ ਨੇੜੇ ਪਿੰਡ ਦੀ ਪੰਚਾਇਤ ਦੀ ਜ਼ਮੀਨ ਹੈ ਜਿਸ ਦੇ ਰਕਬੇ 'ਚ ਖੇਡ ਮੈਦਾਨ ਹੈ ਅਤੇ ਉਸ ਦੇ ਬਾਹਰ ਕਈ ਸਾਲ ਪੁਰਾਣੇ ਸਫੈਦੇ ਅਤੇ ਡੈਕਾਂ ਦੇ ਦਰੱਖਤ ਲਗਾਏ ਹੋਏ ਸਨ। ਕੁਝ ਦਿਨ ਪਹਿਲਾ ਸਰਪੰਚ ਅਤੇ ਕੁਝ ਪੰਚਾਇਤ ਮੈਬਰਾਂ ਨੇ  ਬਿਨ੍ਹਾਂ ਕਿਸੇ ਵਿਭਾਗੀ ਕਾਰਵਾਈ ਬਿਨ੍ਹਾਂ ਬੋਲੀ ਕਰਾਏ ਹੀ ਲੱਖਾਂ ਰੁਪਏ ਦੇ ਦਰੱਖਤ ਕੱਟਵਾ ਦਿੱਤੇ। ਜਿਨ੍ਹਾਂ ਵਿੱਚੋਂ ਕੁਝ ਕੱਟੇ ਹੋਏ ਦਰੱਖਤ ਥਾਣਾ ਚੱਬੇਵਾਲ ਦੀ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਏ ਹਨ ।  
ਇਸ ਸਬੰਧੀ ਪਿੰਡ ਚੱਬੇਵਾਲ ਦੇ ਸਰਪੰਚ ਸ਼ਿਵਰੰਜਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਵੱਢੇ ਹੋਏ ਦਰੱਖਤਾਂ ਸਬੰਧੀ ਥਾਣਾ ਚੱਬੇਵਾਲ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਦਰੱਖਤਾਂ ਨੂੰ ਪੰਚਾਇਤ ਨੇ ਨਹੀਂ ਕਟਵਾਇਆ। ਪਰ ਹੁਣ ਵਿਭਾਗੀ ਰਿਕਾਰਡ ਤੋਂ ਪਤਾ ਲੱਗਾ ਹੈ ਕਿ ਜਿਸ ਜ਼ਮੀਨ ਵਿੱਚੋਂ ਦਰੱਖਤ ਕੱਟੇ ਗਏ ਹਨ ਉਹ ਪੰਚਾਇਤ ਨਹੀਂ ਸਗੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬੇਵਾਲ ਦੀ ਹੈ। 
ਇਸ ਸਬੰਧੀ ਸਕੂਲ ਦੀ ਪਿੰ੍ਰਸੀਪਲ ਮੰਜੂ ਬਾਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਕਤ ਕੱਟੇ ਹੋਏ ਦਰੱਖਤ ਸਕੂਲ ਦੀ ਚਾਰਦੀਵਾਰੀ ਦੇ ਬਾਹਰ ਹਨ ਅਤੇ ਬਾਕੀ ਤਹਿਸੀਲ ਤੋਂ ਸਕੂਲ ਦੇ ਰਕਬੇ ਦੀ ਫਰਦ ਕੱਢਵਾ ਕੇ ਹੀ ਪਤਾ ਲੱਗ ਸਕੇਗਾ ਕਿ ਦਰੱਖਤ ਸਕੂਲ ਦੇ ਹਨ ਜਾਂ ਨਹੀਂ। ਇਸ ਸਬੰਧੀ ਥਾਣਾ ਚੱਬੇਵਾਲ ਦੇ ਐੱਸ.ਐੱਚ.ਓ. ਬਲਵਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਰਪੰਚ ਵੱਲੋਂ ਕੁਝ ਦਿਨ ਪਹਿਲਾ ਦਰਖੱਤਾਂ ਦੀ ਚੋਰੀ ਸਬੰਧੀ ਲਿਖਤੀ ਸ਼ਿਕਾਇਤ ਆਈ ਸੀ ਜਿਸ 'ਤੇ ਕਾਰਵਾਈ ਕਰਦਿਆਂ ਥਾਣਾ ਪੁਲਸ ਨੇ ਕੱਟੇ ਹੋਏ ਦਰੱਖਤਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News