ਬੇਕਾਬੂ ਹੋ ਕੇ ਕਾਰ ਦਰਖਤ ਨਾਲ ਟਕਰਾਈ, ਇਕ ਦੀ ਮੌਤ
Monday, Feb 03, 2020 - 05:18 PM (IST)

ਸਮਾਲਸਰ (ਸੁਰਿੰਦਰ ਸੇਖਾ) : ਮੋਗਾ ਕੋਟਕਪੂਰਾ ਜੀ. ਟੀ. ਰੋਡ 'ਤੇ ਕਸਬਾ ਸਮਾਲਸਰ (ਮੋਗਾ) ਦੇ ਕੋਲ ਸਵੇਰੇ ਤਕਰੀਬਨ 9 ਵਜੇ ਦੇ ਕਰੀਬ ਇਕ ਮਰੂਤੀ ਅਚਾਨਕ ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕਰਾਈ, ਜਿਸ ਵਿਚ ਇਕੋ ਪਰਿਵਾਰ ਦੇ ਤਿੰਨ ਜੀਅ ਸਵਾਰ ਸਨ। ਕਾਰ ਚਾਲਕ ਅਜਾਇਬ ਸਿੰਘ (43) ਦੀ ਮੌਤ ਹੋ ਗਈ ਤੇ ਉਸਦੀ ਪਤਨੀ ਗਗਨਦੀਪ ਕੌਰ, ਪੁੱਤਰ ਰਣਦੀਪ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਰਿਵਾਰ ਪਿੰਡ ਮਾਣੂੰਕੇ (ਮੋਗਾ) ਦਾ ਰਹਿਣ ਵਾਲਾ ਸੀ ਜੋ ਕਿਸੇ ਕੰਮ ਲਈ ਮਾਣੂਕੇ ਤੋਂ ਕੋਟਕਪੂਰਾ ਜਾ ਰਿਹਾ ਸੀ। ਹਾਦਸੇ ਵਾਲੀ ਜਗ੍ਹਾ ਕੋਲੋਂ ਲੰਘ ਰਹੇ ਚਸ਼ਮਦੀਦ ਮੁਤਾਬਿਕ ਹਾਦਸਾ ਕਾਫੀ ਭਿਆਨਕ ਸੀ, ਜਿਸ ਕਾਰਨ ਕਾਰ ਚਾਲਕ ਅਜਾਇਬ ਸਿੰਘ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ। ਜ਼ਖਮੀ ਗਗਨਦੀਪ ਕੌਰ ਤੇ ਰਣਦੀਪ ਸਿੰਘ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕੀਤਾ ਗਿਆ ਹੈ, ਦੋਹਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਸਮਾਲਸਰ ਪੁਲਸ ਵਲੋਂ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾ ਦੇ ਹਵਾਲੇ ਕਰ ਦਿੱਤੀ ਗਈ ਹੈ।